ਸੰਦੀਪ ਧਾਲੀਵਾਲ ਦੇ ਪਰਿਵਾਰ ਨੂੰ 78 ਰੈਸਟੋਰੈਂਟਾਂ ਦੀ ਕਮਾਈ ਦੇਵੇਗੀ ‘ਪਾਪਾ ਜੌਹਨਸ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਅਮਰੀਕੀ ਪੀਜ਼ਾ ਕੰਪਨੀ ਦਾ ਵੱਡਾ ਐਲਾਨ

Sandeep Dhaliwal

ਹਿਊਸਟਨ: ਅਮਰੀਕਾ ਦੇ ਪਹਿਲੇ ਦਸਤਾਰਧਾਰੀ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੀ  ਮੌਤ ’ਤੇ ਅਮਰੀਕਾ ਵਿਚ ਅਜੇ ਵੀ ਸੋਗ ਦੀ ਲਹਿਰ ਹੈ, ਜਿਸ ਤੋਂ ਇਹ ਬਾਖ਼ੂਬੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਮਰੀਕਾ ਦੇ ਲੋਕ ਸੰਦੀਪ ਧਾਲੀਵਾਲ ਨੂੰ ਕਿੰਨਾ ਪਿਆਰ ਕਰਦੇ ਸਨ। ਇਹ ਪਿਆਰ ਮਹਿਜ਼ ਸੋਗ ਜ਼ਾਹਿਰ ਕਰਨ ਤਕ ਸੀਮਤ ਨਹੀਂ ਬਲਕਿ ਅਮਰੀਕੀਆਂ ਨੇ ਸੰਦੀਪ ਦੇ ਪਰਿਵਾਰ ਲਈ ਅਪਣੇ ਦਿਲਾਂ ਦੇ ਬੂਹੇ ਵੀ ਖੋਲ੍ਹ ਦਿੱਤੇ ਹਨ।

ਇਸ ਦੇ ਚਲਦਿਆਂ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਵਿਚ ਸ਼ੁਮਾਰ ਪੀਜ਼ਾ ਚੇਨ ਕੰਪਨੀ ‘ਪਾਪਾ ਜੌਹਨਸ’ ਨੇ 1 ਅਕਤੂਬਰ ਨੂੰ ਹਿਊਸਟਨ ਖੇਤਰ ਦੇ ਅਪਣੇ ਸਾਰੇ 78 ਰੈਸਟੋਰੈਂਟ ਦੀ ਕਮਾਈ ਸੰਦੀਪ ਧਾਲੀਵਾਲ ਦੇ ਪਰਿਵਾਰ ਨੂੰ ਦੇਣ ਦਾ ਐਲਾਨ ਕਰ ਦਿੱਤਾ। ਜਿਵੇਂ ਹੀ ਪੀਜ਼ਾ ਕੰਪਨੀ ਦੇ ਇਸ ਐਲਾਨ ਬਾਰੇ ਲੋਕਾਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਸੰਦੀਪ ਦੇ ਪਰਿਵਾਰ ਨੂੰ ਕੰਪਨੀ ਜ਼ਰੀਏ ਮਦਦ ਦੇਣ ਲਈ ‘ਪਾਪਾ ਜੌਹਨਸ’ ਤੋਂ ਵੱਡੀ ਗਿਣਤੀ ਵਿਚ ਪੀਜ਼ਾ ਆਰਡਰ ਕਰਨੇ ਸ਼ੁਰੂ ਕਰ ਦਿੱਤੇ। ਸੰਦੀਪ ਧਾਲੀਵਾਲ ਪ੍ਰਤੀ ਅਮਰੀਕੀਆਂ ਨੇ ਇੰਨਾ ਪਿਆਰ ਦਿਖਾਇਆ ਕਿ ਕੰਪਨੀ ਵਿਚ ਪੀਜ਼ਾ ਆਰਡਰ ਦੇ ਸਾਰੇ ਰਿਕਾਰਡ ਟੁੱਟ ਗਏ। ਇੱਥੋਂ ਤਕ ਕਿ ਕੰਪਨੀ ਦਾ ਸਰਵਰ ਵੀ ਜਾਮ ਹੋ ਗਿਆ, ਜਿਸ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕਾਂ ਪੀਜ਼ਾ ਲੈਣ ਲਈ ਲੰਬਾ ਇੰਤਜ਼ਾਰ ਕਰਨਾ ਪਿਆ।

ਕੰਪਨੀ ਦਾ ਇਹ ਐਲਾਨ ਭਾਵੇਂ ਇਕ ਅਕਤੂਬਰ ਲਈ ਸੀ ਪਰ ਕੰਪਨੀ ਨੇ ਲੋਕਾਂ ਦੇ ਪਿਆਰ ਨੂੰ ਦੇਖਦਿਆਂ ਇਸ ਨੂੰ 4 ਅਕਤੂਬਰ ਨੂੰ ਵਧਾ ਦਿੱਤਾ। ਦਰਅਸਲ ‘ਪਾਪਾ ਜੌਹਨਸ’ ਰੈਸਰੋਰੈਂਟ ਨੇ ਪੀਜ਼ਾ ਖ਼ਰੀਦਣ ਲਈ ਇਕ ਹਿਊਸਟਨ ਕੇਅਰ ਕੋਡ ਵੀ ਜਾਰੀ ਕੀਤਾ ਹੋਇਆ ਸੀ, ਜਿਸ ਰਾਹੀਂ ਖ਼ਰੀਦੇ ਪੀਜ਼ੇ ਦੇ ਪੈਸੇ ਸੰਦੀਪ ਧਾਲੀਵਾਲ ਦੇ ਪਰਿਵਾਰ ਨੂੰ ਦਿੱਤੇ ਜਾਣ ਵਾਲੇ ਡੋਨੇਸ਼ਨ ਵਿਚ ਸ਼ਾਮਲ ਹੋਣਗੇ। ਪੀਜ਼ਾ ਲੈਣ ਵਾਲੇ ਲੋਕਾਂ ਦੀ ਮੰਗ ਇੰਨੀ ਜ਼ਿਆਦਾ ਵਧ ਗਈ ਕਿ ਕੰਪਨੀ ਨੂੰ ਪੀਜ਼ਾ ਵਿਚ ਹੋਣ ਵਾਲੀ ਦੇਰੀ ਲਈ ਅਪਣੇ ਫੇਸਬੁੱਕ ਪੇਜ਼ ’ਤੇ ਮੁਆਫ਼ੀ ਮੰਗਣੀ ਪਈ।

 ‘ਪਾਪਾ ਜੌਹਨਸ’ ਅਮਰੀਕਾ ਵਿਚ ਹੀ ਨਹੀਂ ਬਲਕਿ ਇਹ ਇਕ ਕੌਮਾਂਤਰੀ ਪੱਧਰ ਦੀ ਕੰਪਨੀ ਐ, ਜਿਸ ਦੇ ਅਮਰੀਕਾ ਤੋਂ ਇਲਾਵਾ ਕੈਨੈਡਾ, ਇੰਗਲੈਂਡ, ਸਪੇਨ, ਚੀਨ, ਦਿੱਲੀ, ਕੁਵੈਤ ਅਤੇ ਦੁਬਈ ਤੋਂ ਇਲਾਵਾ ਹੋਰ ਕਈ ਮੁਲਕਾਂ ਵਿਚ ਰੈਸਟੋਰੈਂਟ ਮੌਜੂਦ ਹਨ। ਪਰ ਕੰਪਨੀ ਵੱਲੋਂ ਕੀਤੇ ਗਏ ਇਸ ਐਲਾਨ ਨੇ ਸਿੱਖਾਂ ਦਾ ਦਿਲ ਜਿੱਤ ਲਿਆ ਹੈ ਕਿਉਂਕਿ ਅਮਰੀਕਾ ਦਸਤਾਰ ਦੀ ਲੜਾਈ ਜਿੱਤ ਕੇ ਪਹਿਲੇ ਸਿੱਖ ਪੁਲਿਸ ਅਫ਼ਸਰ ਬਣੇ ਸੰਦੀਪ ਧਾਲੀਵਾਲ ਨੇ ਸਿੱਖ ਕੌਮ ਦਾ ਨਾਂਅ ਹੋਰ ਚਮਕਾਇਆ ਸੀ। ਦੱਸ ਦਈਏ ਕਿ ਸੰਦੀਪ ਸਿੰਘ ਧਾਲੀਵਾਲ ਪੰਜਾਬ ਦੇ ਕਪੂਰਥਲਾ ਵਿਚ ਪੈਂਦੇ ਪਿੰਡ ਧਾਲੀਵਾਲ ਬੇਟ ਦੇ ਰਹਿਣ ਵਾਲੇ ਸਨ। ਪਿਛਲੇ ਦਿਨੀਂ ਅਮਰੀਕਾ ਦੇ ਹਿਊਸਟਨ ਵਿਚ ਇਕ ਨਾਕੇ ਦੌਰਾਨ ਇਕ ਵਿਅਕਤੀ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।