ਅਮਰੀਕਾ ’ਚ ਭਾਰਤੀ ਟਰੱਕ ਡਰਾਈਵਰ ਵੱਲੋਂ ਇਕ ਹੋਰ ਹਾਦਸਾ, ਦੋ ਲੋਕਾਂ ਦੀ ਮੌਕੇ ’ਤੇ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਰੋਡ ’ਤੇ ਲਾਪ੍ਰਵਾਹੀ ਨਾਲ ਟਰੱਕ ਖੜ੍ਹਾ ਕਰਨ ਦੇ ਦੋਸ਼, 3 ਸਾਲ ਪਹਿਲਾਂ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਗਿਆ ਸੀ ਰਾਜਿੰਦਰ ਕੁਮਾਰ

photo

ਅਮਰੀਕਾ ਵਿਚ ਇਕ ਸੜਕ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਇਕ ਭਾਰਤੀ ਟਰੱਕ ਡਰਾਇਵਰ ਰਾਜਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਇਲਜ਼ਾਮ ਹੈ ਕਿ ਉਸ ਨੇ ਆਪਣੇ ਵੱਡੇ ਟਰੱਕ ਨੂੰ ਸੜਕ ’ਤੇ ਲਾਪਰਵਾਹੀ ਵਰਤਦਿਆਂ ਖੜ੍ਹਾ ਕਰ ਦਿੱਤਾ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।

ਇਹ ਭਿਆਨਕ ਸੜਕ ਹਾਦਸਾ ਅਮਰੀਕਾ ਦੇ ਓਰੇਗਨ ਸੂਬੇ ਵਿਚ 24 ਨਵੰਬਰ ਦੀ ਰਾਤ ਨੂੰ ਵਾਪਰਿਆ, ਜਦੋਂ 32 ਸਾਲਾ ਭਾਰਤੀ ਟਰੱਕ ਡਰਾਇਵਰ ਰਾਜਿੰਦਰ ਕੁਮਾਰ ਨੇ ਆਪਣੇ ਟਰਾਲੇ ਨੂੰ ਰੋਡ ’ਤੇ ਖੜ੍ਹਾ ਕਰ ਦਿੱਤਾ, ਜਿਸ ਕਾਰਨ ਦੋਵੇਂ ਲੇਨਾਂ ਬੰਦ ਹੋ ਗਈਆਂ ਅਤੇ ਇਕ ਤੇਜ਼ ਰਫ਼ਤਾਰ ਆ ਰਹੀ ਕਾਰ ਟ੍ਰੇਲਰ ਨਾਲ ਟਕਰਾ ਗਈ। ਕਾਰ ਵਿਚ ਮੌਜੂਦ ਵਿਲੀਅਮ ਕਾਰਟਰ ਅਤੇ ਜੈਨੀਫਰ ਲੋਅਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਰਾਜਿੰਦਰ ਕੁਮਾਰ ਦੇ ਕੋਈ ਸੱਟ ਨਹੀਂ ਵੱਜੀ।

ਮੀਡੀਆ ਰਿਪੋਰਟਾਂ ਮੁਤਾਬਕ ਰਾਜਿੰਦਰ ਤਿੰਨ ਸਾਲ ਪਹਿਲਾਂ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਆਇਆ ਸੀ। ਹਾਦਸੇ ਤੋਂ ਬਾਅਦ ਪੁਲਿਸ ਨੇ ਕਥਿਤ ਤੌਰ ’ਤੇ ਰਾਜਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ। ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਅਧਿਕਾਰੀਆਂ ਵੱਲੋਂ ਹਿਰਾਸਤ ਵਿਚ ਲਏ ਜਾਣ ਦਾ ਨੋਟਿਸ ਜਾਰੀ ਕਰਨ ਦੀ ਖ਼ਬਰ ਮਿਲ ਰਹੀ ਐ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਮਾਰ 2022 ਵਿਚ ਏਰੀਜੋਨਾ ਦੇ ਰਸਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਆਇਆ ਸੀ, ਜਿਸ ਨੂੰ ਬਾਈਡੇਨ ਪ੍ਰਸ਼ਾਸਨ ਨੇ ਦੇਸ਼ ਰਿਹਾਅ ਕਰ ਦਿੱਤਾ ਸੀ ਅਤੇ ਕੈਲੀਫੋਰਨੀਆ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਸੀਡੀਐਲ ਦਿੱਤਾ ਗਿਆ ਸੀ। 

ਡੀਐਚਐਸ ਦੀ ਸਹਾਇਕ ਸਕੱਤਰ ਟ੍ਰਿਸਿਆ ਮੈਕਲਾਘਲਿਨ ਨੇ ਆਖਿਆ ਕਿ ਗੈਰਕਾਨੂੰਨੀ ਵਿਦੇਸ਼ੀਆਂ ਨੂੰ ਅਮਰੀਕਾ ਦੀਆਂ ਸੜਕਾਂ ’ਤੇ ਖ਼ਤਰਨਾਕ ਤਰੀਕੇ ਨਾਲ 18 ਟਾਇਰੀ ਗੱਡੀਆਂ ਚਲਾਉਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਹੋਰ ਕਿੰਨੀਆਂ ਬੇਤੁਕੀਆਂ ਤ੍ਰਾਸਦੀਆਂ ਵਾਪਰਨਗੀਆਂ? ਉਨ੍ਹਾਂ ਮ੍ਰਿਤਕ ਵਿਲੀਅਮ ਅਤੇ ਜੈਨੀਫਰ ਦੇ ਪਰਿਵਾਰ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ। ਇਸੇ ਤਰ੍ਹਾਂ ਓਰੇਗਨ ਸਟੇਟ ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਹਨ੍ਹੇਰਾ ਹੋਣ ਅਤੇ ਸੜਕ ’ਤੇ ਚਿਤਾਵਨੀ ਵਾਲੀ ਕੋਈ ਲਾਈਟ ਜਾਂ ਸਿਗਨਲ ਨਾ ਹੋਣ ਕਰਕੇ ਇਹ ਹਾਦਸਾ ਵਾਪਰਿਆ। ਹਾਦਸੇ ਦੀ ਜਾਂਚ ਲਈ ਹਾਈਵੇਅ ਕਈ ਘੰਟੇ ਤੱਕ ਬੰਦ ਕਰਨਾ ਪਿਆ। ਪੁਲਿਸ ਮੁਤਾਬਕ ਰਾਜਿੰਦਰ ’ਤੇ ਅਪਰਾਧਿਕ ਲਾਪ੍ਰਵਾਹੀ ਨਾਲ ਹੱਤਿਆ ਅਤੇ ਲਾਪ੍ਰਵਾਹੀ ਨਾਲ ਦੂਜਿਆਂ ਨੂੰ ਖ਼ਤਰੇ ਵਿਚ ਪਾਉਣ ਦਾ ਦੋਸ਼ ਲਗਾਇਆ ਗਿਆ ਹੈ। 

ਇਸ ਤੋਂ ਪਹਿਲਾਂ ਅਗਸਤ ਮਹੀਨੇ ਫਲੋਰੀਡਾ ਵਿਚ ਹਰਜਿੰਦਰ ਸਿੰਘ ਦੇ ਕਥਿਤ ਤੌਰ ’ਤੇ ਗ਼ਲਤ ਯੂ-ਟਰਨ ਲੈਣ ਕਾਰਨ ਭਿਆਨਕ ਹਾਦਸਾ ਵਾਪਰਿਆ ਸੀ, ਜਿਸ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇਸ ਤੋਂ ਬਾਅਦ ਅਕਤੂਬਰ ਮਹੀਨੇ ਜਸ਼ਨਪ੍ਰੀਤ ਸਿੰਘ ਨੇ ਕੈਲੀਫੋਰਨੀਆ ਦੇ ਇਕ ਰਾਜਮਾਰਗ ’ਤੇ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਸੀ, ਇਸ ਹਾਦਸੇ ਵਿਚ ਵੀ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕਾ ਦੀ ਟਰੰਪ ਸਰਕਾਰ ਨੇ ਇਨ੍ਹਾਂ ਭਿਆਨਕ ਸੜਕ ਹਾਦਸਿਆਂ ਦੇ ਜਵਾਬ ਵਿਚ ਐਮਰਜੈਂਸੀ ਨਿਯਮ ਲਾਗੂ ਕੀਤੇ ਸੀ, ਜਿਨ੍ਹਾਂ ਤਹਿਤ ਗ਼ੈਰ ਅਮਰੀਕੀ ਨਾਗਰਿਕਾਂ ਲਈ ਸਖ਼ਤ ਜਾਂਚ ਤੋਂ ਗੁਜ਼ਰਨਾ ਅਤੇ ਗੈਰ ਨਿਵਾਸੀ ਸੀਡੀਐਲ ਹਾਸਲ ਕਰਨ ਲਈ ਰੁਜ਼ਗਾਰ ਅਧਾਰਿਤ ਵੀਜ਼ਾ ਲਿਆਉਣਾ ਲਾਜ਼ਮੀ ਕਰ ਦਿੱਤਾ ਗਿਆ ਸੀ। ਹਾਲਾਂਕਿ ਇਨ੍ਹਾਂ ਐਮਰਜੈਂਸੀ ਨਿਯਮ ਲਾਗੂ ਨਹੀਂ ਹੋ ਸਕੇ ਕਿਉਂਕਿ ਕਿਉਂਕਿ ਡੈਮੋਕ੍ਰੇਟ ਸਮਰਥਕ ਮਜ਼ਦੂਰ ਸੰਗਠਨਾਂ ਦੇ ਇਕ ਸਮੂਹ ਨੇ ਅਦਾਲਤ ’ਚ ਮੁਕੱਦਮਾ ਦਾਇਰ ਕਰ ਦਿੱਤਾ ਏ। 

ਦੱਸ ਦਈਏ ਕਿ ਨਵੰਬਰ ਮਹੀਨੇ ਟਰਾਂਸਪੋਰਟ ਵਿਭਾਗ ਨੇ ਕੈਲੀਫੋਰਨੀਆ ’ਤੇ ਪਰਵਾਸੀ ਡਰਾਈਵਰਾਂ ਨੂੰ ਗ਼ੈਰਕਾਨੂੰਨੀ ਤੌਰ ’ਤੇ 17 ਹਜ਼ਾਰ ਗ਼ੈਰ ਨਿਵਾਸੀ ਸੀਡੀਐਲ ਜਾਰੀ ਕਰਨ ਦਾ ਦੋਸ਼ ਲਗਾਇਆ ਸੀ ਅਤੇ ਸਰਕਾਰੀ ਮਾਪਦੰਡਾਂ ਦੀ ਪਾਲਣਾ ਨਾ ਕਰਨ ’ਤੇ ਸੂਬੇ ਨੂੰ ਕਰੋੜਾਂ ਡਾਲਰ ਦੀ ਗ੍ਰਾਂਟ ਰੋਕ ਦਿੱਤੀ ਸੀ। ਹੁਣ ਡੀਓਟੀ ਨੇ ਮਾਪਦੰਡਾਂ ਵਿਚ ਸਫ਼ਲ ਨਾ ਰਹਿਣ ਕਾਰਨ ਸਿਖਲਾਈ ਦੇਣ ਵਾਲੇ 3000 ਸੀਡੀਐਲ ਸਿਖਲਾਈ ਕੇਂਦਰਾਂ ਨੂੰ ਬੰਦ ਕਰ ਦਿੱਤਾ ਹੈ ਅਤੇ 4000 ਸਿਖਲਾਈ ਕੇਂਦਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਖ਼ੁਲਾਸਾ ਟਰਾਂਸਪੋਰਟ ਸਕੱਤਰ ਸੀਨ ਡਫੀ ਵੱਲੋਂ ਕੀਤਾ ਗਿਆ ਹੈ।