1984 ਦੇ ਕਤਲੇਆਮ ਪੀੜਤਾਂ ਨੂੰ ਯਾਦ ਕਰਦਿਆਂ ‘ਸਿੱਖ ਵਿਰਾਸਤੀ ਮਹੀਨਾ’ ਮਨਾਏਗੀ ਮਸ਼ਹੂਰ ਕਵਿੱਤਰੀ ਰੂਪੀ ਕੌਰ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਮਨੁੱਖਤਾਵਾਦੀ ਅਤੇ ਕਾਰਕੁਨ ਰਵੀ ਸਿੰਘ ਨਾਲ ਇਸ ਮਹੀਨੇ ਦੇ ਅਖੀਰ ਵਿਚ ਮੰਚ ਸਾਂਝਾ ਕਰਨਗੇ

Rupi Kaur

ਬਰੈਂਪਟਨ ਦੀ ਮਸ਼ਹੂਰ ਲੇਖਕ ਅਤੇ ਕਵਿੱਤਰੀ ਰੂਪੀ ਕੌਰ ਲਗਭਗ 40 ਸਾਲ ਪਹਿਲਾਂ ਹੋਏ ਕਤਲੇਆਮ ’ਚ ਮਾਰੇ ਗਏ ਲੋਕਾਂ ਨੂੰ ਯਾਦ ਕਰਦਿਆਂ ਸਿੱਖ ਵਿਰਾਸਤੀ ਮਹੀਨਾ ਮਨਾਏਗੀ। ਆਸਕਰ ਲਈ ਨਾਮਜ਼ਦ ਦਸਤਾਵੇਜ਼ੀ ਫਿਲਮ ‘ਟੂ ਕਿਲ ਏ ਟਾਈਗਰ’ ਦਾ ਨਿਰਮਾਣ ਕਰਨ ਵਾਲੀ ਇਹ ਲੇਖਕ 1984 ਦੇ ਸਿੱਖ ਕਤਲੇਆਮ ਦੀ ਯਾਦ ਵਿਚ ਮਨੁੱਖਤਾਵਾਦੀ ਅਤੇ ਕਾਰਕੁਨ ਰਵੀ ਸਿੰਘ ਨਾਲ ਇਸ ਮਹੀਨੇ ਦੇ ਅਖੀਰ ਵਿਚ ਬਰੈਂਪਟਨ ਦੇ ‘ਦਿ ਰੋਜ਼ ਥੀਏਟਰ’ ਵਿਚ ਸਟੇਜ ’ਤੇ ਆਉਣਗੇ। 

ਅਕਤੂਬਰ 1984 ਵਿਚ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰੀ ਰਿਹਾਇਸ਼ ’ਤੇ ਸਿੱਖ ਅੰਗਰੱਖਿਅਕਾਂ ਵਲੋਂ ਕਤਲ ਕੀਤੇ ਜਾਣ ਤੋਂ ਬਾਅਦ ਹੋਏ ਕਤਲੇਆਮ ਅਤੇ ਸਿੱਖ ਧਾਰਮਕ  ਸਥਾਨਾਂ ’ਤੇ  ਹਮਲਿਆਂ ਵਿਚ ਹਜ਼ਾਰਾਂ ਲੋਕ ਮਾਰੇ ਗਏ ਸਨ। ਰੂਪੀ ਕੌਰ ਅਤੇ ਰਵੀ ਸਿੰਘ ‘ਦਿ ਸਪਿਰਿਟ ਰਾਈਜ਼ਿੰਗ’ ਸਿਰਲੇਖ ਵਾਲੇ ਇਸ ਸਮਾਗਮ ਵਿਚ ਗੁਆਚੀਆਂ ਗਈਆਂ ਜਾਨਾਂ ਨੂੰ ਸ਼ਰਧਾਂਜਲੀ ਦੇਣਗੇ ਅਤੇ ‘ਸਿੱਖ ਇਤਿਹਾਸ ਦੇ ਇਕ ਮਹੱਤਵਪੂਰਨ ਸਾਲ’ ਦਾ ਸਨਮਾਨ ਕਰਨਗੇ। 

ਪ੍ਰੋਗਰਾਮ ਦੇ ਵੇਰਵੇ ’ਚ ਕਿਹਾ ਗਿਆ ਹੈ, ‘‘ਸਿੱਖ ਇਤਿਹਾਸ ਦੇ ਇਕ ਮਹੱਤਵਪੂਰਨ ਸਾਲ ਦੀ 40ਵੀਂ ਵਰ੍ਹੇਗੰਢ ਮਨਾਉਣ ਲਈ ਇਹ ਸਮਾਗਮ 1984 ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਦਰਸਾਏਗਾ ਅਤੇ ਉਨ੍ਹਾਂ ਲੋਕਾਂ ਦੀ ਯਾਦ ਨੂੰ ਸਨਮਾਨਿਤ ਕਰੇਗਾ ਜਿਨ੍ਹਾਂ ਨੇ ਅਪਣੀਆਂ ਜਾਨਾਂ ਗੁਆ ਦਿਤੀਆਂ ਅਤੇ ਵੱਡੀਆਂ ਬੇਇਨਸਾਫੀਆਂ ਝੱਲੀਆਂ।’’ ਇਹ ਸਮਾਗਮ ਬਰੈਂਪਟਨ ਅਤੇ ਦੁਨੀਆਂ  ਭਰ ’ਚ ‘ਸਿੱਖਾਂ ਦੀ ਸਹਿਣਸ਼ੀਲਤਾ ਅਤੇ ਭਾਵਨਾ’ ਨੂੰ ਦਰਸਾਉਣ ਦਾ ਵਾਅਦਾ ਕਰਦਾ ਹੈ। 

ਰੂਪੀ ਕੌਰ ਦਾ ਜਨਮ ਪੰਜਾਬ ’ਚ ਹੋਇਆ ਸੀ ਜਿੱਥੋਂ ਉਹ ਬਰੈਂਪਟਨ ’ਚ ਆਏ ਅਤੇ ਟਰਨਰ ਫੈਂਟਨ ਸੈਕੰਡਰੀ ਸਕੂਲ ’ਚ ਪੜ੍ਹਾਈ ਕੀਤੀ। ਨਿਊਯਾਰਕ ਟਾਈਮਜ਼ ਦੀ ਪਹੀਲੇ ਨੰਬਰ ਦੀ ਸੱਭ ਤੋਂ ਵੱਧ ਵਿਕਣ ਵਾਲੀ ਲੇਖਕ, ਰੂਪੀ ਕੌਰ ਨੇ ਅਪਣੀਆਂ ਰਚਨਾਵਾਂ ਦੀਆਂ 1.1 ਕਰੋੜ ਤੋਂ ਵੱਧ ਕਾਪੀਆਂ ਵੇਚੀਆਂ ਹਨ ਜਿਨ੍ਹਾਂ ’ਚ ਸੰਗ੍ਰਹਿ ‘ਮਿਲਕ ਐਂਡ ਹਨੀ’, ‘ਦਿ ਸਨ ਐਂਡ ਹਰ ਫਲਾਵਰਜ਼’ ਅਤੇ ‘ਹੋਮ ਬਾਡੀ’ ਸ਼ਾਮਲ ਹਨ।