ਦਾਜ ਦੇ ਫਾਇਦੇ ਦੱਸਣ ਵਾਲੀ ਕਿਤਾਬ 'ਤੇ ਨਰਸਿੰਗ ਕੌਂਸਲ ਨੇ ਦਿਤਾ ਸਪੱਸ਼ਟੀਕਰਨ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਕਿਹਾ- INC, ਕਾਨੂੰਨ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਸਮੱਗਰੀ ਦੀ ਨਿੰਦਾ ਕਰਦੀ ਹੈ

Nursing Council of India

ਕਿਤਾਬ ਮੁਤਾਬਕ 'ਬਦਸੂਰਤ ਕੁੜੀਆਂ ਦਾ ਵਿਆਹ ਚੰਗੇ ਜਾਂ ਬਦਸੂਰਤ ਦਿਖਣ ਵਾਲੇ ਮੁੰਡਿਆਂ ਨਾਲ ਵਾਜਬ ਦਾਜ ਲੈ ਕੇ ਕੀਤਾ ਜਾ ਸਕਦਾ ਹੈ
ਨਵੀਂ ਦਿੱਲੀ :  
ਇਨ੍ਹੀਂ ਦਿਨੀਂ ਇਕ ਕਿਤਾਬ ਦਾ ਪੰਨਾ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹੈ। ਇਸ ਵਿੱਚ ‘ਦਾਜ ਦੇ ਲਾਭ’ ਗਿਣਾਏ ਗਏ ਹਨ। ਜਦੋਂ ਤੋਂ ਇਹ ਪੇਜ ਸਾਹਮਣੇ ਆਇਆ ਹੈ, ਲੋਕ ਇਸ ਦਾ ਵਿਰੋਧ ਕਰ ਰਹੇ ਹਨ ਅਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ।

ਸੋਸ਼ਲ ਮੀਡੀਆ 'ਤੇ ਕੀਤੀ ਗਈ ਪੋਸਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਪੇਜ ਸੋਸ਼ੀਆਓਲੋਜੀ ਆਫ਼ ਨਰਸਿੰਗ ਦੀ ਸਿਲੇਬਸ ਦੀ ਕਿਤਾਬ ਦਾ ਹੈ। ਕਿਉਂਕਿ ਇਸ ਕਿਤਾਬ ਦੇ ਕਵਰ ਪੇਜ 'ਤੇ ਇਸ ਨੂੰ ਇੰਡੀਅਨ ਨਰਸਿੰਗ ਕੌਂਸਲ (INC) ਦੇ ਸਿਲੇਬਸ ਦੇ ਅਨੁਸਾਰ ਲਿਖਿਆ ਗਿਆ ਹੈ, ਹੁਣ ਆਈਐਨਸੀ ਨੇ ਇਸ ਬਾਰੇ ਸਪੱਸ਼ਟੀਕਰਨ ਦਿੱਤਾ ਹੈ।

ਇੰਡੀਅਨ ਨਰਸਿੰਗ ਕਾਉਂਸਿਲ (INC) ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਹੈ, 'ਇਹ ਧਿਆਨ ਵਿੱਚ ਆਇਆ ਹੈ ਕਿ ਸਮਾਜ ਸ਼ਾਸਤਰ ਫਾਰ ਨਰਸਿੰਗ ਦੇ ਕੁਝ ਲੇਖਕ INC ਦੇ ਨਾਮ ਦੀ ਵਰਤੋਂ ਕਰਕੇ ਆਪਣੀਆਂ ਕਿਤਾਬਾਂ ਪ੍ਰਕਾਸ਼ਿਤ ਕਰ ਰਹੇ ਹਨ। INC,ਕਾਨੂੰਨ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਸਮੱਗਰੀ ਦੀ ਨਿੰਦਾ ਕਰਦੀ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ INC ਵੱਖ-ਵੱਖ ਨਰਸਿੰਗ ਪ੍ਰੋਗਰਾਮਾਂ ਲਈ ਸਿਰਫ਼ ਉਹੀ ਸਿਲੇਬਸ ਪੇਸ਼ ਕਰਦਾ ਹੈ ਜੋ ਇਸ ਦੀ ਵੈੱਬਸਾਈਟ 'ਤੇ ਹਨ।

ਬਿਆਨ ਵਿੱਚ ਇਹ ਵੀ ਸਪੱਸ਼ਟ ਕਿਹਾ ਗਿਆ ਹੈ ਕਿ INC ਕਿਸੇ ਲੇਖਕ ਦਾ ਸਮਰਥਨ ਨਹੀਂ ਕਰਦੀ ਹੈ ਅਤੇ ਨਾ ਹੀ ਕਿਸੇ ਲੇਖਕ ਨੂੰ ਨਿੱਜੀ ਪ੍ਰਕਾਸ਼ਨ ਲਈ ਕੌਂਸਲ ਦਾ ਨਾਮ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ।

ਸ਼ਿਵ ਸੈਨਾ ਦੀ ਰਾਜ ਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਸੋਮਵਾਰ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪੱਤਰ ਲਿਖ ਕੇ ਬੀਐਸਸੀ ਦੂਜੇ ਸਾਲ ਦੀ ਕਿਤਾਬ ਦੇ ਵਿਸ਼ਾ-ਵਸਤੂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਵਿੱਚ ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਹਨ। ਪ੍ਰਿਅੰਕਾ ਚਤੁਰਵੇਦੀ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਟੀਕੇ ਇੰਦਰਾਣੀ ਦੁਆਰਾ ਲਿਖੀ ਗਈ ਨਰਸਾਂ ਲਈ ਸਮਾਜ ਸ਼ਾਸਤਰ ਦੀ ਪਾਠ ਪੁਸਤਕ ਦਾਜ ਪ੍ਰਥਾ ਦੇ ਗੁਣਾਂ ਅਤੇ ਲਾਭਾਂ ਬਾਰੇ ਦੱਸਦੀ ਹੈ।

ਉਨ੍ਹਾਂ ਕਿਹਾ ਕਿ ਦਾਜ ਪ੍ਰਥਾ ਦਾ ਇੱਕ ਅਖੌਤੀ ਲਾਭ, ਜਿਵੇਂ ਕਿ ਕਿਤਾਬ ਵਿੱਚ ਲਿਖਿਆ ਹੈ, ਇਹ ਹੈ ਕਿ "ਦਾਜ ਦੇ ਬੋਝ ਕਾਰਨ ਬਹੁਤ ਸਾਰੇ ਮਾਪੇ ਆਪਣੀਆਂ ਲੜਕੀਆਂ ਨੂੰ ਪੜ੍ਹਾਉਣ ਲੱਗ ਪਏ ਹਨ"। ਜਦੋਂ ਕੁੜੀਆਂ ਪੜ੍ਹੀਆਂ-ਲਿਖੀਆਂ ਹੋਣਗੀਆਂ ਜਾਂ ਨੌਕਰੀ ਕਰਨਗੀਆਂ ਤਾਂ ਦਾਜ ਦੀ ਮੰਗ ਘੱਟ ਹੋਵੇਗੀ। ਇਹ ਇੱਕ ਅਸਿੱਧਾ ਲਾਭ ਹੈ. ਕਿਤਾਬ ਮੁਤਾਬਕ 'ਬਦਸੂਰਤ ਕੁੜੀਆਂ ਦਾ ਵਿਆਹ ਚੰਗੇ ਜਾਂ ਬਦਸੂਰਤ ਦਿਖਣ ਵਾਲੇ ਮੁੰਡਿਆਂ ਨਾਲ ਵਾਜਬ ਦਾਜ ਲੈ ਕੇ ਕੀਤਾ ਜਾ ਸਕਦਾ ਹੈ।'