ਰਾਜ ਸਭਾ ’ਚ MP ਹਰਭਜਨ ਸਿੰਘ ਨੇ ਚੁੱਕਿਆ ਅਫ਼ਗਾਨਿਸਤਾਨ ’ਚ ਸਿੱਖਾਂ ’ਤੇ ਹੋਏ ਹਮਲਿਆਂ ਦਾ ਮੁੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਇਹ ਅਜਿਹਾ ਮੁੱਦਾ ਹੈ ਜਿਸ ਨੇ ਨਾ ਸਿਰਫ਼ ਦੁਨੀਆਂ ਦੇ ਕੋਨੇ-ਕੋਨੇ ਵਿਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਸਗੋਂ ਇਹ ਸਿੱਖ ਹੋਣ ਦੀ ਪਛਾਣ ’ਤੇ ਹਮਲਾ ਹੈ

MP Harbhajan Singh at Rajya Sabha

 

ਨਵੀਂ ਦਿੱਲੀ: ਸੰਸਦ ਦੇ ਮਾਨਸੂਨ ਇਜਲਾਸ ਵਿਚ ਪੰਜਾਬ ਦੇ ਸੰਸਦ ਮੈਂਬਰ ਲਗਾਤਾਰ ਪੰਜਾਬ ਅਤੇ ਸਿੱਖਾਂ ਦੇ ਅਹਿਮ ਮੁੱਦੇ ਚੁੱਕ ਰਹੇ ਹਨ। ਇਸ ਦੌਰਾਨ ਕ੍ਰਿਕਟਰ ਅਤੇ ਸੰਸਦ ਮੈਂਬਰ ਹਰਭਜਨ ਸਿੰਘ ਵੀ ਸੰਸਦ 'ਚ ਪੰਜਾਬ ਦੇ ਮੁੱਦੇ ਚੁੱਕਦੇ ਨਜ਼ਰ ਆਏ। ਉਹਨਾਂ ਨੇ ਅਫ਼ਗਾਨਿਸਤਾਨ 'ਚ ਸਿੱਖਾਂ ਅਤੇ ਗੁਰਦੁਆਰਿਆਂ 'ਤੇ ਹੋ ਰਹੇ ਹਮਲਿਆਂ ਦਾ ਮੁੱਦਾ ਉਠਾਉਂਦਿਆਂ ਪੁੱਛਿਆ ਕਿ ਸਾਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ?

Afghanistan Sikhs

ਹਰਭਜਨ ਸਿੰਘ ਨੇ ਕਿਹਾ ਕਿ ਇਹ ਇਕ ਅਜਿਹਾ ਮੁੱਦਾ ਹੈ ਜਿਸ ਨੇ ਨਾ ਸਿਰਫ਼ ਦੁਨੀਆਂ ਦੇ ਕੋਨੇ-ਕੋਨੇ ਵਿਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਸਗੋਂ ਇਹ ਸਿੱਖ ਹੋਣ ਦੀ ਪਛਾਣ ’ਤੇ ਹਮਲਾ ਹੈ। ਅਜਿਹੇ ਹਮਲੇ ਸਾਨੂੰ ਕਈ ਸਵਾਲ ਖੜ੍ਹੇ ਕਰਨ ਲਈ ਮਜਬੂਰ ਕਰਦੇ ਹਨ ਕਿ ਇਹ ਹਮਲੇ ਸਿਰਫ਼ ਸਾਡੇ 'ਤੇ ਹੀ ਕਿਉਂ ਕੀਤੇ ਜਾਂਦੇ ਹਨ? ਸਾਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਜੇਕਰ ਕੋਵਿਡ ਕਾਲ ਦੀ ਗੱਲ ਕਰੀਏ ਤਾਂ ਉਸ ਸਮੇਂ ਗੁਰਦੁਆਰਿਆਂ ਅਤੇ ਸਿੱਖਾਂ ਨੇ ਲੋੜਵੰਦਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਸੀ।

Harbhajan Singh

ਉਹਨਾਂ ਕਿਹਾ ਆਜ਼ਾਦੀ ਤੋਂ ਬਾਅਦ ਦੇਸ਼ ਦੇ ਸਿੱਖਾਂ ਦੇ ਯੋਗਦਾਨ ਤੋਂ ਕੋਈ ਅਣਜਾਣ ਨਹੀਂ ਹੈ। ਸਿੱਖ ਮਦਦ ਲਈ ਹਮੇਸ਼ਾ ਹੀ ਅੱਗੇ ਰਹੇ ਹਨ ਚਾਹੇ ਕੋਈ ਵੀ ਹਾਲਾਤ ਹੋਣ। ਸਿੱਖ ਭਾਈਚਾਰਾ ਭਾਰਤ ਅਤੇ ਹੋਰ ਦੇਸ਼ਾਂ ਵਿਚਾਲੇ ਸਬੰਧਾਂ ਵਿਚ ਮਜ਼ਬੂਤ ਕੜੀ ਰਿਹਾ ਹੈ। ਇਸ ਸਭ ਦੇ ਬਾਵਜੂਦ ਸਾਡੇ ਨਾਲ ਅਜਿਹਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ?

Afghanistan Sikhs

ਕਾਬੁਲ ਵਿਚ ਗੁਰਦੁਆਰਾ ਕਰਤੇ ਪ੍ਰਵਾਨ ਸਾਹਿਬ ’ਤੇ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਸ ਹਮਲੇ ਵਿਚ ਦੋ ਲੋਕਾਂ ਦੀ ਮੌਤ ਅਤੇ ਕਈ ਲੋਕ ਜ਼ਖਮੀ ਹੋਏ ਸਨ। ਇਸ ਤੋਂ ਪਹਿਲਾਂ ਮਾਰਚ 2020 ਵਿਚ ਆਈਐਸ ਦੇ ਬੰਦੂਕਧਾਰੀਆਂ ਨੇ ਕਾਬੁਲ ਦੇ ਗੁਰਦੁਆਰਾ ਸਾਹਿਬ ’ਤੇ ਹਮਲਾ ਹੋਇਆ ਸੀ, ਜਿਸ ਵਿਚ ਬੱਚਿਆਂ ਸਣੇ 25 ਸਿੱਖਾਂ ਦੀ ਮੌਤ ਹੋਈ। ਉਹਨਾਂ ਦੇ ਸਸਕਾਰ ਤੋਂ ਬਾਅਦ ਅਗਲੇ ਦਿਨ ਇਕ ਹੋਰ ਹਮਲਾ ਹੋਇਆ। ਹਰਭਜਨ ਸਿੰਘ ਨੇ ਕਿਹਾ ਕਿ ਅਫ਼ਗਾਨਿਸਤਾਨ ਕਦੇ ਹਜ਼ਾਰਾਂ ਸਿੱਖਾਂ ਅਤੇ ਹਿੰਦੂਆਂ ਦਾ ਘਰ ਸੀ ਪਰ ਦਹਾਕਿਆਂ ਦੇ ਸੰਘਰਸ਼ ਕਾਰਨ ਇਹ ਗਿਣਤੀ ਘਟ ਕੇ ਬਹੁਤ ਘੱਟ ਗਈ ਹੈ। ਹੁਣ ਸਿਰਫ਼ ਉੱਥੇ ਕਰੀਬ 150 ਸਿੱਖ ਹੀ ਰਹਿ ਗਏ ਹਨ।