100 ਸਿੱਖਾਂ ਨੂੰ ਨੌਕਰੀ ਤੋਂ ਕੱਢਣ ਦਾ ਮਾਮਲਾ: ਟੋਰਾਂਟੋ ਸਿਟੀ ਪ੍ਰਸ਼ਾਸਨ ਨੇ ਸਿੱਖਾਂ ਤੋਂ ਮੰਗੀ ਮੁਆਫ਼ੀ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਸਿੱਖ ਸਿਕਿਉਰਿਟੀ ਗਾਰਡਾਂ ਨੂੰ ਨੌਕਰੀ 'ਤੇ ਕੀਤਾ ਬਹਾਲ

Canadian city of Toronto apologises to Sikh security guards over N95 mask row

ਸੁਰੱਖਿਆ ਗਾਰਡਾਂ ਲਈ ਕਲੀਨ-ਸ਼ੇਵ ਹੋਣਾ ਕੀਤਾ ਸੀ ਲਾਜ਼ਮੀ 
ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਵਿਰੋਧ ਜਤਾ ਕੇ ਕੀਤੀ ਸੀ ਹੁਕਮ ਵਾਪਸ ਲੈਣ ਦੀ ਮੰਗ
ਟੋਰਾਂਟੋ :
ਸਿਟੀ ਆਫ ਟੋਰਾਂਟੋ ਨੇ ਸ਼ਹਿਰ ਨੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮਨੱਗੀ ਹੈ ਅਤੇ ਸੁਰੱਖਿਆ ਮੁਲਾਜ਼ਮਾਂ ਨੂੰ ਮੁੜ ਬਹਾਲ ਕਰਨ ਦੇ ਹੁਕਮ ਦਿਤੇ ਹਨ। ਦੱਸਣਯੋਗ ਹੈ ਕਿ ਸਿਟੀ ਆਫ ਟੋਰਾਂਟੋ ਨੇ ਸੁਰੱਖਿਆ ਗਾਰਡਾਂ ਲਈ ਕਲੀਨ ਸ਼ੇਵ ਹੋਣਾ ਲਾਜ਼ਮੀ ਕੀਤਾ ਸੀ। ਇਸ ਫ਼ੈਸਲੇ ਨਾਲ 100 ਦੇ ਕਰੀਬ ਸਿੱਖ ਸੁਰੱਖਿਆ ਗਾਰਡਾਂ ਨੂੰ ਨੌਕਰੀ ਛੱਡਣ ਲਈ ਮਜਬੂਰ ਕੀਤਾ ਗਿਆ। ਜਿਸ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਸੀ ਅਤੇ ਉੱਚ ਸ਼ਖਸੀਅਤਾਂ ਸਮੇਤ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਪ੍ਰਸ਼ਾਸਨ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ।

ਤਾਜ਼ਾ ਜਾਣਕਾਰੀ ਅਨੁਸਾਰ ਟੋਰਾਂਟੋ ਸਿਟੀ ਪ੍ਰਸ਼ਾਸਨ ਨੇ ਇਸ 'ਤੇ ਸਿੱਖਾਂ ਤੋਂ ਮੁਆਫ਼ੀ ਮੰਗੀ ਹੈ ਅਤੇ ਆਪਣੇ ਫ਼ੈਸਲੇ 'ਤੇ ਗੌਰ ਕਰਨ ਦੀ ਗੱਲ ਆਖੀ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਇੱਕ ਸ਼ਰਤ ਦੇ ਨਾਲ 100 ਸਿੱਖ ਸੁਰੱਖਿਆ ਮੁਲਾਜ਼ਮਾਂ ਨੂੰ ਨੌਕਰੀ 'ਤੇ ਮੁੜ ਬਹਾਲ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ N95 ਮਾਸਕ ਪਾਉਣ ਵਿਚ ਦਿੱਕਤ ਆਉਂਦੀ ਹੈ ਪਰ ਜੇਕਰ ਕੋਈ ਸਿੱਖ ਸਾਬਤ ਸੂਰਤ ਡਿਊਟੀ ਨਿਭਾਉਣੀ ਚਾਹੁੰਦਾ ਹੈ ਤਾਂ ਉਸ ਨੂੰ ਮਾਸਕ ਦੇ ਨਾਲ ਨਾਲ ਰੁਮਾਲ ਨਾਲ ਆਪਣੀ ਦਾੜ੍ਹੀ ਨੂੰ ਢੱਕਣਾ ਪਵੇਗਾ।

ਸਿਟੀ ਆਫ ਟੋਰਾਂਟੋ ਨੇ ਆਪਣੇ ਸੰਵੇਦਨਸ਼ੀਲ ਖੇਤਰਾਂ ਵਿੱਚ ਕੋਵਿਡ-19 ਦੇ ਖਤਰੇ ਦੇ ਮੱਦੇਨਜ਼ਰ N95 ਮਾਸਕ ਪਾਉਣ ਲਈ ਦਾੜ੍ਹੀ ਨਾ ਰੱਖਣ ਦੇ ਫ਼ੈਸਲੇ ਦੇ ਜਵਾਬ ਵਿੱਚ ਧਾਰਮਿਕ ਆਧਾਰਾਂ 'ਤੇ ਛੋਟ ਮੰਗਣ ਵਾਲੇ ਕਰਮਚਾਰੀਆਂ ਅਤੇ ਸੁਰੱਖਿਆ ਗਾਰਡਾਂ ਨੂੰ ਦਾੜ੍ਹੀ ਰੱਖਣ ਦੀ ਇਜਾਜ਼ਤ ਦਿੱਤੀ ਹੈ। ਇੱਕ ਪ੍ਰਾਈਵੇਟ ਠੇਕੇਦਾਰ ਨੂੰ ਸਿੱਖ ਸੁਰੱਖਿਆ ਗਾਰਡਾਂ ਨੂੰ ਮੁੜ ਬਹਾਲ ਕਰਨ ਦੇ ਹੁਕਮ ਦਿੱਤੇ ਗਏ ਹਨ।

ਸਿਟੀ ਆਫ ਟੋਰਾਂਟੋ ਨੇ ਕਿਹਾ ਹੈ ਕਿ ਜਿਹੜੇ ਕਰਮਚਾਰੀ ਧਾਰਮਿਕ ਆਧਾਰ 'ਤੇ ਆਪਣੀ ਦਾੜ੍ਹੀ ਨਹੀਂ ਕੱਟ ਸਕਦੇ, ਉਹ ਸਾਬਤ ਸੂਰਤ ਕੰਮ ਕਰ ਸਕਣਗੇ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਦੇ ਪਹਿਲੇ ਫ਼ੈਸਲੇ ਤੋਂ ਬਾਅਦ ਪ੍ਰਾਈਵੇਟ ਠੇਕੇਦਾਰਾਂ ਵੱਲੋਂ 100 ਦੇ ਕਰੀਬ ਸੁਰੱਖਿਆ ਗਾਰਡਾਂ ਦੀ ਬਦਲੀ ਜਾਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਵਿਸ਼ਵ ਸਿੱਖ ਸੰਸਥਾ ਵੱਲੋਂ ਇਹ ਮੁੱਦਾ ਵੱਡੇ ਪੱਧਰ 'ਤੇ ਚੁੱਕਿਆ ਗਿਆ ਸੀ।

ਕੈਨੇਡਾ ਦੇ ਰੱਖਿਆ ਮੰਤਰੀ ਰਹੇ ਹਰਜੀਤ ਸਿੰਘ ਸੱਜਣ ਨੇ ਇਸ ’ਤੇ ਨਾਰਾਜ਼ਗੀ ਜਤਾਈ ਹੈ। ਇਸ ਸਬੰਧੀ ਟਵੀਟ ਕਰਦਿਆਂ ਹਰਜੀਤ ਸਿੰਘ ਸੱਜਣ ਨੇ ਲਿਖਿਆ, “ਇਕ ਸਾਬਕਾ ਸਿਪਾਹੀ ਅਤੇ ਪੁਲਿਸ ਅਧਿਕਾਰੀ ਹੋਣ ਦੇ ਨਾਤੇ ਮੈ ਇਸ ਤੋਂ ਨਿਰਾਸ਼ ਹਾਂ। ਸਾਡੀਆਂ ਫੌਜੀ ਅਤੇ ਪੁਲਿਸ ਸੇਵਾਵਾਂ ਨੇ ਇਸ ਦੇ ਵਿਕਲਪ ਲੱਭੇ ਹਨ। ਮੈਂ ਟੋਰਾਂਟੋ ਸ਼ਹਿਰ ਨੂੰ ਹੱਲ ਲੱਭਣ ਅਤੇ ਇਹਨਾਂ ਮੈਂਬਰਾਂ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਲਈ ਉਤਸ਼ਾਹਿਤ ਕਰਾਂਗਾ”।