ਪਤੀ ਦੀ ਮੌਤ ਤੋਂ ਬਾਅਦ ਨਹੀਂ ਮੰਨੀ ਹਾਰ, ਇਟਲੀ 'ਚ ਬੱਸ ਡਰਾਈਵਰ ਬਣੀ ਪੰਜਾਬ ਦੀ ਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਜਲੰਧਰ ਨਾਲ ਸਬੰਧਿਤ ਹੈ ਹਰਪ੍ਰੀਤ ਕੌਰ

Punjabi girl becomes bus driver in Italy Jalandhar News

ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ, ਰਵੀ ਭਗਤ) : ਪੁਰਾਤਨ ਸਮਿਆਂ ’ਚ ਜਿੱਥੇ ਔਰਤ ਨੂੰ ਘਰ ਦੀ ਚਾਰਦੀਵਾਰੀ ਤਕ ਸੀਮਤ ਰਖਿਆ ਜਾਂਦਾ ਸੀ ਪਰ ਹੁਣ ਸੋਚਾਂ ਬਦਲ ਗਈਆਂ ਹਨ। ਅਜੌਕੇ ਸਮੇਂ ਦੀ ਭਾਰਤੀ ਔਰਤਾਂ ਦੇਸ਼ ਤੇ ਵਿਦੇਸ਼ਾਂ ਵਿਚ ਅਪਣੀ ਕਾਬਲੀਅਤ ਸਾਬਿਤ ਕਰ ਰਹੀਆਂ ਹਨ। ਜਿਸ ਦੀ ਤਾਜ਼ਾ ਮਿਸਾਲ ਪੰਜਾਬ ਦੀ ਹਰਪ੍ਰੀਤ ਕੌਰ ਤੋਂ ਮਿਲਦੀ ਹੈ, ਜਿਸ ਨੇ ਇਟਲੀ ਪੁੱਜਣ ਮਗਰੋਂ ਸੰਕਟ ਪੈਣ ’ਤੇ ਹਾਰ ਨਹੀਂ ਮੰਨੀ ਸਗੋਂ ਬੱਸ ਡਰਾਈਵਰ ਬਣ ਕੇ ਮਿਹਨਤ ਦੀ ਨਵੀਂ ਮਿਸਾਲ ਕਾਇਮ ਕੀਤੀ। ਇਟਲੀ ਦੀ ਤਰੀਨੋ ਸਿਟੀ ਤੋਂ ਕੂਨੀਓ ਸ਼ਹਿਰ ਵਿਚ ਬੱਸ ਚਲਾ ਰਹੀ ਹਰਪ੍ਰੀਤ ਕੌਰ ਨੇ ਦਸਿਆ ਕਿ ਉਸ ਦਾ ਜਨਮ ਜਲੰਧਰ ਦੇ ਮਾਡਲ ਹਾਊਸ ਵਿਚ ਪਿਤਾ ਜਸਬੀਰ ਸਿੰਘ ਦੇ ਘਰ ਮਾਤਾ ਮਨਜੀਤ ਕੌਰ ਦੀ ਕੁੱਖੋਂ ਹੋਇਆ ਸੀ ਤੇ 2015 ਵਿਚ ਉਹ ਇਟਲੀ ਵਿਚ ਆਈ ਸੀ।

ਉਸ ਦਾ ਵਿਆਹ ਕਪੂਰਥਲਾ ਦੇ ਨਿਵਾਸੀ ਲਖਵਿੰਦਰ ਸਿੰਘ ਨਾਲ ਹੋਇਆ ਤੇ ਫਿਰ ਦੋ ਪੁੱਤਰਾਂ ਦਾ ਜਨਮ ਹੋਇਆ ਪਰ ਬਾਅਦ ਵਿਚ ਪਤੀ ਦੀ ਮੌਤ ਹੋ ਗਈ। ਪਤੀ ਦੀ ਮੌਤ ਮਗਰੋਂ ਉਸ ਦੇ ਅੱਗੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦਾ ਸੰਕਟ ਪੈਦਾ ਹੋ ਗਿਆ ਸੀ, ਇਸ ਲਈ ਪਹਿਲਾਂ ਉਸ ਨੇ ਰੈਸਟੋਰੈਂਟਾਂ ਵਿਚ ਕੰਮ ਕੀਤਾ ਪਰ ਫਿਰ ਉਸ ਨੇ ਕੁਝ ਅਲੱਗ ਕਰਨ ਦਾ ਮਨ ਬਣਾ ਲਿਆ।

ਉਸ ਨੇ ਬੱਸ ਚਲਾਉਣ ਲਈ ਲਾਇਸੰਸ ਪ੍ਰਾਪਤ ਕੀਤਾ ਤੇ ਫਿਰ ਬੱਸ ਚਲਾਉਣ ਲਈ ਨੌਕਰੀ ਕਰ ਲਈ। ਹੁਣ ਉਹ ਤਰੀਨੋ ਪ੍ਰੋਵਿੰਸ ਪੂਨਿਓ ਸ਼ਹਿਰ ਨੂੰ ਬੱਸ ਚਲਾ ਰਹੀ ਹੈ। ਹਰਪ੍ਰੀਤ ਨੇ ਦਸਿਆ ਕਿ ਇਟਲੀ ਵਿਚ ਔਰਤਾਂ ਵਲੋਂ ਬੱਸ ਚਲਾਉਣ ਦੀ ਦਰ ਨਾ-ਮਾਤਰ ਹੈ ਜਦਕਿ ਉਹ ਰੋਜ਼ਾਨਾਂ ਬੱਸ ਚਲਾ ਰਹੀ ਹੈ ਤੇ ਚੌਖੀ ਕਮਾਈ ਕਰ ਰਹੀ ਹੈ।

ਉਸ ਨੇ ਕਿਹਾ ਕਿ ਇਹ ਕਾਰਜ ਕਰ ਕੇ ਉਸ ਨੂੰ ਫ਼ਖ਼ਰ ਮਹਿਸੂਸ ਹੋ ਰਿਹਾ ਹੈ ਅਤੇ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਰਹਿ ਕੇ ਹਰ ਖੇਤਰ ਵਿਚ ਖ਼ੁਦ ਨੂੰ ਅਜ਼ਮਾਉਣਾ ਚਾਹੀਦਾ ਹੈ। ਉਸ ਨੇ ਅੱਗੇ ਦਸਿਆ ਕਿ ਬੱਸ ਡਰਾਈਵਰੀ ਜ਼ਰੀਏ ਕੀਤੀ ਕਮਾਈ ਨਾਲ ਅਪਣੇ ਪੁੱਤਰ ਨਰਿੰਦਰਪਾਲ ਨੂੰ ਇੰਜੀਨੀਅਰ ਅਤੇ ਮਨਵਿੰਦਰਪਾਲ ਨੂੰ ਡਾਕਟਰ ਬਣਾਉਣਾ ਚਾਹੁੰਦੀ ਹੈ।