Real insurance-fake claim: ਅਸਲੀ ਇੰਸ਼ੋਰੈਂਸ-ਨਕਲੀ ਕਲੇਮ
ਦੋ ਦੋਸਤਾਂ ਨੇ ਇੰਡੀਆ ਜਾ ਕੇ ਨਕਲੀ ਐਕਸ-ਰੇ ਬਣਾਏ ਤੇ 45,000 ਡਾਲਰ ਦਾਅਵੇ ਦੀ ਕੀਤੀ ਧੋਖਾਧੜੀ
Real insurance-fake claim: ਕ੍ਰਾਈਸਟਚਰਚ ਦੇ ਦੋ ਦੋਸਤਾਂ ਨੇ ਇੰਡੀਆ ਯਾਤਰਾ ਲਈ ਇੰਸ਼ੋਰੈਂਸ ਖਰੀਦੀ ਅਤੇ ਉਥੇ ਜਾ ਕੇ ਨਕਲੀ ਐਕਸ-ਰੇਅ ਬਣਾ ਕੇ ਅਤੇ ਟੁੱਟੇ ਗੁੱਟ ਦੀਆਂ ਟੁੱਟੀਆਂ ਹੱਡੀਆਂ ਵਿਖਾ ਕੇ 45,000 ਡਾਲਰ ਦਾ ਕਲੇਮ (ਦਾਅਵਾ) ਪਾ ਦਿੱਤਾ।
ਇਨ੍ਹਾਂ ਵਿਅਕਤੀਆਂ ਨੂੰ ਬੁੱਧਵਾਰ ਨੂੰ ਕ੍ਰਾਈਸਟਚਰਚ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਨ੍ਹਾਂ ’ਤੇ ਵਿੱਤੀ ਲਾਭ ਹਾਸਿਲ ਕਰਨ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਇਹ ਦੋਸ਼ ਲਗਾਇਆ ਗਿਆ ਹੈ ਕਿ ਇਸ ਜੋੜੇ ਨੇ ਛੁੱਟੀਆਂ ਦੌਰਾਨ ਆਪਣੇ ਯਾਤਰਾ ਬੀਮਾਕਰਤਾ ਨੂੰ ਧੋਖਾ ਦੇਣ ਲਈ ਨਕਲੀ ਐਕਸ-ਰੇ ਪੇਸ਼ ਕੀਤੇ। ਟੁੱਟੀਆਂ ਕਲਾਈਆਂ ਦੇ ਨਕਲੀ ਐਕਸ-ਰੇ ਦੀ ਵਰਤੋਂ ਕਰਕੇ ਨਿਊਜ਼ੀਲੈਂਡ ਸਥਿਤ ਆਪਣੀ ਬੀਮਾ ਕੰਪਨੀ ਨਾਲ ਧੋਖਾਧੜੀ ਕੀਤੀ। ਘਟਨਾ 2022 ਦੇ ਅੰਤ ਅਤੇ 2023 ਦੇ ਸ਼ੁਰੂ ਦੀ ਹੈ। ਦੋਵੇਂ ਦੋਸਤ 30 ਸਾਲ ਦੀ ਉਮਰ ਦੇ ਹਨ। ਇਨ੍ਹਾਂ ਨੇ ਇਹ ਛੁੱਟੀਆਂ ਇੰਡੀਆ ਪਰਿਵਾਰ ਨੂੰ ਮਿਲਣ ਜਾਣ ਵੇਲੇ ਏ.ਆਈ. ਏ. (191) ਕੋਲੋਂ ਲਈ ਸੀ।
ਉਨ੍ਹਾਂ ਵਿੱਚੋਂ ਇੱਕ ਨੂੰ ਕਥਿਤ ਤੌਰ ’ਤੇ ਬੀਮਾ ਕੰਪਨੀ ਤੋਂ 30,000 ਡਾਲਰ ਮਿਲੇ ਸਨ - ਅਤੇ ਦੂਜੇ ਨੂੰ 15,000 ਡਾਲਰ ਮਿਲੇ ਸਨ। ਇਨ੍ਹਾਂ ਆਦਮੀਆਂ ਦਾ ਨਾਮ ਗੁਪਤ ਰੱਖਿਆ ਗਿਆ ਹੈ। ਇਸ ਮਹੀਨੇ ਦੇ ਅੰਤ ਵਿੱਚ ਕ੍ਰਾਈਸਟਚਰਚ ਜ਼ਿਲ੍ਹਾ ਅਦਾਲਤ ਵਿੱਚ ਦੁਬਾਰਾ ਪੇਸ਼ ਹੋਣ ਲਈ ਜ਼ਮਾਨਤ ’ਤੇ ਭੇਜ ਦਿੱਤਾ ਗਿਆ ਸੀ। ਸੋ ਚਲਾਕ ਬਣਦੇ ਇਹ ਦੋਸਤ ਅਸਲੀ ਇੰਸ਼ੋਰੈਂਸ ਲੈ ਕੇ ਨਕਲੀ ਕਲੇਮ ਕਰਦੇ ਆਖਿਰ ਫੜੇ ਗਏ।