ਨਿਊਜ਼ੀਲੈਡ ਵਿਖੇ 'ਟੌਰੰਗਾ ਦਸਤਾਰ ਦਿਵਸ' ਮੌਕੇ ਸੈਂਕੜਿਆਂ ਦੇ ਸਿਰਾਂ 'ਤੇ ਸਜੀਆਂ ਦਸਤਾਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਟੌਰੰਗਾ ਕੌਂਸਲ ਸਫ਼ਲਤਾ ਵੇਖ ਹੋਈ ਗਦ-ਗਦ

Tauranga Turban Day

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵਲੋਂ 'ਟੌਰੰਗਾ ਸਿਟੀ ਕੌਂਸਲ' ਦੀ ਸਹਾਇਤਾ ਨਾਲ ਤੀਜਾ ਸਾਲਾਨਾ 'ਟੌਰੰਗਾ ਟਰਬਨ ਡੇਅ' (ਟੌਰੰਗਾ ਦਸਤਾਰ ਦਿਵਸ) ਸਵੇਰੇ 11.30 ਵਜੇ ਤੋਂ 2 ਵਜੇ ਤਕ 'ਟੌਰੰਗਾ ਵਾਟਰ ਫ਼ਰੰਟ' ਉਤੇ ਮਨਾਇਆ ਗਿਆ। ਨਵੀਆਂ ਪੱਗਾਂ ਦੇ ਥਾਨ ਅਤੇ ਘਰਾਂ ਤੋਂ ਲਿਆਂਦੀਆਂ ਸਾਫ਼-ਸੁਥਰੀਆਂ ਪੱਗਾਂ ਵਖਰਾ ਹੀ ਨਜ਼ਾਰਾ ਬਣਾ ਗਈਆਂ।

ਦੂਜੀਆਂ ਕੌਮਾਂ ਦੇ ਸਿਰਾਂ 'ਤੇ ਦਸਤਾਰਾਂ ਸਜਾ ਕੇ ਪੱਗ ਦੀ ਮਹੱਤਤਾ ਦਾ ਅਹਿਸਾਸ ਕਰਾਉਣ ਲਈ ਜਿਥੇ ਬੇਅ ਆਫ਼ ਪਲੈਂਟੀ ਸਪੋਰਟਸ ਕਲੱਬ ਦੇ ਵਲੰਟੀਅਰ ਪੱਬਾਂ ਭਾਰ ਰਹਿ ਕੇ 'ਓਸੱਮ' ਦਾ ਖ਼ਿਤਾਬ ਲੈ ਗਏ ਉਥੇ ਰਿਸ਼ੀ ਪ੍ਰੀਤ, ਭਾਈ ਮਲਕੀਤ ਸਿੰਘ ਸੁੱਜੋਂ ਅਤੇ ਸ. ਚਰਨਜੀਤ ਸਿੰਘ ਦਾਨਾ ਨੇ ਅਪਣੀਆਂ-ਅਪਣੀਆਂ ਡਿਊਟੀਆਂ ਨਿਭਾਉਂਦਿਆਂ ਵਾਟਰ ਫ਼ਰੰਟ ਉਤੇ ਚਮਕਦੇ ਜਲ ਦੀਆਂ ਤਰੰਗਾਂ ਨੂੰ ਰੰਗ-ਬਿਰੰਗੀਆਂ ਦਸਤਾਰਾਂ ਨਾਲ ਹੋਰ ਸਤਰੰਗਾ ਬਣਾ ਦਿੱਤਾ।

ਟੌਰੰਗਾ ਸਿਟੀ ਕੌਂਸਲ ਤੋਂ ਜੋਅ ਲਇੰਕੀ, ਹੈਡੀ ਕਾਲੀਰਾਏ, (ਸਥਾਨਕ ਕਮਿਊਨਿਟੀ ਕੋ-ਆਰਡੀਨੇਟਰ), ਮਲਟੀਕਲਚਰਲ ਟੌਰੰਗਾ ਤੋਂ ਪ੍ਰਧਾਨ ਪਰਮਿਲਾ ਡੀਮੈਲੋ, ਵੈਸਟਰਟ ਬੇਅ ਆਫ਼ ਪਲੈਂਟੀ ਦੀ ਕੌਂਸਲਰ ਮਾਰਗ੍ਰੇਟ ਮੂਰੇ ਬੈਂਗੇ, ਕਮਿਊਨਿਟੀ ਕਾਂਸਟੇਬਲ, ਔਕਲੈਂਡ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਂਸਦ ਸ. ਕੰਵਲਜੀਤ ਸਿੰਘ ਬਖ਼ਸ਼ੀ ਅਤੇ ਆਨਰੇਰੀ ਭਾਰਤੀ ਕੌਂਸਲ ਸ. ਭਵਦੀਪ ਸਿੰਘ ਢਿੱਲੋਂ ਪਹੁੰਚੇ।

ਸ. ਪੂਰਨ ਸਿੰਘ ਬੰਗਾ ਨੇ ਦਸਿਆ ਕਿ ਇਸ ਵਾਰ ਪਿਛਲੇ 2 ਸਾਲਾਂ ਤੋਂ ਵੀ ਵੱਧ ਲੋਕਾਂ ਦੇ ਵਿਚ ਉਤਸ਼ਾਹ ਵੇਖਣ ਨੂੰ ਮਿਲਿਆ। ਲੰਗਰ ਵਾਸਤੇ ਕੜ੍ਹੀ-ਚਾਵਲ, ਪਾਣੀ ਦੀਆਂ ਬੋਤਲਾਂ, ਚਾਹ ਅਤੇ ਹੋਰ ਖਾਣ-ਪੀਣ ਦਾ ਸਮਾਨ ਰਖਿਆ ਗਿਆ ਸੀ। ਟੌਰੰਗਾ ਅਤੇ ਇਲਾਕੇ ਦੇ ਵਿਚ ਵਸਦੇ ਸਿੱਖਾਂ ਦੀ ਪਹਿਚਾਣ ਦਰਸਾਉਣ ਦੇ ਮਕਸਦ ਨਾਲ ਗੁਰਦਆਰਾ ਸਿੱਖ ਸੰਗਤ ਟੌਰੰਗਾ ਸਿਟੀ ਨੂੰ ਮਾਣ ਹੈ ਕਿ ਇਥੇ ਪਹਿਲੀ ਵਾਰ ਜਨਵਰੀ 2014 ਦੇ ਵਿਚ ਨਗਰ ਕੀਰਤਨ ਸਜਾਇਆ ਗਿਆ ਸੀ

ਅਤੇ ਹੁਣ ਤਕ 7 ਨਗਰ ਕੀਰਤਨ ਹੋ ਚੁੱਕੇ ਹਨ। ਇਸ ਵਾਰ ਵੀ 300 ਤੋਂ ਜ਼ਿਆਦਾ ਵੱਖ-ਵੱਖ ਕੌਮਾਂ ਦੇ ਲੋਕਾਂ ਨੇ ਸਿਰਾਂ 'ਤੇ ਰੰਗ-ਬਿਰੰਗੀਆਂ ਦਸਤਾਰਾਂ ਸਜਾ ਕੇ ਇਸ ਦਿਨ ਨੂੰ 'ਦਸਤਾਰ ਦਿਵਸ' ਦੇ ਰੂਪ ਵਿਚ ਬਦਲ ਦਿਤਾ। ਕਈ ਦਿਨ ਤਕ ਇਹ ਦਸਤਾਰਾਂ ਹੁਣ ਸੋਸ਼ਲ ਮੀਡੀਏ ਉਤੇ ਵੀ ਛਾਈਆਂ ਰਹਿਣਗੀਆਂ। ਪੁਲਿਸ ਵਿਭਾਗ ਤੋਂ ਵੀ ਕੁੱਝ ਸਟਾਫ਼ ਇਸ ਮੌਕੇ ਹਾਜ਼ਰ ਰਿਹਾ।