ਭਾਰਤ ਕੈਨੇਡੀਅਨ ਸਿਆਸਤ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਰਿਹੈ : ਅਧਿਕਾਰਤ ਜਾਂਚ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਰੀਪੋਰਟ ਅਨੁਸਾਰ ਕੈਨੇਡਾ ਦੀਆਂ ਪਿਛਲੀਆਂ ਦੋ ਫੈਡਰਲ ਚੋਣਾਂ ’ਚ ਵਿਦੇਸ਼ੀ ਦਖਲਅੰਦਾਜ਼ੀ ਦੇ ਸਬੂਤ ਮਿਲੇ ਹਨ

Representative Image.

ਓਟਾਵਾ: ਕੈਨੇਡਾ ’ਚ ਇਕ ਅਧਿਕਾਰਤ ਜਾਂਚ ਦੌਰਾਨ ਪਾਇਆ ਗਿਆ ਹੈ ਕਿ ਦੇਸ਼ ’ਚ ਮੌਜੂਦ ਵਿਦੇਸ਼ੀ ਏਜੰਟਾਂ ਸਮੇਤ ਭਾਰਤੀ ਅਧਿਕਾਰੀ ਅਜਿਹੀਆਂ ਕਈ ਗਤੀਵਿਧੀਆਂ ’ਚ ਸ਼ਾਮਲ ਰਹੇ ਹਨ, ਜਿਨ੍ਹਾਂ ਦਾ ਉਦੇਸ਼ ਮੁੱਖ ਮੁੱਦਿਆਂ, ਖਾਸ ਕਰ ਕੇ ਦੇਸ਼ ’ਚ ਖਾਲਿਸਤਾਨੀ ਵੱਖਵਾਦੀਆਂ ਬਾਰੇ ਚਿੰਤਾਵਾਂ ’ਤੇ ਨਵੀਂ ਦਿੱਲੀ ਦੇ ਹਿੱਤਾਂ ਦੀ ਪੂਰਤੀ ਲਈ ਕੈਨੇਡੀਅਨ ਭਾਈਚਾਰੇ ਅਤੇ ਸਿਆਸੀ ਨੇਤਾਵਾਂ ਨੂੰ ਪ੍ਰਭਾਵਤ ਕਰਨਾ ਹੈ। 

ਕਮਿਸ਼ਨਰ ਮੈਰੀ-ਜੋਸੀ ਹਾਗ ਦੀ ਅੰਤਰਿਮ ਰੀਪੋਰਟ ਦੇ ਨਤੀਜਿਆਂ ’ਚ 2019 ਅਤੇ 2021 ’ਚ ਹੋਈਆਂ ਕੈਨੇਡਾ ਦੀਆਂ ਪਿਛਲੀਆਂ ਦੋ ਫੈਡਰਲ ਚੋਣਾਂ ’ਚ ਵਿਦੇਸ਼ੀ ਦਖਲਅੰਦਾਜ਼ੀ ਦੇ ਸਬੂਤ ਮਿਲੇ ਹਨ, ਪਰ ਚੋਣਾਂ ਦੇ ਨਤੀਜੇ ਪ੍ਰਭਾਵਤ ਨਹੀਂ ਹੋਏ। ਹਾਗ ਸੁਤੰਤਰ ਜਨਤਕ ਜਾਂਚ ਦੀ ਅਗਵਾਈ ਕਰ ਰਹੇ ਹਨ। 

ਭਾਰਤ ਨੇ ਪਹਿਲਾਂ ਵੀ ਕੈਨੇਡੀਅਨ ਚੋਣਾਂ ਵਿਚ ਦਖਲਅੰਦਾਜ਼ੀ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਰੱਦ ਕਰ ਦਿਤਾ ਸੀ ਅਤੇ ਕਿਹਾ ਸੀ ਕਿ ਮੁੱਖ ਮੁੱਦਾ ਨਵੀਂ ਦਿੱਲੀ ਦੇ ਅੰਦਰੂਨੀ ਮਾਮਲਿਆਂ ਵਿਚ ਕੈਨੇਡਾ ਦੀ ਦਖਲਅੰਦਾਜ਼ੀ ਹੈ। ਸ਼ੁਕਰਵਾਰ ਨੂੰ ਪ੍ਰਕਾਸ਼ਿਤ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜ਼ੀ ਕਰਨ ਵਿਚ ਚੀਨ ਦੀ ਅਹਿਮ ਭੂਮਿਕਾ ਹੈ। 

ਰੀਪੋਰਟ ’ਚ ਕਿਹਾ ਗਿਆ ਹੈ ਕਿ ਕੈਨੇਡੀਅਨ ਅਧਿਕਾਰੀਆਂ ਨੇ ਚੀਨ ਦਾ ਮੁਲਾਂਕਣ ਸੱਭ ਤੋਂ ਸਰਗਰਮ ਦੇਸ਼ ਦੇ ਰੂਪ ’ਚ ਕੀਤਾ ਹੈ, ਜੋ ਸਰਕਾਰੀ ਅਧਿਕਾਰੀਆਂ, ਸਿਆਸੀ ਸੰਗਠਨਾਂ, ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਕੈਨੇਡਾ ’ਚ ਪ੍ਰਵਾਸੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾ ਕੇ ਦਖਲਅੰਦਾਜ਼ੀ ਕਰਦਾ ਹੈ।

ਭਾਰਤ ਬਾਰੇ ਜਾਂਚ ਰੀਪੋਰਟ ਵਿਚ ਕਿਹਾ ਗਿਆ ਹੈ, ‘‘ਕੈਨੇਡੀਅਨ ਏਜੰਟਾਂ ਸਮੇਤ ਭਾਰਤੀ ਅਧਿਕਾਰੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹਨ ਜੋ ਕੈਨੇਡੀਅਨ ਭਾਈਚਾਰਿਆਂ ਅਤੇ ਸਿਆਸੀ ਨੇਤਾਵਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਗਤੀਵਿਧੀਆਂ ’ਚ ਵਿਦੇਸ਼ੀ ਦਖਲਅੰਦਾਜ਼ੀ ਸ਼ਾਮਲ ਹੈ, ਜਿਸ ਦਾ ਉਦੇਸ਼ ਭਾਰਤ ਦੇ ਹਿੱਤਾਂ ਦੀ ਪੂਰਤੀ ਕਰਨਾ ਹੈ।’’

ਰੀਪੋਰਟ ਮੁਤਾਬਕ ਕੈਨੇਡਾ ’ਚ ਭਾਰਤ ਦੀ ਦਿਲਚਸਪੀ ਕੈਨੇਡਾ ਦੇ ਵੱਡੇ ਦਖਣੀ ਏਸ਼ੀਆਈ ਭਾਈਚਾਰੇ ਨਾਲ ਜੁੜੀ ਹੋਈ ਹੈ। ਭਾਰਤ ਇਨ੍ਹਾਂ ਭਾਈਚਾਰਿਆਂ ਦੇ ਇਕ ਹਿੱਸੇ ਨੂੰ ਭਾਰਤ ਵਿਰੋਧੀ ਭਾਵਨਾਵਾਂ ਦੇ ਪ੍ਰਚਾਰਕ ਵਜੋਂ ਦੇਖਦਾ ਹੈ ਅਤੇ ਉਨ੍ਹਾਂ ਨੂੰ ਭਾਰਤ ਦੀ ਸਥਿਰਤਾ ਦੇ ਨਾਲ-ਨਾਲ ਕੌਮੀ ਸੁਰੱਖਿਆ ਲਈ ਖਤਰਾ ਮੰਨਦਾ ਹੈ। 

ਉਨ੍ਹਾਂ ਕਿਹਾ, ‘‘ਭਾਰਤ ਜਾਇਜ਼, ਖਾਲਿਸਤਾਨ ਪੱਖੀ ਸਿਆਸੀ ਸਮੂਹਾਂ ਅਤੇ ਕੈਨੇਡਾ ਵਿਚ ਮੌਜੂਦ ਛੋਟੇ ਖਾਲਿਸਤਾਨੀ ਹਿੰਸਕ ਅਤਿਵਾਦ ਵਿਚ ਫਰਕ ਨਹੀਂ ਕਰਦਾ। ਇਹ ਖਾਲਿਸਤਾਨੀ ਵੱਖਵਾਦ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਭਾਰਤ ਲਈ ਦੇਸ਼ਧ੍ਰੋਹ ਦੇ ਖਤਰੇ ਵਜੋਂ ਦੇਖਦਾ ਹੈ।’’

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਫ਼ਰਵਰੀ ’ਚ ਨਵੀਂ ਦਿੱਲੀ ’ਚ ਕਿਹਾ ਸੀ, ‘‘ਅਸੀਂ ਕੈਨੇਡੀਅਨ ਚੋਣਾਂ ’ਚ ਭਾਰਤੀ ਦਖਲਅੰਦਾਜ਼ੀ ਦੇ ਅਜਿਹੇ ਸਾਰੇ ਬੇਬੁਨਿਆਦ ਦੋਸ਼ਾਂ ਨੂੰ ਸਪੱਸ਼ਟ ਤੌਰ ’ਤੇ ਰੱਦ ਕਰਦੇ ਹਾਂ।’’ ਉਨ੍ਹਾਂ ਕਿਹਾ ਕਿ ਦੂਜੇ ਦੇਸ਼ਾਂ ਦੀ ਲੋਕਤੰਤਰੀ ਪ੍ਰਕਿਰਿਆ ’ਚ ਦਖਲ ਦੇਣਾ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ। ਉਨ੍ਹਾਂ ਕਿਹਾ ਸੀ, ‘‘ਅਸਲ ’ਚ, ਇਹ ਕੈਨੇਡਾ ਹੈ ਜੋ ਸਾਡੇ ਅੰਦਰੂਨੀ ਮਾਮਲਿਆਂ ’ਚ ਦਖਲ ਦੇ ਰਿਹਾ ਹੈ।’’ ਕੈਨੇਡਾ ਦੇ ਅੰਦਰੂਨੀ ਮਾਮਲਿਆਂ ’ਚ ਦਖਲਅੰਦਾਜ਼ੀ ਕਰਨ ਵਾਲੀਆਂ ਗਤੀਵਿਧੀਆਂ ’ਚ ਸ਼ਾਮਲ ਹੋਰ ਦੇਸ਼ਾਂ ਦੀ ਪਛਾਣ ਰੂਸ, ਪਾਕਿਸਤਾਨ ਅਤੇ ਈਰਾਨ ਵਜੋਂ ਕੀਤੀ ਗਈ ਹੈ।