Elderly British Sikh: ਬ੍ਰਿਟੇਨ 'ਚ ਪਤਨੀ ਦੇ ਕਤਲ ਦੇ ਦੋਸ਼ 'ਚ ਬਜ਼ੁਰਗ ਬ੍ਰਿਟਿਸ਼ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਅਦਾਲਤ ਦੇ ਹੁਕਮਾਂ ਅਨੁਸਾਰ ਤਰਸੇਮ ਸਿੰਘ ਨੂੰ ਘੱਟੋ-ਘੱਟ 15 ਸਾਲ ਸਲਾਖਾਂ ਪਿੱਛੇ ਬਿਤਾਉਣੇ ਪੈਣਗੇ

Elderly British Sikh Tarsem Singh

Elderly British Sikh Tarsem Singh -   ਬ੍ਰਿਟੇਨ ਦੀ ਇਕ ਅਦਾਲਤ ਨੇ 79 ਸਾਲਾ ਬ੍ਰਿਟਿਸ਼ ਵਿਅਕਤੀ ਨੂੰ ਆਪਣੀ ਪਤਨੀ ਦੇ ਕਤਲ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਨੇਰੇਸਬਰੂਕ ਕਰਾਊਨ ਕੋਰਟ ਨੇ ਤਰਸੇਮ ਸਿੰਘ ਨੂੰ ਮਈ ਵਿਚ ਆਪਣੀ ਪਤਨੀ ਮਾਇਆ ਦੇਵੀ (77) ਦੇ ਹਾਰਨਚਰਚ, ਪੂਰਬੀ ਲੰਡਨ ਵਿਚ ਉਨ੍ਹਾਂ ਦੇ ਘਰ ਵਿਚ ਕਤਲ ਕਰਨ ਦੇ ਦੋਸ਼ ਵਿਚ ਸਜ਼ਾ ਸੁਣਾਈ ਹੈ। 

ਅਦਾਲਤ ਦੇ ਹੁਕਮਾਂ ਅਨੁਸਾਰ ਤਰਸੇਮ ਸਿੰਘ ਨੂੰ ਘੱਟੋ-ਘੱਟ 15 ਸਾਲ ਸਲਾਖਾਂ ਪਿੱਛੇ ਬਿਤਾਉਣੇ ਪੈਣਗੇ, ਜਿਸ ਤੋਂ ਬਾਅਦ ਉਹਨਾਂ ਨੂੰ ਪੈਰੋਲ ਦੇਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਸਿੰਘ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਜੇਲ੍ਹ ਵਿਚ ਗੁਜ਼ਾਰਨੀ ਪੈ ਸਕਦੀ ਹੈ। ਕਤਲ ਦੀ ਜਾਂਚ ਦੀ ਅਗਵਾਈ ਕਰਨ ਵਾਲੇ ਮੈਟਰੋਪੋਲੀਟਨ ਪੁਲਿਸ ਦੇ ਡਿਟੈਕਟਿਵ ਚੀਫ਼ ਇੰਸਪੈਕਟਰ ਮਾਰਕ ਰੋਜਰਸ ਨੇ ਕਿਹਾ: 'ਇਹ ਇੱਕ ਦੁਖਦਾਈ ਮਾਮਲਾ ਹੈ। ਇਸ ਕਾਰਨ ਜੋੜੇ ਦੇ ਤਿੰਨ ਬੱਚੇ ਮੁਸੀਬਤ ਵਿਚ ਫਸ ਗਏ।

ਰੋਜਰਜ਼ ਨੇ ਕਿਹਾ, “ਤਰਸੇਮ ਸਿੰਘ ਨੇ ਕਦੇ ਵੀ ਇਹ ਸਵੀਕਾਰ ਨਹੀਂ ਕੀਤਾ ਕਿ ਉਸ ਨੂੰ ਇਹ ਅਪਰਾਧ ਕਰਨ ਲਈ ਕਿਉਂ ਪ੍ਰੇਰਿਤ ਕੀਤਾ, ਪਰ ਸਾਨੂੰ ਖੁਸ਼ੀ ਹੈ ਕਿ ਉਸ ਨੇ ਅਪਣਆ ਦੋਸ਼ ਸਵੀਕਾਰ ਕਰ ਲਿਆ ਹੈ। ਅਦਾਲਤ ਨੂੰ ਦੱਸਿਆ ਗਿਆ ਕਿ 2 ਮਈ ਨੂੰ ਤਰਸੇਮ ਸਿੰਘ ਲੰਡਨ ਦੇ ਰੋਮਫੋਰਡ ਪੁਲਿਸ ਸਟੇਸ਼ਨ ਗਿਆ ਅਤੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕੀਤਾ ਹੈ।    

ਅਧਿਕਾਰੀ ਇਸ ਤੋਂ ਬਾਅਦ ਤੁਰੰਤ ਕਾਉਡਰੇ ਵੇ, ਐਲਮ ਪਾਰਕ ਸਥਿਤ ਸਿੰਘ ਦੇ ਘਰ ਪਹੁੰਚੇ ਅਤੇ ਮਾਇਆ ਦੇਵੀ ਨੂੰ ਫਰਸ਼ 'ਤੇ ਬੇਹੋਸ਼ ਪਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੇਵੀ ਦੇ ਕੋਲ ਇੱਕ ਲੱਕੜ ਦਾ ਬੱਲਾ ਮਿਲਿਆ ਸੀ, ਜਿਸ ਦੀ ਵਰਤੋਂ ਕਤਲ ਲਈ ਕੀਤੀ ਗਈ ਸੀ।