ਨਾਰਵੇ ਵਿਚ ਨਵੇਂ ਕਾਨੂੰਨ ਨੇ ਦਿਤੀ ਦਸਤਾਰ ਨੂੰ ਮਾਨਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਅੰਮ੍ਰਿਤਪਾਲ ਸਿੰਘ ਨੇ ਨਾਰਵੇ ਵਿਚ ਦਸਤਾਰ ਬੰਨ੍ਹਣ ਦੇ ਕਾਨੂੰਨ ਬਦਲਵਾਏ

In Norway, the new law recognizes the turban

ਸਰਹਿੰਦ, ਫ਼ਤਿਹਗੜ੍ਹ ਸਾਹਿਬ  (ਅਮਰਬੀਰ ਸਿੰਘ ਚੀਮਾ, ਸੁਰਜੀਤ ਸਿੰਘ ਸਾਹੀ): ਉੱਘੀ ਲੇਖਕਾ ਪਰਮਜੀਤ ਕੌਰ ਸਰਹਿੰਦ ਦੇ ਦਾਮਾਦ ਅੰਮ੍ਰਿਤਪਾਲ ਸਿੰਘ, ਮਿਊਂਸੀਪਲ ਕਮਿਸ਼ਨਰ ਦਰਮਨ (ਨਾਰਵੇ) ਨੇ ਕਈ ਸਾਲਾ ਦੀ ਜੱਦੋ-ਜਹਿਦ ਤੋਂ ਬਾਅਦ ਪਗੜੀ ਬੰਨ੍ਹਣ ਦੇ ਵਿਸ਼ੇਸ਼ ਸਟਾਈਲ ਸਬੰਧੀ ਸਰਕਾਰ ਤੋਂ ਅਪਣੀ ਮੰਗ ਮੰਨਵਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਅਪਣੇ ਗ੍ਰਹਿ ਸਰਹਿੰਦ ਵਿਖੇ ਜਾਣਕਾਰੀ ਦਿੰਦੇ ਹੋਏ ਪਰਮਜੀਤ ਕੌਰ ਸਰਹਿੰਦ ਨੇ ਦਸਿਆ ਕਿ ਨਾਰਵੇ ਸਰਕਾਰ ਨੇ ਸਿੱਖ ਭਾਈਚਾਰੇ ਨੂੰ ਕੰਨਾਂ ਤੋਂ ਦਸਤਾਰ ਚੁਕ ਕੇ ਪਾਸਪੋਰਟ ਉਤੇ ਫ਼ੋਟੋ ਲਵਾਉਣ ਲਈ ਕਾਨੂੰਨ ਪਾਸ ਕੀਤਾ ਤਾਂ ਸਿੱਖ ਭਾਈਚਾਰੇ ਨੇ ਦਸਤਾਰ ਦੀ ਬੇਅਦਬੀ ਮਹਿਸੂਸ ਕੀਤੀ। ਅੰਮ੍ਰਿਤਪਾਲ ਸਿੰਘ ਨੇ ਯੰਗ ਸਿੱਖ ਜਥੇਬੰਦੀ ਅਤੇ ਹੋਰ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਇਸ ਫ਼ੈਸਲੇ ਦੀ ਵਿਰੋਧਤਾ ਕੀਤੀ ਅਤੇ ਇਹ ਫ਼ੈਸਲਾ ਬਦਲਣ ਲਈ ਸਰਕਾਰ ਨਾਲ ਲਗਾਤਾਰ ਰਾਬਤਾ ਰਖਿਆ।

ਕਾਫ਼ੀ ਅਰਸੇ ਪਿਛੋਂ ਆਖ਼ਰ ਸਰਕਾਰ ਨੇ ਨਵੇਂ ਕਾਨੂੰਨ ਵਿਚ ਸੋਧ ਕਰ ਦਿਤੀ ਹੈ ਜਿਸ ਅਨੁਸਾਰ ਸਿੱਖ ਭਾਈਚਾਰਾ ਅਪਣੀ ਦਸਤਾਰ ਦੀ ਸ਼ਾਨ ਨੂੰ ਕਾਇਮ ਰੱਖ ਕੇ ਪਾਸਪੋਰਟ ਉਤੇ ਫ਼ੋਟੋ ਲਵਾ ਸਕੇਗਾ। ਨਵੇਂ ਕਾਨੂੰਨ ਬਾਰੇ ਨਾਰਵੇ ਦੀ ਲਾਅ ਮੰਤਰੀ ਮੋਨਿਕਾ ਮੇਲਾਂਦ, ਸਭਿਆਚਾਰ ਅਤੇ ਪਰਵਾਰ ਮੰਤਰੀ ਨੇ ਗੁਰਦਵਾਰਾ ਸ੍ਰੀ ਗੁਰੂ ਨਾਨਕ ਦੇਵ ਜੀ, ਓਸਲੋ (ਨਾਰਵੇ) ਵਿਖੇ ਉਕਤ ਫ਼ੈਸਲੇ ਦਾ ਐਲਾਨ ਕੀਤਾ। ਮਿਊਂਸੀਪਲ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਅਤੇ ਸਿੱਖ ਪਤਵੰਤਿਆਂ ਨੇ ਨਾਰਵੇ ਸਰਕਾਰ ਦਾ ਧੰਨਵਾਦ ਕੀਤਾ।

ਦੇਸ਼ ਵਿਦੇਸ਼ ਵਿਚ ਅੰਮ੍ਰਿਤਪਾਲ ਸਿੰਘ ਅਤੇ ਯੰਗ ਸਿੱਖ ਜਥੇਬੰਦੀ ਨੂੰ ਵਧਾਈਆਂ ਮਿਲ ਰਹੀਆਂ ਹਨ। ਇਥੇ ਇਹ ਵੀ ਦਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਪਿਛਲੇ ਸਮੇਂ ਇਸ ਮਸਲੇ ਸਬੰਧੀ ਭਾਰਤ ਆਏ ਸਨ ਅਤੇ ਭਾਰਤ ਸਰਕਾਰ ਨੂੰ ਇਸ ਸਬੰਧੀ ਸਹਿਯੋਗ ਦੇਣ ਦੀ ਅਪੀਲ ਕੀਤੀ ਸੀ।