ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਰਟ ਵਿਖੇ ਨਾਨਕਸ਼ਾਹੀ ਕੈਲੰਡਰ ਜਾਰੀ
ਪੰਥ ਵਿਰੋਧੀ ਤਾਕਤਾਂ ਇਸ ਕੈਲੰਡਰ ਨੂੰ ਖਤਮ ਕਰਨ ਤੇ ਲੱਗੀਆਂ : ਪਾਲ ਸਿੰਘ ਪੁਰੇਵਾਲ
ਜਰਮਨ: ਗੁਰਦੁਆਰਾ ਸ਼੍ਰੀ ਗੁਰੂ ਨਾਨਕ ਨਿਵਾਸ ਸਟੁਟਗਾਰਟ ਵਿੱਚ ਹਫਤਾਵਾਰੀ ਦੀਵਾਨ ਸਜਾਏ ਗਏ , ਇਸ ਵਕਤ ਗੁਰਬਾਣੀ ਪਾਠ , ਇਲਾਹੀ ਕੀਰਤਨ ਤੋਂ ਇਲਾਵਾ ਹਫਤਾਵਾਰੀ ਦੀਵਾਨ ਵਿੱਚ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਸੁਖਦੇਵ ਸਿੰਘ ਹੋਰਾਂ ਵੱਲੋਂ ਗੁਰਬਾਣੀ ਵਿਚਾਰ ਦੀ ਸਾਂਝ ਸੰਗਤਾਂ ਨਾਲ ਪਾਈ ਗਈ ਜਿਸ ਵਿੱਚ ਬਕਾਇਦਾ ਜ਼ਿਕਰ ਕੀਤਾ ਗਿਆ ਕਿ ਇੱਕ ਵਿਸਾਖ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਤੇ ਵਿਸਾਖੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਉਣ ਤੇ ਬਿਕ੍ਰਮੀ ਕੈਲੰਡਰ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਹੈ ਸਾਡੀ ਕੌਮ ਦੀ ਸਾਡੇ ਕੈਲੰਡਰ ਨਾਲ ਹੀ ਹੋਂਦ ਬਣਦੀ ਹੈ।
ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਸਾਰੇ ਦਿਹਾੜੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਹੀ ਮਨਾਏ ਜਾਂਦੇ ਹਨ, ਅਤੇ ਇਹ ਕੈਲੰਡਰ ਸਰਦਾਰ ਪਾਲ ਸਿੰਘ ਪੁਰੇਵਾਲ ਹੋਰਾਂ ਵੱਲੋਂ 2003 ਦੇ ਵਿੱਚ ਬੜੀ ਲਗਣ ਮਿਹਨਤ ਮੁਸ਼ੱਕਤ ਦੇ ਨਾਲ ਤਿਆਰ ਕੀਤਾ ਗਿਆ ਸੀ, ਪਰ ਕੁਝ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਇਸ ਕੈਲੰਡਰ ਨੂੰ ਸੋਧਾਂ ਦੇ ਨਾਮ ਦੇ ਉੱਤੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਸਿੱਖਾਂ ਦੀ ਅੱਡਰੀ ਪਹਿਚਾਣ ਦਾ ਪ੍ਰਤੀਕ ਇਹ ਕੈਲੰਡਰ ਕਦੀ ਵੀ ਖਤਮ ਨਹੀਂ ਹੋ ਸਕਦਾ, ਅੱਜ ਉਹ ਵਿਅਕਤੀ ਸਮੁੱਚੀ ਕੌਮ ਵਿੱਚ ਨਸ਼ਰ ਹੋ ਚੁੱਕੇ ਹਨ ਜਿਨਾਂ ਨੇ ਇਸ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ, ਅਖੀਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਅਵਤਾਰ ਸਿੰਘ , ਪ੍ਰਧਾਨ ਭਾਈ ਉਂਕਾਰ ਸਿੰਘ, ਭਾਈ ਤਿਰਲੋਕ ਸਿੰਘ, ਭਾਈ ਸੁਖਦੇਵ ਸਿੰਘ ਨੇ ਇਹ ਕੈਲੰਡਰ ਸਾਰੀਆਂ ਸੰਗਤਾਂ ਦੇ ਵਿੱਚ ਵੰਡਿਆ ਅਤੇ ਵਰਲਡ ਸਿੱਖ ਪਾਲੀਮੈਂਟ ਦਾ ਕੈਲੰਡਰ ਤਿਆਰ ਕਰਨ ਤੇ ਬਹੁਤ ਧੰਨਵਾਦ ਕੀਤਾ ਗਿਆ ।