ਮੋਹਾਲੀ ਦੇ ਨੌਜਵਾਨ ਦੀ ਕੈਨੇਡਾ ਦੇ ਸਮੁੰਦਰ ਵਿਚ ਡੁੱਬਣ ਕਾਰਨ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸੋਹਾਣਾ ਦੇ ਨਰੁਲਾ ਟੈਂਟ ਹਾਊਸ ਵਾਲੇ ਮਰਹੂਮ ਪਵਨ ਕੁਮਾਰ ਨਰੁਲਾ ਦਾ ਬੇਟਾ ਰੁਪੇਸ਼ ਤਿੰਨ ਕੁ ਸਾਲ ਪਹਿਲਾਂ ਕੈਨੇਡਾ ਦੇ ਟੋਰੰਟੋ ਸ਼ਹਿਰ ਵਿਚ ਪੜ੍ਹਨ ਗਿਆ ਸੀ

Death of Mohali youth due to drowning in Canada's sea

ਐਸ.ਏ.ਐਸ. ਨਗਰ (ਸੁਖਦੀਪ ਸਿੰਘ ਸੋਈ): ਫ਼ੇਜ਼-7 ਦੇ ਵਸਨੀਕ ਨੌਜਵਾਨ ਰੁਪੇਸ਼ ਨਰੁਲਾ (ਰੂਬੀ) ਦੀ ਬੀਤੇ ਦਿਨੀਂ ਕੈਨੇਡਾ ਦੇ ਸਕਾਰਬੋ ਸ਼ਹਿਰ ਬੀਚ 'ਤੇ ਸਮੁੰਦਰ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ। ਰੁਪੇਸ਼ ਨਰੁਲਾ 25 ਸਾਲ ਦਾ ਸੀ ਅਤੇ ਤਿੰਨ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਉਸ ਦੀ ਮੌਤ ਦੀ ਖ਼ਬਰ ਅੱਜ ਦੁਪਹਿਰ ਵੇਲੇ ਜਦੋਂ ਉਸ ਦੇ ਪਰਵਾਰ ਨੂੰ ਮਿਲੀ ਤਾਂ ਸਾਰੇ ਪਾਸੇ ਮਾਤਮ ਛਾ ਗਿਆ। 

ਸੋਹਾਣਾ ਦੇ ਨਰੁਲਾ ਟੈਂਟ ਹਾਊਸ ਵਾਲੇ ਮਰਹੂਮ ਪਵਨ ਕੁਮਾਰ ਨਰੁਲਾ ਦਾ ਬੇਟਾ ਰੁਪੇਸ਼ ਤਿੰਨ ਕੁ ਸਾਲ ਪਹਿਲਾਂ ਕੈਨੇਡਾ ਦੇ ਟੋਰੰਟੋ ਸ਼ਹਿਰ ਵਿਚ ਪੜ੍ਹਨ ਗਿਆ ਸੀ। ਪੜ੍ਹਾਈ ਮੁਕੰਮਲ ਹੋਣ ਉਪਰੰਤ ਹੁਣ ਉੱਥੇ ਨੌਕਰੀ ਕਰ ਰਿਹਾ ਸੀ। ਉਸ ਦੇ ਭਰਾ ਭਾਵੇਸ਼ ਨਰੁਲਾ ਨੇ ਦਸਿਆ ਕਿ ਰੁਪੇਸ਼ ਦਾ ਇਸੇ ਸਾਲ ਮਾਰਚ ਵਿਚ ਵਿਆਹ ਹੋਇਆ ਸੀ ਅਤੇ ਉਹ ਪਿਛਲੇ ਮਹੀਨੇ ਦੀ 20 ਤਰੀਕ ਨੂੰ ਹੀ ਵਾਪਸ ਕੈਨੇਡਾ ਗਿਆ ਸੀ। ਉਸ ਦੀ ਪਤਨੀ ਨੇ ਅਗਲੇ ਮਹੀਨੇ ਉਸ ਕੋਲ ਜਾਣਾ ਸੀ। ਪਰ ਅਚਾਨਕ ਇਹ ਭਾਣਾ ਵਾਪਰ ਗਿਆ।

ਭੁਪੇਸ਼ ਨੇ ਦਸਿਆ ਕਿ ਰੁਪੇਸ਼ ਆਪਣੇ ਸਾਥੀਆਂ ਨਾਲ ਕੈਨੇਡਾ ਦਿਵਸ ਮਨਾਉਣ ਲਈ ਟੋਰੰਟੋ ਤੋਂ ਸਕਾਰਬੋ ਸ਼ਹਿਰ ਗਿਆ ਸੀ, ਜਿਥੇ ਉਹ ਨਹਾਉਣ ਲਈ ਬੀਚ 'ਤੇ ਗਿਆ ਸੀ। ਉਥੇ ਪਾਣੀ ਦੀ ਲਹਿਰ ਉਸ ਨੂੰ ਗਹਿਰੇ ਪਾਣੀ ਵਿਚ ਖਿੱਚ ਕੇ ਲੈ ਗਈ ਅਤੇ ਤੈਰਨਾ ਨਾ ਆਉਂਦਾ ਹੋਣ ਕਾਰਨ ਰੁਪੇਸ਼ ਪਾਣੀ ਵਿਚ ਹੀ ਡੁੱਬ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਸਕਾਰਬੋ ਦੇ ਕਾਲਿੰਗ ਵੁੱਡ ਹਸਪਤਾਲ ਵਿਚ ਰਖਵਾਈ ਗਈ ਗਈ ਹੈ ਅਤੇ ਪਰਵਾਰ ਵਲੋਂ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।