Canada Punjabi Murder: ਕੈਨੇਡਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਰੀਅਲ ਅਸਟੇਟ ਖੇਤਰ ਦਾ ਕਾਰੋਬਾਰੀ ਹੋਣ ਦੇ ਨਾਲ-ਨਾਲ ਸੌਕਰ ਦਾ ਚੰਗਾ ਖਿਡਾਰੀ ਵੀ ਸੀ।

A Punjabi youth was shot dead in Canada

 

Canada Punjabi Murder:  ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਬੀਤੇ ਦਿਨੀਂ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਬੀ.ਸੀ. ਦੇ ਸਰੀ ਵਿਖੇ ਵਾਪਰੀ ਵਾਰਦਾਤ ਦੌਰਾਨ ਮਾਰੇ ਗਏ ਨੌਜਵਾਨ ਦੀ ਸ਼ਨਾਖ਼ਤ ਜਸਕਰਨ ਸਿੰਘ ਮਿਨਹਾਸ ਵਜੋਂ ਕੀਤੀ ਗਈ ਹੈ ਜੋ ਰੀਅਲ ਅਸਟੇਟ ਖੇਤਰ ਦਾ ਕਾਰੋਬਾਰੀ ਹੋਣ ਦੇ ਨਾਲ-ਨਾਲ ਸੌਕਰ ਦਾ ਚੰਗਾ ਖਿਡਾਰੀ ਵੀ ਸੀ।

ਸਰੀ ਪੁਲਿਸ ਵਲੋਂ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਗੋਲੀਬਾਰੀ ਦੀ ਵਾਰਦਾਤ ਕਿਸੇ ਗੈਂਗ ਵਲੋਂ ਘੜੀ ਸਾਜ਼ਿਸ਼ ਦਾ ਹਿੱਸਾ ਮੰਨੀ ਜਾ ਰਹੀ ਹੈ। ‘ਦਾ ਡਰਟੀ ਨਿਊਜ਼’ ਵਲੋਂ ਐਕਸ ’ਤੇ ਜਾਰੀ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਐਮਰਜੈਂਸੀ ਕਾਮਿਆਂ ਵਲੋਂ ਨੌਜਵਾਨ ਨੂੰ ਬਚਾਉਣ ਦੇ ਯਤਨ ਕੀਤੇ ਗਏ ਪਰ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ।             

ਸਰੀ ਦੇ ਸਕੌਟ ਰੋਡ ਅਤੇ 80 ਐਵੇਨਿਊ ਇਲਾਕੇ ਵਿਚ ਵਾਪਰੀ ਵਾਰਦਾਤ ਬਾਰੇ ਦਸਿਆ ਜਾ ਰਿਹਾ ਹੈ ਕਿ ਜਸਕਰਨ ਮਿਨਹਾਸ ਅਪਣੀ ਗੱਡੀ ਵਿਚ ਜਾ ਰਿਹਾ ਸੀ ਜਦੋਂ ਇਕ ਹੋਰ ਗੱਡੀ ਵਿਚ ਆਏ ਤਿੰਨ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਵਾਰਦਾਤ ਵਾਲੀ ਥਾਂ ਤੋਂ ਕੁਝ ਦੂਰ ਡੈਲਟਾ ਦੇ ਵੈਸਟਵਿਊ ਡਰਾਈਵ ਇਲਾਕੇ ਵਿਚ ਇਕ ਕਾਰ ਸੜਦੀ ਹੋਈ ਮਿਲੀ ਜੋ ਕਾਤਲਾਂ ਨਾਲ ਸਬੰਧਤ ਮੰਨੀ ਜਾ ਰਹੀ ਹੈ।

ਉਧਰ ਸਰੀ ਪੁਲਿਸ ਦੇ ਬੁਲਾਰੇ ਸਟਾਫ਼ ਸਾਰਜੈਂਟ ਲਿੰਡਜ਼ੀ ਹੌਟਨ ਨੇ ਦਸਿਆ ਕਿ ਵਾਰਦਾਤ ਬੇਹੱਦ ਭੀੜ-ਭਾੜ ਵਾਲੇ ਇਲਾਕੇ ਵਿਚ ਸੋਮਵਾਰ ਸ਼ਾਮ ਤਕਰੀਬਨ ਸਾਢੇ ਪੰਜ ਵਜੇ ਇਕ ਪਾਰਕਿੰਗ ਲੌਟ ਵਿਚ ਵਾਪਰੀ। ਫੌਕਸਵੈਗਨ ਐਸ.ਯੂ.ਵੀ. ਦੀ ਵਿੰਡਸ਼ੀਲਡ ਵਿਚੋਂ ਗੋਲੀਆਂ ਲੰਘਣ ਦੇ ਕਈ ਨਿਸ਼ਾਨ ਤਸਵੀਰਾਂ ਵਿਚ ਦੇਖੇ ਜਾ ਸਕਦੇ ਹਨ।