ਦੱਖਣੀ ਕੋਰੀਆ ਵਿਚ ਪੰਜਾਬੀ ਦਾ ਪੰਜਾਬੀ ਨੇ ਕੀਤਾ ਕਤਲ, ਮ੍ਰਿਤਕ ਨੇ ਅਗਲੇ ਮਹੀਨੇ ਆਉਣਾ ਸੀ ਪਿੰਡ
ਮੁਲਜ਼ਮ ਨੇ ਲੁੱਟ ਦੀ ਨੀਅਤ ਨਾਲ ਦਿੱਤਾ ਵਾਰਦਾਤ ਨੂੰ ਅੰਜਾਮ, ਰਾਜਪੁਰਾ ਦੇ ਪਿੰਡ ਸੈਦਖੇੜੀ ਨਾਲ ਸੀ ਸਬੰਧਿਤ ਨੱਥਾ ਸਿੰਘ
Punjabi murdered in South Korea: ਰਾਜਪੁਰਾ ਦੇ ਪਿੰਡ ਸੈਦਖੇੜੀ ਦੇ ਰਹਿਣ ਵਾਲੇ ਨੌਜਵਾਨ ਦਾ ਦੱਖਣੀ ਕੋਰੀਆ ਵਿਚ 29 ਜਨਵਰੀ ਦੀ ਰਾਤ ਨੂੰ ਇਕ ਹੋਰ ਪੰਜਾਬੀ ਵਲੋਂ ਲੁੱਟ-ਖੋਹ ਦੀ ਨੀਅਤ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਨੱਥਾ ਸਿੰਘ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ।
ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਉਸ ਦਾ ਭਤੀਜਾ ਨੱਥਾ ਸਿੰਘ (45) ਪਿਛਲੇ ਇਕ ਦਹਾਕੇ ਤੋਂ ਰੁਜ਼ਗਾਰ ਲਈ ਦੱਖਣੀ ਕੋਰੀਆ ਦੇ ਸ਼ਹਿਰ ਸਨਣ ਵਿਖੇ ਰਹਿ ਕੇ ਕਿਸੇ ਫੈਕਟਰੀ ਵਿਚ ਕੰਮ ਕਰ ਰਿਹਾ ਸੀ ਅਤੇ ਅਗਲੇ ਮਹੀਨੇ ਉਸ ਨੇ ਰਾਜਪੁਰਾ ਸਥਿਤ ਆਪਣੇ ਘਰ ਵਾਪਸ ਆਉਣਾ ਸੀ ਅਤੇ ਘਰ ਵਿਚ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ। ਲੰਘੇ ਦਿਨੀਂ ਉਨ੍ਹਾਂ ਨੂੰ ਕੋਰੀਆ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਭਤੀਜੇ ਨੱਥਾ ਸਿੰਘ ਦਾ ਪੰਜਾਬੀ ਨੇ ਲੁੱਟ-ਖੋਹ ਦੀ ਨੀਅਤ ਨਾਲ ਘਰ ਅੰਦਰ ਵੜ੍ਹ ਕੇ ਕਤਲ ਕਰ ਦਿੱਤਾ ਅਤੇ ਘਰ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ।
ਸ਼ਿੰਦਰ ਸਿੰਘ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਨੱਥਾ ਸਿੰਘ ਦਾ ਹੱਤਿਆਰਾ ਪਾਤੜਾਂ ਦਾ ਰਹਿਣ ਵਾਲਾ ਕੋਈ ਬਜਾਜ ਨਾਂਅ ਦਾ ਵਿਅਕਤੀ ਹੈ ਅਤੇ ਉਸ ਦੀ ਨੱਥਾ ਸਿੰਘ ਦੇ ਸੋਨੇ ਦੇ ਗਹਿਣਿਆਂ ਨੂੰ ਦੇਖ ਕੇ ਨੀਅਤ ਖ਼ਰਾਬ ਹੋ ਗਈ ਤੇ ਉਸ ਨੇ ਲੁੱਟ-ਖੋਹ ਕਰਨ ਦੀ ਨੀਅਤ ਨਾਲ ਨੱਥਾ ਸਿੰਘ ਦੀ ਹੱਤਿਆ ਕਰ ਦਿੱਤੀ ਅਤੇ ਬਾਅਦ 'ਚ ਉਸ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ।
ਨੱਥਾ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਕੁਲਵਿੰਦਰ ਕੌਰ, ਦੋ ਬੇਟੇ ਜਸਕਰਨ ਸਿੰਘ, ਅਸ਼ਵਿੰਦਰ ਸਿੰਘ ਅਤੇ ਇਕ 1 ਬੇਟੀ ਅਮਨਦੀਪ ਕੌਰ ਨੂੰ ਛੱਡ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਜੀਅ ਇਕ ਦੋ ਦਿਨਾਂ ਤੱਕ ਕਾਗਜ਼ਾਤ ਮੁਕੰਮਲ ਹੋਣ ਤੋਂ ਬਾਅਦ ਅੰਤਿਮ ਰਸਮਾਂ ਲਈ ਦੱਖਣੀ ਕੋਰੀਆ ਜਾ ਰਹੇ ਹਨ ਅਤੇ ਉਥੇ ਹੀ ਨੱਥਾ ਸਿੰਘ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ ਅਤੇ ਉਸ ਦੀ ਅੰਤਿਮ ਅਰਦਾਸ ਪਿੰਡ ਸੈਦਖੇੜੀ ਵਿਖੇ ਕਰਵਾਈ ਜਾਵੇਗੀ