ਓਨਟਾਰੀਓ 'ਚ 7 ਜੂਨ ਨੂੰ ਹੋਣਗੀਆਂ ਅਸੈਮਬਲੀ ਚੋਣਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਚੋਣਾਂ ਵਿੱਚ ਕੈਨੇਡਾ ਦੀਆਂ ਤਿੰਨ ਵੱਡੀਆਂ ਪਾਰਟੀਆਂ ਲਿਬਰਲ, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਅਤੇ ਐੱਨ.ਡੀ.ਪੀ. ਨਿਤਰੀਆਂ ਹਨ

Ontario Assembly

ਕੈਨੇਡਾ ਦੇ ਸੂਬੇ ਓਨਟਾਰੀਓ 'ਚ 7 ਜੂਨ ਨੂੰ ਅਸੈਂਬਲੀ ਚੋਣਾਂ ਹੋਣੀਆਂ ਹਨ ਅਤੇ ਇਸ ਸਮੇਂ ਇਸ ਦਾ ਪ੍ਰਚਾਰ ਜ਼ੋਰਾਂ-ਸ਼ੋਰਾਂ 'ਤੇ ਕੀਤਾ ਜਾ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ ਕੈਨੇਡਾ ਦੀਆਂ ਤਿੰਨ ਵੱਡੀਆਂ ਪਾਰਟੀਆਂ ਲਿਬਰਲ, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਅਤੇ ਐੱਨ.ਡੀ.ਪੀ. ਨਿਤਰੀਆਂ ਹਨ। ਇਨ੍ਹਾਂ ਤੋਂ ਇਲਾਵਾ ਕੈਨੇਡਾ ਕਮਿਊਨਿਸਟ ਪਾਰਟੀ ਅਤੇ ਗਰੀਨ ਪਾਰਟੀ ਦੇ ਕੁੱਝ ਉਮੀਦਵਾਰ ਵੀ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜਮਾਉਣ ਲਈ ਖੜੇ ਹਨ।

ਸੂਬੇ ਦੀਆਂ ਇਨ੍ਹਾਂ ਚੋਣਾਂ ਵਿੱਚ ਭਾਰਤੀ ਅਤੇ ਵਧੇਰੇ ਤੌਰ 'ਤੇ ਪੰਜਾਬੀ ਉਮੀਦਵਾਰ ਵੀ ਵੱਡੀ ਗਿਣਤੀ 'ਚ ਹਨ । ਚੋਣਾਂ ਵਿਚ ਬਹੁਮਤ ਹਾਸਿਲ ਕਰਨ ਹਰ ਪਾਰਟੀ ਆਪਣੀਆਂ ਨੀਤੀਆਂ ਦਾ ਪ੍ਰਚਾਰ ਕਰ ਰਹੀ ਹੈ | ਆਪਣੀ ਚੋਣ ਮੁਹਿੰਮ ਭਖਾਉਣ ਵਿੱਚ ਪੰਜਾਬੀ ਮੂਲ ਦੇ ਉਮੀਦਵਾਰ ਸਭ ਤੋਂ ਅੱਗੇ ਚੱਲ ਰਹੇ ਹਨ।


ਬਹੁਤੇ ਹਲਕਿਆਂ ਵਿੱਚ ਤਿੰਨੋਂ ਮੁੱਖ ਪਾਰਟੀਆਂ ਵੱਲੋਂ ਪੰਜਾਬੀਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਿਵੇਂ ਬਰੈਂਪਟਨ ਸਾਊਥ ਵਿੱਚ ਲਿਬਰਲ ਨੇ ਸੁਖਵੰਤ ਸੇਠੀ, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਪ੍ਰਭਮੀਤ ਸਰਕਾਰੀਆ ਅਤੇ ਐੱਨ.ਡੀ.ਪੀ. ਨੇ ਪਰਮਜੀਤ ਸਿੰਘ ਗਿੱਲ ਨੂੰ ਉਮੀਦਵਾਰ ਬਣਾਇਆ ਹੈ। ਬਰੈਂਪਟਨ ਵੈਸਟ 'ਚ ਲਿਬਰਲ ਵੱਲੋਂ ਵਿਕ ਢਿੱਲੋਂ, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਅਮਰਜੋਤ ਸਿੰਘ ਸੰਧੂ ਅਤੇ ਐੱਨ.ਡੀ.ਪੀ. ਦੇ ਜਗਰੂਪ ਸਿੰਘ ਚੋਣ ਲੜ ਰਹੇ ਹਨ। ਹੋਰਨਾਂ ਥਾਵਾਂ 'ਤੇ ਵੀ ਪੰਜਾਬੀ ਉਮੀਦਵਾਰਾਂ ਦਾ ਮੁਕਾਬਲਾ ਪੰਜਾਬੀਆਂ ਨਾਲ ਹੈ ਭਾਵ ਜਿੱਤਣਾ ਅਖੀਰ ਕਿਸੇ ਪੰਜਾਬੀ ਨੇ ਹੀ ਹੈ।


 ਐੱਨ.ਡੀ.ਪੀ. ਦੇ ਕੌਮੀ ਆਗੂ ਬਣੇ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਬਰੈਂਪਟਨ ਈਸਟ ਤੋਂ ਚੋਣ ਲੜ ਰਹੇ ਹਨ। ਬਰੈਂਪਟਨ ਸੈਂਟਰ ਤੇ ਐੱਨ.ਡੀ.ਪੀ. ਦੇ ਸਾਰਾ ਸਿੰਘ ਚੋਣ ਪ੍ਰਚਾਰ ਵਿੱਚ ਅੱਗੇ ਹਨ। ਉਨ੍ਹਾਂ ਦੀ ਟੱਕਰ ਪ੍ਰੋਗਰੈਸਿਵ ਕੰਜ਼ਰਵੇਟਿਵ ਦੇ ਹਰਜੀਤ ਜਸਵਾਲ ਨਾਲ ਹੈ। ਬਰੈਂਪਟਨ ਨਾਰਥ ਲਿਬਰਲ ਉਮੀਦਵਾਰ ਹਰਿੰਦਰ ਕੌਰ ਮੱਲੀ ਮਜ਼ਬੂਤ ਸਥਿਤੀ ਵਿੱਚ ਹਨ।


  ਇੱਥੇ 26 ਮਈ ਤੋਂ 30 ਮਈ ਤੱਕ ਐਡਵਾਂਸ ਪੋਲ ਹੋ ਚੁੱਕੀ ਹੈ। ਐਡਵਾਂਸ ਪੋਲ ਤੋਂ ਭਾਵ ਜਿਹੜੇ ਲੋਕ ਕਿਸੇ ਕਾਰਨ 7 ਜੂਨ ਨੂੰ ਵੋਟ ਨਹੀਂ ਪਾ ਸਕਦੇ, ਉਹ ਪਹਿਲਾਂ ਹੀ ਵੋਟ ਪਾ ਸਕਦੇ ਹਨ।  ਸਰਕਾਰ ਬਣਾਉਣ ਲਈ ਪਾਰਟੀ ਨੂੰ 63 ਸੀਟਾਂ 'ਤੇ ਜਿੱਤ ਦਰਜ ਕਰਨੀ ਪਵੇਗੀ।