41 ਲੱਖ ਦਾ ਕਰਜ਼ਾ ਲੈ ਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣਾ ਪਿਆ ਮਹਿੰਗਾ, ਕੀਤਾ ਡਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਜੜੋਤ ਵਾਸੀ ਪ੍ਰਦੀਪ ਗਿਆ ਸੀ ਛੇ ਮਹੀਨੇ ਪਹਿਲਾਂ ਅਮਰੀਕਾ

Pradeep Jaraut Deported News in punjabi

ਲਾਲੜੂ ਦੇ  ਨੇੜੇ ਪਿੰਡ ਜੜੌਤ ਦਾ 22 ਸਾਲਾ ਨੌਜਵਾਨ ਪ੍ਰਦੀਪ ਵੀ ਉਨ੍ਹਾਂ ਭਾਰਤੀਆਂ ’ਚ ਸ਼ਾਮਲ ਹੈ ਜੋ ਅਮਰੀਕਾ ’ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਏ ਸਨ, ਜਿਨ੍ਹਾਂ ਦੇ ਦੇਰ ਰਾਤ ਤਕ ਘਰ ਪਹੁੰਚਣ ਦੀ ਉਮੀਦ ਹੈ। ਡਿਪੋਰਟ ਹੋਣ ਕਾਰਨ ਪਰਵਾਰ ਜਿਥੇ ਅਪਣੇ ਪੁੱਤਰ ਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਉੱਥੇ ਹੀ ਉਹ ਅਪਣੇ ਸਿਰ ’ਤੇ ਚੜ੍ਹੇ ਕਰਜ਼ੇ ਨੂੰ ਲੈ ਕੇ ਵੀ ਚਿੰਤਤ ਹੈ। ਪ੍ਰਦੀਪ ਦੀ ਦਾਦੀ ਗੁਰਮੀਤ ਕੌਰ, ਮਾਤਾ ਨਰਿੰਦਰ ਕੌਰ ਉਰਫ਼ ਰਾਣੀ, ਪਿਤਾ ਕੁਲਬੀਰ ਨੇ ਦਸਿਆ ਕਿ ਉਹ ਖੇਤੀ ਦਾ ਧੰਦਾ ਕਰਦੇ ਹਨ ਅਤੇ ਉਨ੍ਹਾਂ ਦਾ ਪਰਵਾਰ ਪਹਿਲਾਂ ਹੀ ਲੱਖਾਂ ਰੁਪਏ ਦੇ ਕਰਜ਼ੇ ਵਿਚ ਡੁਬਿਆ ਹੋਇਆ ਸੀ।

ਏਜੰਟ ਨੇ ਉਨ੍ਹਾਂ ਦੇ ਲੜਕੇ ਨੂੰ ਅਮਰੀਕਾ ਭੇਜ ਕੇ ਮੋਟੀ ਕਮਾਈ ਕਰਨ ਅਤੇ ਕਰਜ਼ੇ ਤੋਂ ਮੁਕਤੀ ਦਿਵਾਉਣ ਬਾਰੇ ਦਸਿਆ। ਉਹ ਏਜੰਟ ਦੇ ਚੁੰਗਲ ਵਿਚ ਫਸ ਗਏ ਅਤੇ ਉਸ ਨੇ ਏਜੰਟ ਦੀਆਂ ਗੱਲਾਂ ਵਿਚ ਆ ਕੇ ਇਕ ਕਿਲਾ ਜ਼ਮੀਨ ਵੇਚ ਕੇ ਕੁੱਝ ਕਰਜ਼ਾ ਲੈ ਕੇ 41 ਲੱਖ ਰੁਪਏ ਦੇ ਕੇ ਛੇ ਮਹੀਨੇ ਪਹਿਲਾਂ ਅਪਣੇ ਲੜਕੇ ਪ੍ਰਦੀਪ, ਜੋ 12ਵੀਂ ਪਾਸ ਹੈ, ਨੂੰ ਅਮਰੀਕਾ ਭੇਜ ਦਿਤਾ। ਉਸ ਨੂੰ ਵੱਖ-ਵੱਖ ਰਸਤਿਆਂ ਰਾਹੀਂ ਲੈ ਕੇ ਏਜੰਟ 15 ਦਿਨ ਪਹਿਲਾਂ ਹੀ ਸਰਹੱਦ ਦੀ ਕੰਧ ਟੱਪ ਕੇ ਅਮਰੀਕਾ ਵਿਚ ਦਾਖ਼ਲ ਹੋਇਆ ਸੀ ਜਦੋਂ ਅਮਰੀਕਾ ਦੀ ਬਾਰਡਰ ਪੁਲਿਸ ਨੇ ਉਸ ਨੂੰ ਫੜ ਕੇ ਗ੍ਰਿਫ਼ਤਾਰ ਕਰ ਲਿਆ।

ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਕਾਰਨ ਅਮਰੀਕੀ ਪੁਲਿਸ ਨੇ ਉਸ ਨੂੰ ਡਿਪੋਰਟ ਕਰ ਦਿਤਾ ਅਤੇ ਭਾਰਤ ਵਾਪਸ ਭੇਜ ਦਿਤਾ ਹੈ। ਦਾਦੀ ਨੇ ਦਸਿਆ ਕਿ ਪ੍ਰਦੀਪ ਦੇ ਦਾਦੇ ਦੀ ਮੌਤ ਤੋਂ ਬਾਅਦ ਘਰ ਵਿਚ ਖੇਤੀ ਕਰਨ ਵਾਲਾ ਕੋਈ ਨਹੀਂ ਹੈ ਕਿਉਂਕਿ ਪੁੱਤਰ ਕੁਲਬੀਰ ਵੀ ਬੀਮਾਰ ਹੋ ਗਿਆ ਹੈ। ਘਰ ਦੀ ਹਾਲਤ ਬਹੁਤ ਖ਼ਰਾਬ ਹੈ ਅਤੇ ਹੁਣ ਇਸ ਕਰਜ਼ੇ ਨਾਲ ਉਨ੍ਹਾਂ ਦੀ ਹਾਲਤ ਹੋਰ ਵਿਗੜ ਜਾਵੇਗੀ। 

ਪ੍ਰਦੀਪ ਦੇ ਮਾਸੜ ਰਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਦੀਪ 6 ਮਹੀਨੇ ਪਹਿਲਾਂ ਘਰੋਂ ਗਿਆ ਸੀ। ਥੋੜੇ ਦਿਨ ਦੁਬਈ ਰਿਹਾ, ਮਹੀਨਾ ਕਿਸੇ ਹੋਰ ਦੇਸ਼ ਰਿਹਾ। 15 ਦਿਨ ਪਹਿਲਾਂ ਹੀ ਸਰਹੱਦ ਦੀ ਕੰਧ ਟੱਪ ਕੇ ਅਮਰੀਕਾ ਵਿਚ ਦਾਖ਼ਲ ਹੋਇਆ ਸੀ ਉਦੋਂ ਹੀ ਅਮਰੀਕਾ ਦੀ ਬਾਰਡਰ ਪੁਲਿਸ ਨੇ ਉਸ ਨੂੰ ਫੜ ਕੇ ਗ੍ਰਿਫ਼ਤਾਰ ਕਰ ਲਿਆ। ਉਸ ਤੋਂ ਬਾਅਦ ਪ੍ਰਦੀਪ ਦਾ ਫ਼ੋਨ ਨਹੀਂ ਆਇਆ ਤੇ ਫਿਰ ਪਤਾ ਲੱਗਾ ਕੇ ਉਸ ਨੂੰ ਵਾਪਸ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਪ੍ਰਦੀਪ ਨੂੰ ਜ਼ਮੀਨ ਭੇਜ ਕੇ ਤੇ ਕੁੱਝ ਕਰਜ਼ਾ ਲੈ ਕੇ 41 ਲੱਖ ਰੁਪਏ ਦੇ ਅਮਰੀਕਾ ਭੇਜਿਆ ਸੀ।  ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨੌਜਵਾਨ ਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਆਪਣਾ ਘਰ ਚਲਾ ਸਕੇ।