ਸਿੰਗਾਪੁਰ ਨੂੰ ਮਿਲਿਆ ਭਾਰਤੀ ਮੂਲ ਦਾ ਰਾਸ਼ਟਰਪਤੀ, ਥਰਮਨ ਸ਼ਨਮੁਗਾਰਤਨਮ ਨੇ 70.4 ਫ਼ੀਸਦੀ ਵੋਟਾਂ ਨਾਲ ਜਿੱਤੀ ਚੋਣ
ਸ਼ਨਮੁਗਾਰਤਨਮ ਸਿੰਗਾਪੁਰ ਦੇ 9ਵੇਂ ਰਾਸ਼ਟਰਪਤੀ ਬਣਨਗੇ
ਸਿੰਗਾਪੁਰ : ਸਿੰਗਾਪੁਰ ਨੂੰ ਫਿਰ ਤੋਂ ਭਾਰਤੀ ਮੂਲ ਦਾ ਰਾਸ਼ਟਰਪਤੀ ਮਿਲਿਆ ਹੈ। ਭਾਰਤੀ ਮੂਲ ਦੇ ਸਾਬਕਾ ਮੰਤਰੀ ਥਰਮਨ ਸ਼ਨਮੁਗਾਰਤਨਮ ਨੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਸ਼ਨਮੁਗਾਰਤਨਮ ਸਿੰਗਾਪੁਰ ਦੇ 9ਵੇਂ ਰਾਸ਼ਟਰਪਤੀ ਬਣਨਗੇ। ਉਨ੍ਹਾਂ 70.4 ਫ਼ੀਸਦੀ ਵੋਟਾਂ ਨਾਲ ਵੱਡੀ ਜਿੱਤ ਦਰਜ ਕੀਤੀ। ਉਨ੍ਹਾਂ ਦੇ ਵਿਰੋਧੀ ਸਿੰਗਾਪੁਰ ਸਰਕਾਰੀ ਨਿਵੇਸ਼ ਕਾਰਪੋਰੇਸ਼ਨ ਦੇ ਸਾਬਕਾ ਮੁੱਖ ਨਿਵੇਸ਼ ਅਧਿਕਾਰੀ ਐਨਜੀ ਕੋਕ ਸੌਂਗ ਨੂੰ 15.72 ਫ਼ੀਸਦੀ ਅਤੇ ਸਰਕਾਰੀ ਮਾਲਕੀ ਵਾਲੇ ਬੀਮਾ ਸਮੂਹ NTUC ਇਨਕਮ ਦੇ ਸਾਬਕਾ ਮੁਖੀ ਟੈਨ ਕਿਨ ਲਿਆਨ ਨੂੰ 13.88 ਫ਼ੀਸਦੀ ਵੋਟਾਂ ਮਿਲੀਆਂ।
ਸਿੰਗਾਪੁਰ 'ਚ 2011 ਤੋਂ ਬਾਅਦ ਪਹਿਲੀ ਵਾਰ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਸ਼ੁੱਕਰਵਾਰ ਨੂੰ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਥਰਮਨ ਸ਼ਨਮੁਗਾਰਤਨਮ ਮੌਜੂਦਾ ਰਾਸ਼ਟਰਪਤੀ ਹਲੀਮਾ ਯਾਕੂਬ ਦੀ ਥਾਂ ਲੈਣਗੇ। ਹਲੀਮਾ ਦੇ ਪਿਤਾ ਭਾਰਤੀ ਮੂਲ ਦੇ ਸਨ ਅਤੇ ਮਾਂ ਮਲੇਈ ਮੂਲ ਦੀ ਸੀ।
ਸਿੰਗਾਪੁਰ 'ਚ ਰਾਸ਼ਟਰਪਤੀ ਦਾ ਅਹੁਦਾ ਜ਼ਿਆਦਾ ਰਸਮੀ ਹੁੰਦਾ ਹੈ। ਉਸ ਕੋਲ ਆਮ ਲੋਕਾਂ ਲਈ ਕੰਮ ਕਰਨ ਦੀ ਬਹੁਤੀ ਤਾਕਤ ਨਹੀਂ ਹੈ।
ਭਾਰਤੀ ਮੂਲ ਦੇ 66 ਸਾਲਾ ਅਰਥ ਸ਼ਾਸਤਰੀ ਸ਼ਨਮੁਗਾਰਤਨਮ ਨੇ ਪਿਛਲੇ ਮਹੀਨੇ ਦੇਸ਼ ਦੀ ਸੰਸਕ੍ਰਿਤੀ ਨੂੰ ਦੁਨੀਆ ਵਿਚ ਰੌਸ਼ਨ ਕਰਨ ਦੇ ਸੰਕਲਪ ਨਾਲ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਸੀ। 2001 'ਚ ਰਾਜਨੀਤੀ ਵਿਚ ਪ੍ਰਵੇਸ਼ ਕਰਨ ਵਾਲੇ ਸ਼ਨਮੁਗਾਰਤਨਮ ਨੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਸੱਤਾਧਾਰੀ ਪੀਪਲਜ਼ ਐਕਸ਼ਨ ਪਾਰਟੀ (ਪੀਏਪੀ) ਦੇ ਨਾਲ ਜਨਤਕ ਖੇਤਰ ਵਿਚ ਅਤੇ ਮੰਤਰੀ ਅਹੁਦਿਆਂ 'ਤੇ ਵੀ ਕੰਮ ਕੀਤਾ ਹੈ। ਉਨ੍ਹਾਂ 2011-2019 ਦਰਮਿਆਨ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ।
ਸਾਬਕਾ ਰਾਸ਼ਟਰਪਤੀ ਹਲੀਮਾ ਯਾਕੂਬ ਦਾ 6 ਸਾਲ ਦਾ ਕਾਰਜਕਾਲ 13 ਸਤੰਬਰ ਨੂੰ ਖ਼ਤਮ ਹੋ ਰਿਹਾ ਹੈ। ਉਹ ਦੇਸ਼ ਦੀ 8ਵੀਂ ਰਾਸ਼ਟਰਪਤੀ ਅਤੇ ਇਸ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ ਮਹਿਲਾ ਹੈ। ਸਿੰਗਾਪੁਰ ਵਿਚ 2017 ਦੀਆਂ ਰਾਸ਼ਟਰਪਤੀ ਚੋਣਾਂ 'ਚ ਸਿਰਫ਼ ਮਲੇਈ ਭਾਈਚਾਰੇ ਦੇ ਮੈਂਬਰਾਂ ਨੂੰ ਹੀ ਚੋਣ ਲੜਨ ਦੀ ਇਜਾਜ਼ਤ ਸੀ। ਉਸ ਸਮੇਂ ਦੌਰਾਨ ਹਲੀਮਾ ਨੂੰ ਰਾਸ਼ਟਰਪਤੀ ਵਜੋਂ ਨਾਮਜ਼ਦ ਕੀਤਾ ਗਿਆ ਸੀ ਕਿਉਂਕਿ ਕੋਈ ਹੋਰ ਉਮੀਦਵਾਰ ਨਹੀਂ ਸੀ। ਸਿੰਗਾਪੁਰ ਵਿਚ 2011 ਤੋਂ ਬਾਅਦ ਇਹ ਪਹਿਲੀ ਰਾਸ਼ਟਰਪਤੀ ਚੋਣ ਹੈ।