ਬ੍ਰਿਟਿਸ਼ ਏਅਰ ਫੋਰਸ ਦੀ ਪਹਿਲੀ ਸਿੱਖ 'ਧਾਰਮਿਕ ਗੁਰੂ' ਮਨਦੀਪ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪੰਜਾਬ 'ਚ ਜੰਮੀ-ਪਲੀ ਮਨਦੀਪ ਕੌਰ ਨੇ ਬ੍ਰਿਟੇਨ ਵਿਚ ਪੰਜਾਬੀਆਂ ਅਤੇ ਸਿੱਖ ਸਮਾਜ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈ।

Mandeep Kaur

ਬ੍ਰਿਟੇਨ: ਪੰਜਾਬ 'ਚ ਜੰਮੀ-ਪਲੀ ਮਨਦੀਪ ਕੌਰ ਨੇ ਬ੍ਰਿਟੇਨ ਵਿਚ ਉਸ ਸਮੇਂ ਪੰਜਾਬੀਆਂ ਅਤੇ ਸਿੱਖ ਸਮਾਜ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਜਦੋਂ ਉਨ੍ਹਾਂ ਨੂੰ ਬ੍ਰਿਟੇਨ ਦੀ ਸ਼ਾਹੀ ਹਥਿਆਰਬੰਦ ਫ਼ੌਜ ਵਿਚ ਇਕ ਅਧਿਆਤਮਕ ਗੁਰੂ ਦੇ ਤੌਰ 'ਤੇ ਚੁਣਿਆ ਗਿਆ। ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲੀ ਉਹ ਸਿੱਖ ਧਰਮ ਦੀ ਪਹਿਲੀ ਔਰਤ ਹੈ, ਜਿਸ ਨੇ ਇਹ ਅਹੁਦਾ ਹਾਸਲ ਕਰਕੇ ਇਤਿਹਾਸ ਸਿਰਜ ਦਿੱਤਾ ਹੈ।

ਬਰਮਿੰਘਮ ਦੀ ਰਹਿਣ ਵਾਲੀ ਮਨਦੀਪ ਕੌਰ ਨੇ ਪੰਜਾਬ ਦੇ ਸੇਂਟ ਪਾਲਸ ਕਾਨਵੈਂਟ ਸਕੂਲ ਦਸੂਹਾ ਅਤੇ ਆਰਮੀ ਸਕੂਲ ਉੱਚੀ ਬਸੀ ਤੋਂ ਸਿੱਖਿਆ ਹਾਸਲ ਕੀਤੀ। ਇਸ ਤੋਂ ਇਲਾਵਾ ਮਨਦੀਪ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਐਗਰੀਕਲਚਰ ਇੰਜੀਨਿਅਰਿੰਗ ਵਿਚ ਬੀ ਟੈਕ ਅਤੇ ਸਾਇਲ ਐਂਡ ਵਾਟਰ ਇੰਜੀਨਿਅਰਰਿੰਗ ਵਿਚ ਮਾਸਟਰ ਆਫ਼ ਟੈਕਨਾਲੋਜੀ ਵਿਚ ਐਮ ਟੈਕ ਵੀ ਕੀਤੀ ਹੈ। ਇਸ ਤੋਂ ਬਾਅਦ ਮਨਦੀਪ ਪੀਐਚਡੀ ਕਰਨ ਲਈ ਇੰਗਲੈਂਡ ਆ ਗਈ ਸੀ।

ਮਨਦੀਪ ਕੌਰ ਨੇ ਇੰਜੀਨਿਅਰਿੰਗ ਵਿਚ ਡਾਕਟਰੇਟ ਦੇ ਲਈ ਯੂਕੇ ਵਿਚ ਪੜ੍ਹਦੇ ਹੋਏ ਇਸ ਅਹੁਦੇ ਲਈ ਚੁਣਿਆ ਗਿਆ ਸੀ ਅਤੇ 2005 ਤੋਂ ਹੀ ਉਹ ਇਸ ਅਹੁਦੇ 'ਤੇ ਕੰਮ ਕਰ ਰਹੀ ਹੈ। ਮਨਦੀਪ ਦਾ ਕਹਿਣਾ ਹੈ ਕਿ ਯੂਨਾਇਟਡ ਕਿੰਗਡਮ ਦੇ ਸ਼ਾਹੀ ਹਥਿਆਰਬੰਦ ਬਲਾਂ ਵਿਚ ਉਸ ਦੇ ਪਹਿਲੇ ਸਿੱਖ ਅਧਿਆਤਮਕ ਗੁਰੂ ਬਣਨ ਦੀ ਰਾਹ ਕੋਈ ਤੈਅਸ਼ੁਦਾ ਨਹੀਂ ਸੀ ਨਾ ਹੀ ਇਸ ਦਾ ਕੋਈ ਅੰਦਾਜ਼ਾ ਲਗਾਇਆ ਗਿਆ ਸੀ। ਉਹਨਾਂ ਕਿਹਾ ਕਿ ਮੈਨੂੰ ਲਗਦੈ ਕਿ ਮੈਨੂੰ ਸਿਰਫ਼ ਵਾਹਿਗੁਰੂ ਦੀ ਕ੍ਰਿਪਾ ਸਦਕਾ ਇਹ ਮਿਲ ਸਕਿਆ ਹੈ।

ਮਨਦੀਪ ਦਾ ਕਹਿਣਾ ਹੈ ਕਿ ਉਸ ਦਾ ਪਿਛੋਕੜ ਖੇਤੀਬਾੜੀ ਵਾਲਾ ਹੈ। ਉਸ ਦੀਆਂ ਗ੍ਰੈਜੁਏਸ਼ਨ ਅਤੇ ਮਾਸਟਰ ਦੋਵੇਂ ਡਿਗਰੀਆਂ ਵੀ ਇਸੇ ਵਿਸ਼ੇ ਵਿਚ ਹਨ ਅਤੇ ਇਸੇ ਖੇਤਰ  ਵਿਚ ਉਹ ਇੰਗਲੈਂਡ ਪੀਐਚਡੀ ਕਰਨ ਲਈ ਆਈ ਸੀ ਪਰ ਜਦੋਂ ਉਸ ਨੇ ਇਕ ਅਖ਼ਬਾਰ ਵਿਚ ਇਸ਼ਤਿਹਾਰ ਦੇਖਿਆ ਤਾਂ ਉਸ ਨੇ ਇਸ ਦੇ ਲਈ ਅਰਜ਼ੀ ਦਿੱਤੀ ਅਤੇ ਉਸ ਦੀ ਚੋਣ ਹੋ ਗਈ ਕਿਉਂਕਿ ਇਸ ਸਭ ਦੇ ਨਾਲ-ਨਾਲ ਉਸ ਦੀ ਰੁਚੀ ਪਹਿਲਾਂ ਤੋਂ ਹੀ ਧਾਰਮਿਕ ਬਿਰਤੀ ਵਾਲੀ ਵੀ ਸੀ।

ਯੂਕੇ ਦੀ ਰਾਇਲ ਏਅਰ ਫੋਰਸ ਵਿਚ ਉਨ੍ਹਾਂ ਦੀ ਭੂਮਿਕਾ ਸਾਰੇ ਫ਼ੌਜੀਆਂ, ਮਲਾਹਾਂ, ਏਅਰਮੈਨਜ਼ ਅਤੇ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਧਿਆਤਮਕ ਅਤੇ ਕਲਿਆਣਕਾਰੀ ਸਹਾਇਤਾ ਪ੍ਰਦਾਨ ਕਰਨ ਦੀ ਹੈ। ਦਸੰਬਰ 2018 ਵਿਚ ਮਨਦੀਪ ਕੌਰ ਨੂੰ ਬ੍ਰਿਟਿਸ਼ ਸਾਮਰਾਜ ਵਿਚ ਵਿਸ਼ੇਸ਼ ਸੇਵਾਵਾਂ ਨਿਭਾਉਣ ਬਦਲੇ ਇਕ ਵਿਸ਼ੇਸ਼ ਮੈਂਬਰ ਦੇ ਰੂਪ ਵਿਚ ਸਨਮਾਨਿਤ ਵੀ ਕੀਤਾ ਗਿਆ ਸੀ। ਯਕੀਨਨ ਤੌਰ 'ਤੇ ਮਨਦੀਪ ਕੌਰ ਨੇ ਇਸ ਅਹੁਦੇ ਨੂੰ ਹਾਸਲ ਕਰਕੇ ਵਿਸ਼ਵ ਭਰ ਦੇ ਸਿੱਖਾਂ ਦਾ ਸਿਰ ਮਾਣ ਨਾਲ ਹੋਰ ਉਚਾ ਕੀਤਾ ਹੈ।