ਕੌਣ ਹੈ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ 'ਚ ਪੰਜਾਬੀ 'ਚ ਭਾਸ਼ਣ ਦੇਣ ਵਾਲੀ ਰਚਨਾ ਸਿੰਘ? ਆਓ ਜਾਣਦੇ ਹਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪਿਛੋਕੜ ਬਾਰੇ ਗੱਲ ਕਰੀਏ ਤਾਂ ਰਚਨਾ ਸਿੰਘ ਦਾ ਆਧਾਰ ਜਗਰਾਓਂ ਨੇੜਲੇ ਪਿੰਡ ਭੰਮੀਪੁਰਾ ਨਾਲ ਜੁੜਿਆ ਹੈ।

Rachna Singh

 

1 ਨਵੰਬਰ ਪੰਜਾਬ ਦਿਵਸ ਦੇ ਦਿਨ, ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ 'ਚ ਪੰਜਾਬੀ 'ਚ ਸੰਬੋਧਨ ਕਰਨ ਵਾਲੀ ਰਚਨਾ ਸਿੰਘ ਨੇ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਦਾ ਧਿਆਨ ਆਪਣੇ ਵੱਲ੍ਹ ਖਿੱਚਿਆ ਅਤੇ ਉਨ੍ਹਾਂ ਸਭ ਨੇ ਰਚਨਾ ਦੀ ਇਸ ਪਹਿਲਕਦਮੀ 'ਤੇ ਮਾਣ ਮਹਿਸੂਸ ਕੀਤਾ। ਦਰਅਸਲ ਜਿਸ ਦਿਨ ਰਚਨਾ ਨੇ ਇਹ ਪੰਜਾਬੀ 'ਚ ਸੰਬੋਧਨ ਕੀਤਾ, ਉਸ ਦਿਨ ਪੰਜਾਬ ਦਿਵਸ ਸੀ, ਜਦੋਂ ਪੰਜਾਬ ਪੁਨਰਗਠਨ ਐਕਟ 1966 ਪਾਸ ਹੋਇਆ ਸੀ ਅਤੇ ਅਜੋਕੇ ਪੰਜਾਬ ਦਾ ਗਠਨ ਹੋਇਆ ਸੀ।

ਆਪਣੇ ਸੰਬੋਧਨ 'ਚ ਜ਼ਿਕਰ ਕਰਦਿਆਂ ਰਚਨਾ ਨੇ ਕਿਹਾ ਕਿ 1 ਨਵੰਬਰ 1966 ਨੂੰ ਅਜੋਕਾ ਪੰਜਾਬ ਬਣਿਆ ਸੀ ਅਤੇ ਇਸ ਲਈ ਕੁਝ ਸ਼ਬਦ ਉਹ ਪੰਜਾਬੀ ਵਿੱਚ ਕਹਿਣਾ ਚਾਹੁੰਦੀ ਹੈ। ਰਚਨਾ ਨੇ ਕਿਹਾ, "ਮੈਨੂੰ ਪੰਜਾਬੀ ਹੋਣ 'ਤੇ ਮਾਣ ਹੈ, ਅਤੇ ਕੈਨੇਡਾ 'ਤੇ ਵੀ ਪੂਰਾ ਮਾਣ ਹੈ, ਜਿਸ ਨੇ ਮੇਰੀ ਮਾਂ-ਬੋਲੀ ਨੂੰ ਪ੍ਰਫੁੱਲਿਤ ਹੋਣ ਦਾ ਮੌਕਾ ਦਿੱਤਾ।" ਸੰਬੋਧਨ ਖ਼ਤਮ ਹੋਣ 'ਤੇ ਹਾਜ਼ਰ ਸਮੂਹ ਵਿਧਾਇਕਾਂ ਨੇ ਤਾੜੀਆਂ ਵਜਾ ਕੇ ਰਚਨਾ ਸਿੰਘ ਦੀ ਪਹਿਲਕਦਮੀ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ।

ਪਿਛੋਕੜ ਬਾਰੇ ਗੱਲ ਕਰੀਏ ਤਾਂ ਰਚਨਾ ਸਿੰਘ ਦਾ ਆਧਾਰ ਜਗਰਾਓਂ ਨੇੜਲੇ ਪਿੰਡ ਭੰਮੀਪੁਰਾ ਨਾਲ ਜੁੜਿਆ ਹੈ। ਇੱਥੋਂ ਰਚਨਾ 2001 'ਚ ਕੈਨੇਡਾ ਪਹੁੰਚੇ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਨੂੰ ਉਨ੍ਹਾਂ ਆਪਣੀ ਕਰਮ ਭੂਮੀ ਵਜੋਂ ਅਪਣਾਇਆ। 2017 'ਚ ਵਿਧਾਇਕ ਬਣ ਕੇ ਰਚਨਾ ਸਿੰਘ ਨੇ ਸਿਆਸੀ ਜਗਤ 'ਚ ਨਾਮਣਾ ਖੱਟਿਆ। ਸਰੀ ਤੇ ਗ੍ਰੀਨ ਟਿੰਬਰਜ਼ ਤੋਂ ਵਿਧਾਇਕ ਬਣਨ ਤੋਂ ਪਹਿਲਾਂ ਰਚਨਾ ਇੱਕ ਮਨੋਵਿਗਿਆਨੀ ਅਤੇ ਕਾਉਂਸਲਰ ਵਜੋਂ ਕੰਮ ਕਰਨ ਦੇ ਨਾਲ-ਨਾਲ, ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲਾਇਜ਼ ਦੀ ਕੌਮੀ ਪ੍ਰਤੀਨਿਧੀ ਵਜੋਂ ਸੇਵਾ ਨਿਭਾ ਚੁੱਕੀ ਹੈ। ਇਸ ਦੇ ਨਾਲ ਹੀ ਰਚਨਾ ਬ੍ਰਿਟਿਸ਼ ਕੋਲੰਬੀਆ ਦੀ ਨਸਲਵਾਦ ਵਿਰੋਧੀ ਮਾਮਲਿਆਂ ਦੀ ਸੰਸਦੀ ਸਕੱਤਰ ਵੀ ਹੈ।

ਪਰਿਵਾਰ ਦੀ ਗੱਲ ਕਰੀਏ ਤਾਂ ਰਚਨਾ ਸਿੰਘ ਦੇ ਦੋ ਬੱਚੇ ਹਨ, ਅਤੇ ਉਨ੍ਹਾਂ ਦੇ ਪਤੀ ਇੱਕ ਪੱਤਰਕਾਰ ਅਤੇ ਸਮਾਜਿਕ ਕਾਰਕੁੰਨ ਹਨ। ਰਚਨਾ ਸਿੰਘ ਦੀ ਬਾਰੇ ਮੁਢਲੀ ਜਾਣਕਾਰੀ ਉਨ੍ਹਾਂ ਦੀ ਵੈਬਸਾਈਟ 'ਤੇ ਉਪਲਬਧ ਹੈ। ਇਸ 'ਚ ਉਨ੍ਹਾਂ ਗੱਲਾਂ ਦਾ ਵੀ ਜ਼ਿਕਰ ਕੀਤਾ ਹੈ ਜਿਸ ਲਈ ਰਚਨਾ ਸਿੰਘ ਤੇ ਉਨ੍ਹਾਂ ਦਾ ਦਫ਼ਤਰ ਮਦਦ ਲਈ ਹਰ ਪੱਖ ਤੋਂ ਹਾਜ਼ਰ ਹਨ। ਕੈਨੇਡੀਅਨ ਵਿਧਾਇਕ ਰਚਨਾ ਸਿੰਘ ਦਾ ਨਾਂਅ ਉਨ੍ਹਾਂ ਲੋਕਾਂ 'ਚ ਸ਼ਾਮਲ ਹੈ ਜਿਨ੍ਹਾਂ ਨੇ ਸਿੱਖ ਕੌਮ, ਪੰਜਾਬ ਤੇ ਪੰਜਾਬੀ ਭਾਈਚਾਰੇ ਦਾ ਨਾਂਅ ਦੇਸ਼-ਦੁਨੀਆ 'ਚ ਰੌਸ਼ਨ ਕੀਤਾ ਹੈ। ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਅਤੇ ਹੋਰ ਕਾਮਯਾਬੀਆਂ ਹਾਸਲ ਕਰਨ ਲਈ ਉਨ੍ਹਾਂ ਨੂੰ ਬਹੁਤ ਸ਼ੁਭਕਾਮਨਾਵਾਂ