ਮਿਸਾਲ: E-level ਦਾ ਲਾਇਸੈਂਸ ਲੈਣ ਮਗਰੋਂ ਪੰਜਾਬ ਦੀ ਧੀ ਇਟਲੀ 'ਚ ਬੱਸ-ਡਰਾਇਵਰ
ਹਰਮਨਦੀਪ ਕੌਰ ਕਰੀਬ 6 ਸਾਲ ਪਹਿਲਾਂ ਪੰਜਾਬ ਤੋਂ ਇਟਲੀ ਆਈ ਸੀ।
ਰੋਮ - ਕਹਿੰਦੇ ਨੇ ਪੰਜਾਬੀ ਜਿੱਥੇ ਵੀ ਜਾਂਦੇ ਨੇ ਅਪਣਾ ਤੇ ਅਪਣੇ ਪੰਜਾਬ ਦਾ ਨਾਂ ਰੌਸ਼ਨ ਕਰ ਦਿੰਦੇ ਹਨ ਤੇ ਅਜਿਹੀ ਹੀ ਇਕ ਮਿਸਾਲ ਪੰਜਾਬ ਦੀ ਧੀ ਹਰਮਨਦੀਪ ਨੇ ਪੈਂਦਾ ਕੀਤੀ ਹੈ। ਇਟਲੀ ਵਿਚ ਪੰਜਾਬ ਦੀ ਧੀ ਹਰਮਨਦੀਪ ਕੌਰ ਨੇ ਆਪਣੇ ਦ੍ਰਿੜ ਇਰਾਦੇ ਅਤੇ ਅਣਥੱਕ ਮਿਹਨਤ ਸਦਕਾ ਸਿਰਫ਼ 6 ਸਾਲ ਵਿਚ ਉਹ ਕਰ ਦਿਖਾਇਆ, ਜਿਸ ਨੂੰ ਪਿਛਲੇ 30-30 ਸਾਲਾਂ ਤੋਂ ਇਟਲੀ ਰਹਿੰਦੇ ਵਿਅਕਤੀ ਨਹੀਂ ਕਰ ਸਕੇ। ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਕਸਬਾ ਕਸਤੀਲਿੳਨੇ ਦੀ ਰਹਿਣ ਵਾਲੀ ਪੰਜਾਬਣ ਹਰਮਨਦੀਪ ਕੌਰ ਕਰੀਬ 6 ਸਾਲ ਪਹਿਲਾਂ ਪੰਜਾਬ ਤੋਂ ਇਟਲੀ ਆਈ ਸੀ।
Harmandeep Kaur
ਬਚਪਨ ਤੋਂ ਹੀ ਪੜ੍ਹਾਈ ਵਿਚ ਚੁਸਤ ਤੇ ਫੁਰਤੀਲੀ ਹਰਮਨਦੀਪ ਨੇ ਇਟਲੀ ਆ ਕੇ ਸਭ ਤੋਂ ਪਹਿਲਾਂ ਇਟਾਲੀਅਨ ਭਾਸ਼ਾ ਵਿਚ ਪਕੜ ਬਣਾਈ ਅਤੇ ਬੱਸ ਦਾ ਲਾਇਸੈਂਸ ਪ੍ਰਾਪਤ ਕਰ ਲਿਆ। 28 ਸਾਲਾ ਹਰਮਨਦੀਪ ਕੌਰ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਪਿੰਡ ਰੰਗੀਆਂ ਦੀ ਰਹਿਣ ਵਾਲੀ ਹੈ। ਪੰਜਾਬ ਵਿਚ ਐਮ.ਐਸ. ਸੀ ਵਿਚ ਪੋਸਟ ਗ੍ਰੈਜੂਏਸ਼ਨ ਕਰ ਚੁੱਕੀ ਹਰਮਨਦੀਪ ਕੌਰ ਨੇ ਇਟਲੀ ਆ ਕੇ ਵੀ ਪੜ੍ਹਾਈ ਜਾਰੀ ਰੱਖੀ ਅਤੇ ਨੌਕਰੀ ਦੇ ਕਿੱਤੇ ਵੱਜੋਂ ਬੱਸ ਡਰਾਈਵਿੰਗ ਨੂੰ ਚੁਣਿਆ, ਜਿਸ ਲਈ ਉਸ ਨੇ ਬੀ.ਸੀ.ਡੀ.ਈ. (ਚੀ.ਕਿਯੂ. ਚੀ. ਮੈਰਚੀ, ਅਤੇ ਚੀ.ਕਿਯੂ. ਚੀ. ਪਰਸਿਓਨੇ) ਵਰਗੇ ਲਾਇਸੈਂਸ ਦੇ ਟੈਸਟ ਪਾਸ ਕੀਤੇ, ਜਿਸ ਤੋਂ ਬਾਅਦ ਉਹ ਹੁਣ ਬਰੇਸ਼ੀਆ ਵਿਖੇ 'ਅਰੀਵਾ ਗਰੁੱਪ' 'ਚ ਪਿਛਲੇ 2 ਮਹੀਨਿਆਂ ਤੋਂ ਬਤੌਰ ਬੱਸ ਡਰਾਈਵਰ ਦੀ ਸੇਵਾ ਨਿਭਾ ਰਹੀ ਹੈ।
Italy
ਹਰਮਨਦੀਪ ਕੌਰ ਦਾ ਕਹਿਣਾ ਹੈ ਕਿ ਮਿਹਨਤ ਕਰਨ ਨਾਲ ਹਰ ਮੰਜ਼ਿਲ ਨੂੰ ਪਾਇਆ ਜਾ ਸਕਦਾ, ਬੱਸ ਇਸ ਲਈ ਦ੍ਰਿੜ ਇਰਾਦਿਆਂ ਦੀ ਲੋੜ ਹੁੰਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਹਰਮਨਦੀਪ ਕੌਰ ਦੇ ਪਤੀ ਜਸਪ੍ਰੀਤ ਸਿੰਘ ਜੋ ਕਿ ਪਿਛਲੇ 8 ਸਾਲਾਂ ਤੋਂ ਇਟਲੀ ਵਿਚ ਰਹਿ ਰਹੇ ਹਨ, ਉਹ ਪ੍ਰਾਈਵੇਟ ਤੌਰ 'ਤੇ ਆਪਣੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੱਖ-ਵੱਖ ਲਾਇਸੈਂਸ ਦੀ ਪੜ੍ਹਾਈ ਨੂੰ ਇਟਾਲੀਅਨ ਭਾਸ਼ਾ ਤੋਂ ਪੰਜਾਬੀ ਭਾਸ਼ਾ 'ਚ ਅਨੁਵਾਦ ਕਰਕੇ ਪੜ੍ਹਾਉਂਦੇ ਹਨ। ਹਰਮਨਦੀਪ ਕੌਰ ਇਟਲੀ ਦੀ ਉਹ ਪੰਜਾਬਣ ਹੈ
ਜੋ ਅੱਜ ਇਟਲੀ ਵਿਚ ਜਿਸ ਉਚਾਈ 'ਤੇ ਪਹੁੰਚ ਗਈ ਹੈ ਉਸ 'ਤੇ ਪਹੁੰਚਣਾ ਇਟਲੀ ਦੇ ਬਹੁਤੇ ਭਾਰਤੀ ਲੋਕਾਂ ਲਈ ਸੁਫ਼ਨੇ ਦੇ ਬਰਾਬਰ ਹੀ ਹੈ, ਕਿਉਂਕਿ ਬਗਾਨੇ ਮੁਲਕ ਅਤੇ ਬਗਾਨੀ ਬੋਲੀ ਵਿਚ ਉਹੀ ਇਨਸਾਨ ਢਲ ਕੇ ਕਾਮਯਾਬੀ ਹਾਸਲ ਕਰ ਸਕਦਾ ਜਿਹੜਾ ਕਿ ਪੰਜਾਬ ਤੋਂ ਆਉਣ ਸਮੇਂ ਆਪਣੇ ਨਾਲ ਇਹ ਵਾਅਦਾ ਕਰਕੇ ਆਇਆ ਹੋਵੇ ਕਿ ਕੁਝ ਵੀ ਹੋ ਜਾਵੇ ਪਰ ਆਪਣੀ ਮੰਜ਼ਿਲ ਨੂੰ ਅਪਣੀ ਮਿਹਨਤ ਨਾਲ ਹੀ ਪਾਉਣਾ ਹੈ।