ਕਿਸਾਨਾਂ ਦੀ ਹਮਾਇਤ ਵਿਚ ਜਰਮਨੀ ਵਿਖੇ ਵਿਸ਼ਾਲ ਕਾਰ ਰੋਸ ਰੈਲੀ ਹੋਵੇਗੀ : ਜਰਮਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਦਿੱਲੀ ਪਹੁੰਚੇ ਕਿਸਾਨਾਂ ਦੇ ਹੱਕ ਵਿਚ 'ਸਪੋਕਸਮੈਨ ਅਖ਼ਬਾਰ' ਵਲੋਂ ਪਾਏ ਯੋਗਦਾਨ ਦੇ ਐਨ.ਆਰ.ਆਈ ਕਾਇਲ

Jagjit Singh Germany

ਸੰਗਰੂਰ: 'ਦਿੱਲੀ ਚਲੋ' ਕਿਸਾਨ ਅੰਦੋਲਨ ਦੀ ਹਮਾਇਤ ਵਿਚ ਜਿਥੇ ਪੂਰੀ ਦੁਨੀਆਂ ਵਿਚ ਵਸਦੇ ਕਿਸਾਨ ਭਾਈਚਾਰੇ ਦੇ ਲੋਕ ਅਪਣੀ ਸਮਰਥਾ ਮੁਤਾਬਕ ਹਾਅ ਦਾ ਨਾਹਰਾ ਮਾਰ ਰਹੇ ਹਨ ਉੱਥੇ ਯੂਰਪ ਦੇ ਪ੍ਰਮੁੱਖ ਦੇਸ਼ ਜਰਮਨੀ ਵਿਚ ਵਸਦੀਆਂ ਪੰਜਾਬੀ ਸਿੱਖ ਸੰਗਤਾਂ ਕਿਸਾਨ ਵਿਰੋਧੀ ਬਿਲਾਂ ਦੇ ਵਿਰੋਧ ਅਤੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਅਪਣਾ ਰੋਸ ਪ੍ਰਗਟਾਉਣ ਲਈ ਫ਼ਰੈਂਕਫ਼ਰਟ ਵਿਖੇ 4 ਦਸੰਬਰ ਦੁਪਹਿਰ 12 ਵਜੇ ਤੋਂ 3 ਵਜੇ ਤਕ ਦਿੱਲੀ ਵਿਖੇ ਰਾਜ ਕਰਦੀ ਭਾਜਪਾ ਦੀ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਕਾਰਵਾਈਆਂ ਦੇ ਵਿਰੋਧ ਵਿਚ ਵਿਸ਼ਾਲ ਕਾਰ ਰੋਸ ਰੈਲੀ ਕੱਢ ਰਹੀਆਂ ਹਨ।

ਜਰਮਨੀ ਤੋਂ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਜਾਣਕਾਰੀ ਜਰਮਨੀ ਦੇ ਫ੍ਰੈਂਕਫ਼ਰਟ ਸ਼ਹਿਰ ਵਸਦੇ ਉੱਘੇ ਪੰਜਾਬੀ ਕਾਰੋਬਾਰੀ ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਸਰਪ੍ਰਸਤ ਸ. ਜਗਜੀਤ ਸਿੰਘ ਜਰਮਨੀ ਨੇ ਦਿਤੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਕਾਰ ਰੈਲੀ ਇਸ ਸ਼ਹਿਰ ਦੇ ਮੁੱਖ ਚੌਕ ਬੈਰਨਹੋਮਰ ਵਿਚੋਂ ਚਲ ਕੇ ਗੁਰਦੁਆਰਾ ਸਿੱਖ ਸੈਂਟਰ ਈ.ਵੀ. ਸਾਈਮਨਟਰੋਬ ਫ਼ਰੈਂਕਫ਼ਰਟ ਵਿਖੇ ਸਮਾਪਤ ਹੋਵੇਗੀ।

ਉਨ੍ਹਾਂ ਇਹ ਵੀ ਦਸਿਆ ਕਿ ਉਸ ਸਮੇਂ ਇਸ ਕਾਰ ਰੈਲੀ ਵਿਚ ਜਰਮਨੀ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅੰਮ੍ਰਿਤਪਾਲ ਸਿੰਘ ਪੰਧੇਰ, ਜੋਗਾ ਸਿੰਘ ਮੋਤੀ,ਸ਼ਿਵਦੇਵ ਸਿੰਘ ਕੰਗ, ਸੱਜਣ ਸਿੰਘ ਮੁਲਤਾਨੀ, ਰਾਜਵਿੰਦਰ ਕੌਰ, ਭੁਪਿੰਦਰਪਾਲ ਕੌਰ, ਰੁਲਦਾ ਸਿੰਘ, ਅਰਪਿੰਦਰ ਸਿੰਘ ਬਿੱਟੂ, ਚਰਨਜੀਤ ਸਿੰਘ ਅਤੇ ਅੰਜੂਜੀਤ ਸ਼ਾਮਲ ਹੋਣਗੇ। ਉਨ੍ਹਾਂ ਦਸਿਆ ਕਿ ਦਿੱਲੀ ਪਹੁੰਚੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਅਪਣੀ ਕਵਰੇਜ ਦੁਆਰਾ ਜਿਸ ਤਰ੍ਹਾਂ ਦਾ ਉਸਾਰੂ ਯੋਗਦਾਨ 'ਰੋਜ਼ਾਨਾ ਸਪੋਕਸਮੈਨ' ਅਖ਼ਬਾਰ ਵਲੋਂ ਪਾਇਆ ਅਤੇ ਨਿਭਾਇਆ ਜਾ ਰਿਹਾ ਹੈ ਉਹ ਬਹੁਤ ਵਿਲੱਖਣ ਹੈ ਤੇ ਜਰਮਨ ਵਸਦੇ ਪੰਜਾਬੀ ਇਸ ਅਖ਼ਬਾਰ ਦੇ ਸਦਾ ਰਿਣੀ ਰਹਿਣਗੇ।

ਅਖ਼ੀਰ ਵਿਚ ਉਨ੍ਹਾਂ ਸਪੋਕਸਮੈਨ ਵਲੋਂ ਵੱਡੀਆਂ ਔਕੜਾਂ ਦੌਰਾਨ 15 ਸਾਲ ਪੂਰੇ ਕਰਨ ਅਤੇ 16ਵੇਂ ਸਾਲ ਵਿਚ ਦਾਖ਼ਲ ਹੋਣ ਅਤੇ ਸਿੱਖ ਕੌਮ ਨੂੰ ਜਗਾਉਣ ਲਈ ਪਾਏ ਵਡਮੁੱਲੇ ਯੋਗਦਾਨ ਲਈ ਸਦਾ ਯਾਦ ਰਖਿਆ ਜਾਵੇਗਾ।