ਫ਼ਤਹਿਗੜ੍ਹ ਸਾਹਿਬ ਦੇ ਨੌਜਵਾਨ ਦੀ ਕੈਨੇਡਾ ਵਿਚ ਮੌਤ, 6 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
ਹਨਦੀਪ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਪਰਿਵਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ
ਫਤਹਿਗੜ੍ਹ ਸਾਹਿਬ - ਆਏ ਦਿਨ ਵਿਦੇਸ਼ ਵਿਚ ਕਿਸੇ ਨਾ ਕਿਸੇ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਫਤਹਿਗੜ੍ਹ ਸਾਹਿਬ ਦੇ ਪਿੰਡ ਖਰੌੜੀ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ 32 ਸਾਲਾ ਹਨਦੀਪ ਸਿੰਘ ਹਨੀ ਵਾਸੀ ਪਿੰਡ ਖਰੌੜੀ ਵਜੋਂ ਹੋਈ ਹੈ। ਹਨੀ ਦੀ ਮੌਤ ਦੀ ਸੂਚਨਾ ਮਿਲਦੇ ਹੀ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ।
ਮ੍ਰਿਤਕ ਦੇ ਪਿਤਾ ਹਰਬਿੰਦਰ ਸਿੰਘ ਨੇ ਦੱਸਿਆ ਕਿ ਹਨਦੀਪ ਸਿੰਘ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਜਿਸ ਤੋਂ ਬਾਅਦ ਹਨਦੀਪ ਦੀ ਪਤਨੀ ਕੈਨੇਡਾ ਚਲੀ ਗਈ ਸੀ। ਅਜੇ 6 ਮਹੀਨੇ ਪਹਿਲਾਂ ਹੀ ਹਨਦੀਪ ਵਰਕ ਪਰਮਿਟ 'ਤੇ ਪਤਨੀ ਨਾਲ ਕੈਨੇਡਾ ਗਿਆ ਸੀ। ਦੋਵੇਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾ ਰਹੇ ਸਨ। ਰੋਜ਼ ਬੇਟੇ ਤੇ ਨੂੰਹ ਨਾਲ ਗੱਲਾਂ ਕਰਦੇ ਸਨ। ਇਸੇ ਦੌਰਾਨ ਅਚਾਨਕ ਕੈਨੇਡਾ ਤੋਂ ਫੋਨ ਆਇਆ ਕਿ ਹਨੀ ਨੂੰ ਦਿਲ ਦਾ ਦੌਰਾ ਪਿਆ ਹੈ। ਜਿਸ ਕਾਰਨ ਉਸ ਦੀ ਮੌਤ ਹੋ ਗਈ।
ਹਨਦੀਪ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਪਰਿਵਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ। ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ। 8 ਸਤੰਬਰ ਤੱਕ ਮ੍ਰਿਤਕ ਦੇਹ ਪਿੰਡ ਖਰੌੜੀ ਆ ਸਕਦੀ ਹੈ। ਹਨਦੀਪ ਦਾ ਸਸਕਾਰ ਪਿੰਡ ਵਿਚ ਹੀ ਕੀਤਾ ਜਾਵੇਗਾ। ਫ਼ਤਹਿਗੜ੍ਹ ਸਾਹਿਬ ਦੇ ਹਨਦੀਪ ਸਿੰਘ ਦੀ ਕੈਨੇਡਾ ਵਿਚ ਮੌਤ ਹੋਣ ’ਤੇ ਸੰਸਦ ਮੈਂਬਰ ਡਾ: ਅਮਰ ਸਿੰਘ ਅਤੇ ਖੇਤਰੀ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੋਵੇਂ ਲੋਕ ਨੁਮਾਇੰਦਿਆਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਹਨਦੀਪ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਹਰ ਤਰ੍ਹਾਂ ਦੀ ਮਦਦ ਕਰਨਗੇ।