ਬਾਈਡੇਨ ਨੇ 2 ਭਾਰਤੀ-ਅਮਰੀਕੀਆਂ ਨੂੰ ਅਹਿਮ ਅਹੁਦਿਆਂ ਲਈ ਕੀਤਾ ਨਾਮਜ਼ਦ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਵਕੀਲ ਕਲਪਨਾ ਕੋਟਾਗਲ ਨੂੰ ਬਰਾਬਰ ਰੁਜ਼ਗਾਰ ਮੌਕਾ ਕਮਿਸ਼ਨ ਅਤੇ ਵਿਨੈ ਸਿੰਘ ਨੂੰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੀ ਸੌਂਪੀ ਕਮਾਨ

Kalpana Kotagal

 

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤੀ ਮੂਲ ਦੀ ਨਾਗਰਿਕ ਅਧਿਕਾਰ ਵਕੀਲ ਕਲਪਨਾ ਕੋਟਾਗਲ ਅਤੇ ਪ੍ਰਮਾਣਿਤ ਜਨਤਕ ਲੇਖਾਕਾਰ ਵਿਨੈ ਸਿੰਘ ਨੂੰ ਆਪਣੇ ਪ੍ਰਸ਼ਾਸਨ ਵਿਚ ਅਹਿਮ ਅਹੁਦਿਆਂ ਲਈ ਨਾਮਜ਼ਦ ਕਰਨ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਕੋਟਾਗਲ ਨੂੰ ਬਰਾਬਰ ਰੁਜ਼ਗਾਰ ਅਵਸਰ ਕਮਿਸ਼ਨ ਦੇ ਕਮਿਸ਼ਨਰ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ, ਜਦਕਿ ਸਿੰਘ ਨੂੰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੁੱਖ ਵਿੱਤੀ ਅਧਿਕਾਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ।

ਵ੍ਹਾਈਟ ਹਾਊਸ ਮੁਤਾਬਕ, ‘ਭਾਰਤ ਤੋਂ ਆਏ ਪ੍ਰਵਾਸੀ ਜੋੜੇ ਦੀ ਧੀ ਕੋਟਾਗਲ ‘ਕੋਹੇਨ ਮਿਲਸਟੀਨ’ ਨਾਂ ਦੀ ਫ਼ਰਮ ’ਚ ਹਿੱਸੇਦਾਰ ਹੈ। ਉਹ ਕੰਪਨੀ ਦੇ ਨਾਗਰਿਕ ਅਧਿਕਾਰਾਂ ਅਤੇ ਰੁਜ਼ਗਾਰ ਅਭਿਆਸ ਸਮੂਹ ਦੀ ਮੈਂਬਰ ਹੈ, ਨਾਲ ਹੀ ਨਿਯੁਕਤੀ ਅਤੇ ਵਿਭਿੰਨਤਾ ਕਮੇਟੀ ਦੀ ਸਹਿ-ਚੇਅਰਮੈਨ ਹੈ।’ ਦੇਸ਼ ਦੇ ਪ੍ਰਮੁੱਖ ਭਾਰਤੀ-ਅਮਰੀਕੀ ਅਤੇ ਦਖਣੀ ਏਸ਼ੀਆਈ ਨਾਗਰਿਕਾਂ ਦੇ ਸੰਗਠਨ ‘ਇੰਡੀਅਨ-ਅਮਰੀਕਨ ਇੰਪੈਕਟ’ ਨੇ ਬਰਾਬਰ ਰੁਜ਼ਗਾਰ ਅਵਸਰ ਕਮਿਸ਼ਨ ਦੇ ਕਮਿਸ਼ਨਰ ਦੇ ਅਹੁਦੇ ਲਈ ਕੋਟਾਗਲ ਦੀ ਨਾਮਜ਼ਦਗੀ ਦਾ ਸਵਾਗਤ ਕੀਤਾ ਹੈ।

ਸੰਗਠਨ ਦੇ ਕਾਰਜਕਾਰੀ ਨਿਰਦੇਸ਼ਕ ਨੀਲ ਮਖੀਜਾ ਨੇ ਕਿਹਾ, ‘ਕੋਟਾਗਲ ਪ੍ਰੌਸੀਕਿਊਟਰ ਬਾਰ ਵਿਚ ਲਾਅ ਪਾਰਟਨਰ ਬਣਨ ਦੀ ਉਪਲਬਧੀ ਹਾਸਲ ਕਰਨ ਵਾਲੀਆਂ ਕੱੁਝ ਚੁਨਿੰਦਾ ਦਖਣੀ ਏਸ਼ੀਆਈ ਔਰਤਾਂ ਵਿਚ ਸ਼ਾਮਲ ਹੈ। ਉਹ ਵਿਭਿੰਨਤਾ, ਸਮਾਨਤਾ ਅਤੇ ਸ਼ਮੂਲੀਅਤ ’ਤੇ ਰਾਸ਼ਟਰੀ ਭਾਸ਼ਣ ਦੀ ਮੋਹਰੀ ਆਵਾਜ਼ ਹੈ।’ ਉਥੇ ਹੀ ਪ੍ਰਮਾਣਿਤ ਜਨਤਕ ਲੇਖਾਕਾਰ ਸਿੰਘ ਵਰਤਮਾਨ ਵਿਚ ਅਮਰੀਕਾ ਦੇ ਸਮਾਲ ਐਂਟਰਪ੍ਰਾਈਜ਼ ਐਡਮਿਨਿਸਟ੍ਰੇਸ਼ਨ ਵਿਚ ਪ੍ਰਸ਼ਾਸਕ ਦੇ ਸੀਨੀਅਰ ਸਲਾਹਕਾਰ ਹਨ।

ਉਨ੍ਹਾਂ ਕੋਲ ਵਿੱਤ, ਵਿਸ਼ਲੇਸ਼ਣ ਅਤੇ ਰਣਨੀਤੀ ਦੀ ਡੂੰਘੀ ਸਮਝ ਦੇ ਨਾਲ ਨਿੱਜੀ ਖੇਤਰ ਵਿਚ ਲੀਡਰਸ਼ਿਪ ਦਾ 25 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਓਬਾਮਾ ਅਤੇ ਬਾਈਡੇਨ ਪ੍ਰਸ਼ਾਸਨ ਵਿਚ ਉਪ ਸਹਾਇਕ ਮੰਤਰੀ (ਯੂ.ਐਸ. ਫ਼ੀਲਡ) ਵਜੋਂ ਵੀ ਰਹਿ ਚੁਕੇ ਹਨ। ਪਿਛਲੇ ਮਹੀਨੇ ਬਾਈਡੇਨ ਨੇ 2 ਭਾਰਤੀ-ਅਮਰੀਕੀਆਂ ਨੂੰ ਅਮਰੀਕੀ ਰਾਜਦੂਤ ਵਜੋਂ ਨਾਮਜ਼ਦ ਕੀਤਾ ਸੀ।