Amritsar News : ਡਾ. ਗੁਰਤੇਜ ਸੰਧੂ ਅਮਰੀਕਾ ’ਚ ਵੱਡੇ ਖੋਜੀ ਵਜੋਂ ਉਭਰੇ
Amritsar News : ਹਾਸਲ ਕੀਤਾ ਵਿਸ਼ਵ ਦਾ 7ਵਾਂ ਰੈਂਕ, ਮਹਾਨ ਖੋਜੀ ਥਾਮਸ ਐਡੀਸਨ ਨੂੰ ਵੀ ਪਛਾੜਿਆ
Dr. Gurtej Sandhu Emerged as a Big Explorer in America Latest News in Punjabi ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਡਾ. ਗੁਰਤੇਜ ਸੰਧੂ ਨੇ ਵਿਸ਼ਵ ਪੱਧਰ ’ਤੇ ਤਕਨੀਕੀ ਜਗਤ ’ਚ ਅਪਣਾ ਨਾਂ ਸੁਨਹਿਰੀ ਅੱਖਰਾਂ ਨਾਲ ਲਿਖਵਾ ਲਿਆ ਹੈ। ਉਨ੍ਹਾਂ 1,382 ਅਮਰੀਕੀ ਪੇਟੈਂਟਸ ਨਾਲ ਉਹ ਵਿਸ਼ਵ ਦੇ 7ਵੇਂ ਸੱਭ ਤੋਂ ਵੱਡੇ ਖੋਜੀ ਵਜੋਂ ਉਭਰੇ ਹਨ, ਜਿਸ ਨੇ ਮਹਾਨ ਖੋਜੀ ਥਾਮਸ ਐਡੀਸਨ ਨੂੰ ਵੀ ਪਛਾੜ ਦਿੱਤਾ।
ਇਹ ਪ੍ਰਾਪਤੀ ਨਾ ਸਿਰਫ਼ ਜੀ.ਐਨ.ਡੀ.ਯੂ. ਲਈ ਸਗੋਂ ਪੂਰੇ ਭਾਰਤ ਲਈ ਮਾਣ ਵਾਲੀ ਗੱਲ ਹੈ। ਮਾਈਕਰੋਨ ਟੈਕਨਾਲੋਜੀ ’ਚ ਸੀਨੀਅਰ ਫੈਲੋ ਤੇ ਵਾਈਸ ਪ੍ਰੈਜ਼ੀਡੈਂਟ ਵਜੋਂ ਕਾਰਜਸ਼ੀਲ ਡਾ. ਸੰਧੂ ਨੇ ਸੈਮੀਕੰਡਕਟਰ ਤਕਨੀਕ ’ਚ ਕ੍ਰਾਂਤੀਕਾਰੀ ਯੋਗਦਾਨ ਪਾਇਆ ਹੈ। ਉਨ੍ਹਾਂ ਦੀਆਂ ਖੋਜਾਂ, ਜਿਵੇਂ ਕਿ ਐਟੋਮਿਕ ਲੇਅਰ ਡਿਪੋਜ਼ੀਸ਼ਨ, ਆਕਸੀਜਨ-ਮੁਕਤ ਟਾਈਟੇਨੀਅਮ ਕੋਟਿੰਗ ਤੇ ਪਿੱਚ-ਡਬਲਿੰਗ ਤਕਨੀਕਾਂ ਨੇ ਮੂਰਜ਼ ਲਾਅ ਨੂੰ ਜਾਰੀ ਰੱਖਣ ’ਚ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਨਵੀਨਤਾਵਾਂ ਨੇ ਸਮਾਰਟਫ਼ੋਨ, ਕੈਮਰੇ ਤੇ ਕਲਾਊਡ ਸਟੋਰੇਜ ਵਰਗੇ ਆਧੁਨਕ ਉਪਕਰਣਾਂ ਨੂੰ ਛੋਟਾ, ਤੇਜ਼ ਤੇ ਵਧੇਰੇ ਕੁਸ਼ਲ ਬਣਾਇਆ, ਜਿਸ ਨੇ ਅਰਬਾਂ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਤ ਕੀਤਾ।
ਡਾ. ਸੰਧੂ ਦੀ ਯਾਤਰਾ ਜੀ.ਐਨ.ਡੀ.ਯੂ. ਤੋਂ ਸ਼ੁਰੂ ਹੋਈ, ਜਿੱਥੇ ਉਨ੍ਹਾਂ ਨੇ 1980 ਦੇ ਆਸ-ਪਾਸ ਫਿਜ਼ਿਕਸ ’ਚ ਐਮ.ਐਸ.ਸੀ. ਆਨਰਜ਼ ਕੀਤੀ। ਉਹ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ ਸੰਸਥਾਪਕ ਮੁਖੀ ਪ੍ਰੋ. ਐਸ.ਐਸ. ਸੰਧੂ ਦੇ ਸਪੁੱਤਰ ਹਨ। ਅੰਮ੍ਰਿਤਸਰ ’ਚ ਉਨ੍ਹਾਂ ਦੀ ਸਿਖਿਆ ਨੇ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਦੀ ਨੀਂਹ ਰੱਖੀ। ਬਾਅਦ ’ਚ ਉਨ੍ਹਾਂ ਨੇ ਆਈ.ਆਈ.ਟੀ. ਦਿੱਲੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ’ਚ ਬੀ.ਟੈਕ ਤੇ ਯੂਨੀਵਰਸਿਟੀ ਆਫ਼ ਨਾਰਥ ਕੈਰੋਲੀਨਾ, ਚੈਪਲ ਹਿੱਲ ਤੋਂ ਫਿਜ਼ਿਕਸ ’ਚ ਪੀ.ਐਚ.ਡੀ. ਹਾਸਲ ਕੀਤੀ।
ਜੀ.ਐਨ.ਡੀ.ਯੂ. ਦੇ ਵਾਈਸ-ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਨੇ ਡਾ. ਸੰਧੂ ਦੀਆਂ ਪ੍ਰਾਪਤੀਆਂ ਨੂੰ ਯੂਨੀਵਰਸਿਟੀ ਤੇ ਭਾਰਤ ਲਈ ਅਣਮੁੱਲਾ ਮਾਣ ਦਸਿਆ। ਉਨ੍ਹਾਂ ਕਿਹਾ ਕਿ ਡਾ. ਸੰਧੂ ਦੀ ਸਾਡੇ ਕੈਂਪਸ ਤੋਂ ਵਿਸ਼ਵ ਪੱਧਰ ਤਕ ਦੀ ਯਾਤਰਾ ਸਮਰਪਣ ਤੇ ਬੌਧਿਕ ਜਿਗਿਆਸਾ ਦੀ ਮਿਸਾਲ ਹੈ। ਉਹ ਸਾਡੇ ਵਿਦਿਆਰਥੀਆਂ ਅਤੇ ਫ਼ੈਕਲਟੀ ਲਈ ਪ੍ਰੇਰਣਾ ਸਰੋਤ ਹਨ। ਡੀਨ ਅਕਾਦਮਿਕ ਅਫ਼ੇਅਰਜ਼ ਡਾ. ਪਲਵਿੰਦਰ ਸਿੰਘ ਤੇ ਰਜਿਸਟਰਾਰ ਡਾ. ਕੇ.ਐਸ. ਚਾਹਲ ਨੇ ਵੀ ਡਾ. ਸੰਧੂ ਨੂੰ ‘ਸ਼੍ਰੇਸ਼ਠਤਾ ਦਾ ਪ੍ਰਤੀਕ ਤੇ ਖੋਜੀਆਂ ਲਈ ਰੋਲ ਮਾਡਲ’ ਦਸਿਆ। 58 ਸਾਲ ਦੀ ਉਮਰ ’ਚ ਡਾ. ਗੁਰਤੇਜ ਸੰਧੂ ਮਾਈਕਰੋਨ ਟੈਕਨਾਲੋਜੀ ’ਚ ਡਿਜੀਟਲ ਕ੍ਰਾਂਤੀ ਨੂੰ ਅੱਗੇ ਵਧਾ ਰਹੇ ਹਨ। ਜੀ.ਐਨ.ਡੀ.ਯੂ. ਤੇ ਅੰਮ੍ਰਿਤਸਰ ਲਈ ਉਹ ਇੱਕ ਚਮਕਦਾ ਅਧਿਆਏ ਹਨ, ਜੋ ਯੂਨੀਵਰਸਿਟੀ ਦੀ ਨਵੀਨਤਾ ਤੇ ਸ਼੍ਰੇਸ਼ਠਤਾ ਦੀ ਪਰੰਪਰਾ ਨੂੰ ਮਜ਼ਬੂਤ ਕਰਦੇ ਹਨ।
(For more news apart from Dr. Gurtej Sandhu Emerged as a Big Explorer in America Latest News in Punjabi stay tuned to Rozana Spokesman.)