ਕੈਨੇਡਾ ਪੁਲਿਸ ਨੇ ਪੰਜਾਬੀ ਨੌਜਵਾਨ ਦੇ ਨਾਮ ਦਾ ਜਾਰੀ ਕੀਤਾ ਵਰੰਟ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਵਿਦਿਆਰਥੀਆਂ ਦੀ ਹੋਈ ਲੜਾਈ ਬਹੁਤ ਚਰਚਾ ਵਿਚ ਹੈ ਅਤੇ ਇਸ ਲੜਾਈ ਦੌਰਾਨ 3 ਵਿਅਕਤੀ ਜ਼ਖਮੀ ਹੋ ਗਏ ਸਨ |

Canada police

ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਵਿਦਿਆਰਥੀਆਂ ਦੀ ਹੋਈ ਲੜਾਈ ਬਹੁਤ ਚਰਚਾ ਵਿਚ ਹੈ ਅਤੇ ਇਸ ਲੜਾਈ ਦੌਰਾਨ 3 ਵਿਅਕਤੀ ਜ਼ਖਮੀ ਹੋ ਗਏ ਸਨ | ਵਿਦਿਆਰਥੀਆਂ ਦੀ ਇਸ ਲੜਾਈ ਵਿਚ ਕੁਝ ਮੂਲ ਰੂਪ ਵਿਚ ਪੰਜਾਬ ਦੇ ਵਸਨੀਕ ਸਨ, ਜਿਨ੍ਹਾਂ 'ਚੋਂ ਇਕ ਸ਼ੱਕੀ ਦੀ ਪਛਾਣ ਰਣਕੀਰਤ ਸਿੰਘ ਵਜੋਂ ਹੋਈ ਸੀ। ਸੂਤਰਾਂ ਤੋਂ ਪਤਾ ਚਲਿਆ ਹੈ ਕਿ ਰਣਕੀਰਤ ਸਿੰਘ ਇਸ ਲੜਾਈ ਤੋਂ ਬਾਅਦ ਫਰਾਰ ਹੋ ਗਿਆ ਅਤੇ ਇਹ ਵੀ ਸੂਚਨਾ ਮਿਲੀ ਹੈ ਕਿ ਉਹ ਭਾਰਤ ਚਲਾ ਗਿਆ ਹੈ | ਕੈਨੇਡਾ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਨ ਲਈ ਉਸਦੇ ਨਾਮ ਦਾ ਵਾਰੰਟ ਜਾਰੀ ਕੀਤਾ ਹੈ |

ਇਸੇ ਲੜਾਈ 'ਚ ਸ਼ਾਮਲ 20 ਸਾਲਾ ਕਿੰਦਰਬੀਰ ਸਿੰਘ ਨੂੰ ਬੀਤੇ ਦਿਨੀਂ ਗ੍ਰਿਫਤਾਰ ਕਰ ਲਿਆ ਗਿਆ। ਬਾਕੀ ਦੋਸ਼ੀਆਂ ਨੂੰ ਹਿਰਾਸਤ 'ਚ ਲੈਣ ਲਈ ਪੁਲਸ ਕੋਸ਼ਿਸ਼ਾਂ ਕਰ ਰਹੀ ਹੈ।ਦਸਣਯੋਗ ਹੈ ਕਿ ਕਿ 20 ਜੂਨ ਦੀ ਰਾਤ ਨੂੰ ਲਗਭਗ 11 ਕੁ ਵਜੇ ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਕੁੱਝ ਨੌਜਵਾਨਾਂ (ਵਿਦਿਆਰਥੀਆਂ) ਨੇ ਇਕ ਪ੍ਰਾਪਰਟੀ ਡੀਲਰ ਅਤੇ ਉਸ ਦੇ ਦੋ ਸਾਥੀਆਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਜਾਣਕਾਰੀ ਮੁਤਾਬਕ ਇਨ੍ਹਾਂ ਵਿਦਿਆਰਥੀਆਂ ਨੇ ਇਕ ਘਰ ਕਿਰਾਏ 'ਤੇ ਲੈਣ ਲਈ ਪ੍ਰਾਪਰਟੀ ਡੀਲਰ ਨੂੰ ਚੈੱਕ ਦਿੱਤਾ ਸੀ ਪਰ ਮਾਲਕ ਮਕਾਨ ਨੇ ਵਿਦਿਆਰਥੀਆਂ ਨੂੰ ਘਰ ਕਿਰਾਏ 'ਤੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਮਗਰੋਂ ਇਹ ਝਗੜਾ ਇੰਨਾ ਵਧ ਗਿਆ ਕਿ ਚੈੱਕ ਵਾਪਸ ਲੈਣ ਦੇ ਬਹਾਨੇ ਇਨ੍ਹਾਂ ਨੌਜਵਾਨਾਂ ਨੇ ਪ੍ਰਾਪਰਟੀ ਡੀਲਰ ਨੂੰ ਇਕ ਖਾਸ ਥਾਂ 'ਤੇ ਸੱਦਿਆ। ਪ੍ਰਾਪਰਟੀ ਡੀਲਰ ਆਪਣੇ ਦੋ ਸਾਥੀਆਂ ਨਾਲ ਆਇਆ ਸੀ ਅਤੇ 15-20 ਨੌਜਵਾਨਾਂ ਨੇ ਡਾਂਗਾਂ ਅਤੇ ਬੇਸਬਾਲ ਬੱਲਿਆਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ ਜਿਸ ਕਾਰਨ ਕੈਨੇਡੀਅਨ ਸੰਸਦ ਮੈਂਬਰਾਂ ਨੇ ਸਖਤ ਕਦਮ ਚੁੱਕਣ ਦੀ ਚਿਤਾਵਨੀ ਦਿੱਤੀ ਸੀ।

ਉਨ੍ਹਾਂ ਕਿਹਾ ਕਿ ਅਜਿਹੀਆਂ ਲੜਾਈਆਂ ਵਿਚ ਸ਼ਾਮਿਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਜਾਵੇਗਾ | ਬਰੈਂਪਟਨ ਦੇ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਨੇ ਸਪੱਸ਼ਟ ਕਿਹਾ ਹੈ ਕਿ ਬਰੈਂਪਟਨ ਦੀ ਸੁਰੱਖਿਆ ਉਨ੍ਹਾਂ ਦੀ ਤਰਜੀਹ ਹੈ ਅਤੇ ਦੋਸ਼ੀ ਪਾਏ ਜਾਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਸਮੇਂ ਸਰਕਾਰ ਨਰਮੀ ਨਹੀਂ ਵਰਤੇਗੀ।