ਵਿਸ਼ਵ ਪਾਇਪ ਬੈਂਡ ਮੁਕਾਬਲੇ ਦੇ ਫ਼ਾਈਨਲ ’ਚ ਪੁੱਜਾ ਸਿੱਖ ਬੈਂਡ
ਸ਼੍ਰੀ ਦਸਮੇਸ਼ ਪਾਈਪ ਬੈਂਡ ਦੱਖਣ-ਪੂਰਬੀ ਏਸ਼ੀਆ ਦਾ ਇਕਲੌਤਾ ਬੈਂਡ ਸੀ ਜਿਸ ਨੇ ਚੈਂਪੀਅਨਸ਼ਿਪ ’ਚ ਹਿੱਸਾ ਲਿਆ ਸੀ
ਗਲਾਸਗੋ: ਸ੍ਰੀ ਦਸਮੇਸ਼ ਪਾਈਪ ਬੈਂਡ ਨੇ ਗਲਾਸਗੋ, ਸਕਾਟਲੈਂਡ ’ਚ ਹੋਈ ਵਿਸ਼ਵ ਪਾਈਪ ਬੈਂਡ ਚੈਂਪੀਅਨਸ਼ਿਪ 2023 ਦੇ ਫਾਈਨਲ ’ਚ ਥਾਂ ਬਣਾ ਕੇ ਅਪਣੇ ਦੇਸ਼, ਮਲੇਸ਼ੀਆ, ਦਾ ਨਾਂ ਰੌਸ਼ਨ ਕਰ ਦਿਤਾ। ਇਸ ਦੇ ਨਾਲ ਹੀ ਮੁਕਾਬਲੇ ’ਚ ਬੈਂਡ ਨੇ ਨੌਵਾਂ ਸਥਾਨ ਹਾਸਲ ਕੀਤਾ।
ਪਾਈਪ ਮੇਜਰ ਤੀਰਥ ਸਿੰਘ, ਡਰੱਮ ਸਾਰਜੈਂਟ ਤ੍ਰਿਪਰਤ ਸਿੰਘ, ਮਿਡ-ਸੈਕਸ਼ਨ ਦੀ ਮੁਖੀ ਸੁਖਪ੍ਰੀਤ ਕੌਰ ਅਤੇ ਪਾਈਪ ਸਾਰਜੈਂਟ ਭੁਪਿੰਦਰਜੀਤ ਸਿੰਘ ਦੀ ਅਗਵਾਈ ਵਾਲੇ ਬੈਂਡ ਨੇ 2015, 2019 ਅਤੇ 2023 ’ਚ ਤਿੰਨ ਵਿਸ਼ਵ ਚੈਂਪੀਅਨਸ਼ਿਪਾਂ ’ਚ ਹਿੱਸਾ ਲਿਆ ਹੈ। ਮੁਕਾਬਲੇ ’ਚ 700 ਦੇ ਲਗਭਗ ਟੀਮਾਂ ਹਿੱਸਾ ਲੈਂਦੀਆਂ ਹਨ ਅਤੇ ਫ਼ਾਈਨਲ ’ਚ 12 ਟੀਮਾਂ ਦਾ ਮੁਕਾਬਲਾ ਹੁੰਦਾ ਹੈ।
ਅਪਣੀ ਕਾਰਗੁਜ਼ਾਰੀ ਤੋਂ ਜੋਸ਼ ’ਚ ਦਿਸ ਰਹੇ ਤੀਰਥ ਸਿੰਘ ਨੇ ਅਪਣੀ ਕਾਮਯਾਬੀ ਬਾਰੇ ਗੱਲ ਕਰਦਿਆਂ ਕਿਹਾ, ‘‘ਅਸੀਂ ਪਹਿਲਾ ਸਥਾਨ ਤਾਂ ਪ੍ਰਾਪਤ ਨਹੀਂ ਕਰ ਸਕੇ ਪਰ ਅਸੀਂ ਦੁਬਾਰਾ ਮੁਕਾਬਲੇ ’ਚ ਆਵਾਂਗੇ ਅਤੇ ਮਲੇਸ਼ੀਆ ਦੇ ਝੰਡੇ ਨੂੰ ਪੋਡੀਅਮ ਤਕ ਲੈ ਕੇ ਜਾਵਾਂਗੇ।’’
ਤ੍ਰਿਪਤ ਨੇ ਕਿਹਾ ਕਿ ਬੈਂਡ ਦਾ ਫਾਈਨਲ ਤਕ ਪਹੁੰਚਣਾ ਅਤੇ ਨੌਵੇਂ ਸਥਾਨ ’ਤੇ ਰਹਿਣਾ ਇਸ ਗੱਲ ਦਾ ਸਬੂਤ ਹੈ ਕਿ ਮਲੇਸ਼ੀਅਨ ਵਿਸ਼ਵ ਪੱਧਰ ਦੇ ਦਾਅਵੇਦਾਰ ਸਨ।
ਸੁਖਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੇ ਲਚਕੀਲੇਪਣ ਦੀ ਪਰਖ ਕੀਤੀ ਗਈ ਸੀ, ‘‘ਪਰ ਇੰਨੇ ਨੌਜਵਾਨ ਉਮਰ ਵਾਲੇ ਸਮੂਹ ਨਾਲ ਅਸੀਂ ਜੋ ਕੁਝ ਹਾਸਲ ਕੀਤਾ ਹੈ, ਉਸ ਨੂੰ ਵੇਖਦੇ ਹੋਏ, ਮੈਂ ਇਹ ਵੇਖਣ ਲਈ ਉਤਸ਼ਾਹਿਤ ਹਾਂ ਕਿ ਅਸੀਂ ਅਗਲੀ ਵਾਰ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਹਾਂ।’’
ਭੁਪਿੰਦਰਜੀਤ ਨੇ ਕਿਹਾ ਕਿ ਬੈਂਡ ਨੇ ਫਾਈਨਲ ’ਚ ਥਾਂ ਬਣਾਉਣ ਲਈ ਸਕਾਟਲੈਂਡ ’ਚ ਬੁਰੇ ਮੌਸਮੀ ਹਾਲਾਤ ਤੋਂ ਵੀ ਪਾਰ ਪਾਈ। ਉਨ੍ਹਾਂ ਕਿਹਾ, ‘‘ਗਰੇਡ 4ਏ ’ਚ ਰਹਿੰਦਿਆਂ ਪਹਿਲੀ ਕੋਸ਼ਿਸ਼ ’ਚ ਹੀ ਨੌਵਾਂ ਸਥਾਨ ਪ੍ਰਾਪਤ ਕਰਨਾ ਇਕ ਬਹੁਤ ਵੱਡੀ ਪ੍ਰਾਪਤੀ ਹੈ, ਕਿਉਂਕਿ ਸਾਡੇ ਲਗਭਗ ਅੱਧੇ ਮੈਂਬਰ ਨਵੀਂਆਂ ਭਰਤੀਆਂ ਸਨ।’’
ਸ਼੍ਰੀ ਦਸਮੇਸ਼ ਪਾਈਪ ਬੈਂਡ ਦੱਖਣ-ਪੂਰਬੀ ਏਸ਼ੀਆ ਦਾ ਇਕਲੌਤਾ ਬੈਂਡ ਸੀ ਜਿਸ ਨੇ ਚੈਂਪੀਅਨਸ਼ਿਪ ’ਚ ਹਿੱਸਾ ਲਿਆ ਸੀ। ਇਕ ਪ੍ਰੈਸ ਰਿਲੀਜ਼ ’ਚ, ਪਾਈਪ ਬੈਂਡ ਨੇ ਕਿਹਾ ਕਿ ਫੰਡਿੰਗ ਉਨ੍ਹਾਂ ਦੀ ਮੁੱਖ ਚੁਨੌਤੀ ਬਣੀ ਹੋਈ ਹੈ।
ਸਵੈਇੱਛਤ ਆਧਾਰ ’ਤੇ ਕੰਮ ਕਰਦੇ ਹੋਏ, ਬੈਂਡ ਮੈਂਬਰਸ਼ਿਪ ਫੀਸ ਨਹੀਂ ਲੈਂਦਾ ਅਤੇ ਸ਼ਾਮਲ ਹੋਣ ਵਾਲੇ ਸਾਰੇ ਲੋਕ ਮੁਫਤ ਸਿਖਲਾਈ ਅਤੇ ਯੰਤਰ ਪ੍ਰਾਪਤ ਕਰਵਾਉਂਦਾ ਹੈ।
ਬੈਂਡ ਦੀ ਸਥਾਪਨਾ 1986 ’ਚ ਏਅਰਲਾਈਨ ਪਾਇਲਟ ਸੁਖਦੇਵ ਸਿੰਘ ਅਤੇ ਉਸ ਦੇ ਭਰਾ ਹਰਵਿੰਦਰ ਸਿੰਘ ਵਲੋਂ ਸਿੱਖ ਨੌਜਵਾਨਾਂ ’ਚ ਅਨੁਸ਼ਾਸਨ ਪੈਦਾ ਕਰਨ ’ਚ ਮਦਦ ਕਰਨ ਲਈ ਇਕ ਪ੍ਰਾਜੈਕਟ ਵਜੋਂ ਕੀਤੀ ਗਈ ਸੀ।
ਅਪਣੀ ਸ਼ੁਰੂਆਤ ਤੋਂ ਲੈ ਕੇ, ਬੈਂਡ ਨੇ ਆਸਟ੍ਰੇਲੀਆ, ਇੰਡੋਨੇਸ਼ੀਆ, ਜਰਮਨੀ, ਬਰਤਾਨੀਆਂ ਅਤੇ ਅਮਰੀਕਾ ਸਮੇਤ ਦੁਨੀਆ ਭਰ ਦੇ ਕਈ ਸਮਾਗਮਾਂ ’ਚ ਹਿੱਸਾ ਲਿਆ ਹੈ।
ਸ੍ਰੀ ਦਸਮੇਸ਼ ਦਾਨ ’ਤੇ ਨਿਰਭਰ ਕਰਦੇ ਹਨ ਅਤੇ ਆਮ ਤੌਰ ’ਤੇ ਵਿੱਤੀ ਰੁਕਾਵਟਾਂ ਕਾਰਨ ਹਰ ਚਾਰ ਸਾਲ ਬਾਅਦ ਹੀ ਮੁਕਾਬਲੇ ’ਚ ਸ਼ਮੂਲੀਅਤ ਕਰਦੇ ਹਨ।