ਸਕਾਟਲੈਂਡ ਦੀ ਸਿੱਖ ਕਲਾਕਾਰ ਜਸਲੀਨ ਕੌਰ ਨੇ ਜਿੱਤਿਆ ਵੱਕਾਰੀ ਟਰਨਰ ਪੁਰਸਕਾਰ 2024
ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਜਸਲੀਨ ਕੌਰ ਨੇ ਅਪਣੇ ਸੰਬੋਧਨ ’ਚ ਫ਼ਲਸਤੀਨ ਨਾਲ ਮਜ਼ਬੂਤ ਇਕਜੁਟਤਾ ਪ੍ਰਗਟ ਕੀਤੀ
ਲੰਡਨ : ‘ਨਿੱਜੀ, ਸਿਆਸੀ ਅਤੇ ਅਧਿਆਤਮਿਕ’ ਪਹਿਲੂਆਂ ਨੂੰ ਇਕੱਠਿਆਂ ਦਰਸਾਉਣ ਵਾਲੀ ਗਲਾਸਗੋ ’ਚ ਜਨਮੀ ਭਾਰਤੀ ਮੂਲ ਦੀ ਕਲਾਕਾਰ ਜਸਲੀਨ ਕੌਰ ਨੇ ਬਰਤਾਨੀਆਂ ਦਾ ਵੱਕਾਰੀ ਟਰਨਰ ਪੁਰਸਕਾਰ 2024 ਜਿੱਤਿਆ ਹੈ। ਜਸਲੀਨ ਦੀਆਂ ਰਚਨਾਵਾਂ ਸਕਾਟਲੈਂਡ ਦੇ ਸਿੱਖ ਭਾਈਚਾਰੇ ’ਚ ਵੱਡੇ ਹੋਣ ਦੌਰਾਨ ਉਸ ਦੇ ਜੀਵਨ ਤੋਂ ਪ੍ਰੇਰਿਤ ਹਨ।
ਜਸਲੀਨ ਕੌਰ ਨੂੰ ਮੰਗਲਵਾਰ ਰਾਤ ਨੂੰ ਲੰਡਨ ਦੇ ਟੇਟ ਬਰਤਾਨੀਆਂ ਵਿਚ ਹੋਏ ਇਕ ਸਮਾਰੋਹ ਵਿਚ ਅਪਣੀ ਕਲਾ ਪ੍ਰਦਰਸ਼ਨੀ ‘ਆਲਟਰ ਆਲਟਰ’ ਲਈ ਲਗਭਗ 26.84 ਲੱਖ ਰੁਪਏ ਦਾ ਇਨਾਮ ਮਿਲਿਆ। ਪ੍ਰਦਰਸ਼ਨੀ ’ਚ ਇਕੱਤਰ ਕੀਤੀਆਂ ਅਤੇ ਦੁਬਾਰਾ ਬਣਾਈਆਂ ਗਈਆਂ ਵਸਤੂਆਂ ਤੋਂ ਬਣਾਈਆਂ ਮੂਰਤੀਆਂ ਨੂੰ ਪੇਸ਼ ਕੀਤਾ ਗਿਆ ਸੀ।
ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਜਸਲੀਨ ਕੌਰ ਨੇ ਅਪਣੇ ਸੰਬੋਧਨ ’ਚ ਫ਼ਲਸਤੀਨ ਨਾਲ ਮਜ਼ਬੂਤ ਇਕਜੁਟਤਾ ਪ੍ਰਗਟ ਕੀਤੀ। ਪ੍ਰੋਗਰਾਮ ਦੌਰਾਨ ਲੰਡਨ ਦੇ ਟੇਟ ਮਾਡਰਨ ਦੇ ਬਾਹਰ ਇਕੱਠੇ ਹੋਏ ਪ੍ਰਦਰਸ਼ਨਕਾਰੀ ਗੈਲਰੀ ਵੱਲੋਂ ਇਜ਼ਰਾਈਲ ਨਾਲ ਵਿੱਤੀ ਸਬੰਧ ਰੱਖਣ ਵਾਲੇ ਸੰਗਠਨਾਂ ਨਾਲ ਸਬੰਧ ਤੋੜਨ ਦੀ ਮੰਗ ਕਰ ਰਹੇ ਸਨ। ਪਿਛਲੇ ਹਫਤੇ, ਜਸਲੀਨ ਕੌਰ ਨੇ ਇਸ ਮੁਹਿੰਮ ਦੇ ਸਮਰਥਨ ’ਚ ਇਕ ਖੁੱਲ੍ਹੀ ਚਿੱਠੀ ’ਤੇ ਦਸਤਖਤ ਕੀਤੇ ਸਨ। ਉਨ੍ਹਾਂ ਨੇ ਅੱਜ ਪੁਰਸਕਾਰ ਪ੍ਰਾਪਤ ਕਰਨ ਦੌਰਾਨ ਫ਼ਲਸਤੀਨੀ ਝੰਡੇ ਦੇ ਰੰਗ ਦਾ ਸਕਾਰਫ਼ ਪਾਇਆ ਹੋਇਆ ਸੀ। ਉਨ੍ਹਾਂ ਕਿਹਾ, ‘‘ਮੈਂ ਬਾਹਰ ਪ੍ਰਦਰਸ਼ਨਕਾਰੀਆਂ ਦੀਆਂ ਆਵਾਜ਼ਾਂ ਦੀ ਗੂੰਜ ਬਣਨਾ ਚਾਹੁੰਦੀ ਹਾਂ।’’
ਟਰਨਰ ਪੁਰਸਕਾਰ ਜਿਊਰੀ ਨੇ ਕਿਹਾ ਕਿ ਉਨ੍ਹਾਂ ਨੇ ਜਸਲੀਨ ਕੌਰ ਨੂੰ ਰੋਜ਼ਾਨਾ ਦੀਆਂ ਚੀਜ਼ਾਂ ’ਤੇ ਉਸ ਦੇ ਵਿਚਾਰਾਂ ਲਈ ਚੁਣਿਆ ਜਿਸ ਵਿਚ ਉਸ ਨੇ ਆਵਾਜ਼ ਅਤੇ ਸੰਗੀਤ ਰਾਹੀਂ ਉਨ੍ਹਾਂ ਨੂੰ ਜੀਵਤ ਕਰ ਕੇ ‘ਭਾਈਚਾਰਕ ਅਤੇ ਸਭਿਆਚਾਰਕ ਵਿਰਾਸਤ’ ਨੂੰ ਸਾਹਮਣੇ ਲਿਆਂਦਾ। ਜਿਊਰੀ ਨੇ ਇਕ ਬਿਆਨ ਵਿਚ ਕਿਹਾ ਕਿ ਜਿਊਰੀ ਨੇ ਨੋਟ ਕੀਤਾ ਕਿ ਕਿਵੇਂ ਜਸਲੀਨ ਕੌਰ ਨੇ ਅਪਣੀ ਪ੍ਰਦਰਸ਼ਨੀ ‘ਆਲਟਰ ਆਲਟਰ’ ਵਿਚ ਨਿੱਜੀ, ਸਿਆਸੀ ਅਤੇ ਅਧਿਆਤਮਕ ਪਹਿਲੂਆਂ ਨੂੰ ਇਕੱਠੇ ਕੀਤਾ ਹੈ, ਜਿਸ ਵਿਚ ਇਕ ਵਿਜ਼ੂਅਲ ਅਤੇ ਆਡੀਓ ਅਨੁਭਵ ਦਾ ਨਿਰਦੇਸ਼ਨ ਕੀਤਾ ਗਿਆ ਹੈ ਜੋ ਇਕਜੁੱਟਤਾ ਅਤੇ ਖੁਸ਼ੀ ਦੋਹਾਂ ਦਾ ਸੰਕੇਤ ਦਿੰਦਾ ਹੈ।
ਅਪਣੇ ਸੰਬੋਧਨ ’ਚ ਜਸਲੀਨ ਕੌਰ ਨੇ ਕਿਹਾ, ‘‘ਅੱਜ ਮੈਨੂੰ ਸਥਾਨਕ ਸਿੱਖ ਭਾਈਚਾਰੇ ਅਤੇ ਉਨ੍ਹਾਂ ਲੋਕਾਂ ਤੋਂ ਬਹੁਤ ਸਾਰੇ ਸੰਦੇਸ਼ ਮਿਲੇ ਹਨ ਜਿਨ੍ਹਾਂ ਨਾਲ ਮੈਂ ਵੱਡੀ ਹੋਈ। ਇਸ ਕਿਸਮ ਦੀ ਚੀਜ਼ ਬਹੁਤ ਸਾਰੇ ਲੋਕਾਂ ਲਈ ਬਹੁਤ ਮਾਇਨੇ ਰਖਦੀ ਹੈ। ਇਹ ਵੱਖ-ਵੱਖ ਸਮੂਹਾਂ ਲਈ ਮਹੱਤਵਪੂਰਨ ਹੈ ਅਤੇ ਮੈਂ ਉਨ੍ਹਾਂ ਸਾਰਿਆਂ ਦੀ ਨੁਮਾਇੰਦਗੀ ਕਰਨ ਲਈ ਤਿਆਰ ਹਾਂ।’’
ਟਰਨਰ ਪੁਰਸਕਾਰ, ਵਿਜ਼ੂਅਲ ਆਰਟਸ ਲਈ ਦੁਨੀਆਂ ਦੇ ਸੱਭ ਤੋਂ ਮਸ਼ਹੂਰ ਪੁਰਸਕਾਰਾਂ ’ਚੋਂ ਇਕ ਹੈ, ਜਿਸ ਦਾ ਉਦੇਸ਼ ਸਮਕਾਲੀ ਬ੍ਰਿਟਿਸ਼ ਕਲਾ ’ਚ ਨਵੇਂ ਵਿਕਾਸ ਬਾਰੇ ਜਨਤਕ ਬਹਿਸ ਸ਼ੁਰੂ ਕਰਨਾ ਹੈ। 1984 ’ਚ ਸਥਾਪਤ, ਪੁਰਸਕਾਰ ਦਾ ਨਾਮ ਕ੍ਰਾਂਤੀਕਾਰੀ ਚਿੱਤਰਕਾਰ ਜੇ.ਐਮ. ਡਬਲਯੂ ਟਰਨਰ (1775-1851) ਦੇ ਨਾਮ ’ਤੇ ਰੱਖਿਆ ਗਿਆ ਹੈ ਅਤੇ ਹਰ ਸਾਲ ਇਕ ਬ੍ਰਿਟਿਸ਼ ਕਲਾਕਾਰ ਨੂੰ ਉਸ ਦੇ ਕੰਮ ਦੀ ਸ਼ਾਨਦਾਰ ਪ੍ਰਦਰਸ਼ਨੀ ਜਾਂ ਪੇਸ਼ਕਾਰੀ ਲਈ ਦਿਤਾ ਜਾਂਦਾ ਹੈ। ਇਸ ਤੋਂ ਪਹਿਲਾਂ ਬ੍ਰਿਟਿਸ਼-ਭਾਰਤੀ ਮੂਰਤੀਕਾਰ ਅਨੀਸ਼ ਕਪੂਰ ਵੀ ਇਹ ਪੁਰਸਕਾਰ ਪ੍ਰਾਪਤ ਕਰ ਚੁਕੇ ਸਨ।