ਆਸਟ੍ਰੇਲੀਆ ਵਿਚ ਰਹਿ ਰਹੇ ਪੰਜਾਬੀ ਨੂੰ ਹੋਈ ਛੇ ਸਾਲ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਆਸਟ੍ਰੇਲੀਆ ਵਿਚ ਆਏ ਦਿਨ ਸੜਕ ਹਾਦਸੇ ਹੁੰਦੇ ਰਹਿੰਦੇ ਹਨ ਇਕ ਹਾਦਸਾ ਸਿਡਨੀ.....

Australia Police

ਸਿਡਨੀ ( ਪੀ.ਟੀ.ਆਈ ): ਆਸਟ੍ਰੇਲੀਆ ਵਿਚ ਆਏ ਦਿਨ ਸੜਕ ਹਾਦਸੇ ਹੁੰਦੇ ਰਹਿੰਦੇ ਹਨ ਇਕ ਹਾਦਸਾ ਸਿਡਨੀ ਸ਼ਹਿਰ ਵਿਚ ਵਾਪਰਿਆ ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਉਸ ਪੰਜਾਬੀ ਵਿਅਕਤੀ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਦੱਸ ਦਈਏ ਕਿ ਆਸਟ੍ਰੇਲੀਆ 'ਚ ਕਈ ਲੋਕਾਂ 'ਤੇ ਇਕ ਪੰਜਾਬੀ ਮੂਲ ਦੇ ਵਿਅਕਤੀ ਦੀ 15 ਸਕਿੰਟਾਂ ਦੀ ਅਣਗਹਿਲੀ ਭਾਰੀ ਪੈ ਗਈ। ਪੰਜਾਬੀ ਦੀ ਅਣਗਹਿਲੀ ਦੇ ਕਾਰਨ ਪਿਛਲੇ ਸਾਲ ਇਕ ਸੜਕ ਹਾਦਸਾ ਵਾਪਰਿਆ ਸੀ, ਜਿਸ ਵਿਚ 3 ਬਜ਼ੁਰਗਾਂ ਦੀ ਮੌਤ ਹੋ ਗਈ ਸੀ। ਜਿਸ ਵਿਚ ਪੰਜਾਬੀ ਮੂਲ ਦੇ ਵਿਅਕਤੀ‘ਤੇ ਕੇਸ ਦਰਜ ਹੋਇਆ ਸੀ।

ਬੀਤੇ ਦਿਨ ਵਿਕਟੋਰੀਆ ਦੀ ਅਦਾਲਤ ਨੇ ਪੰਜਾਬੀ ਮੂਲ ਦੇ ਟੈਕਸੀ ਡਰਾਈਵਰ ਜਤਿੰਦਰ ਪਨੇਸਰ ਨੂੰ ਸੜਕ ਹਾਦਸੇ 'ਚ ਦੋਸ਼ੀ ਠਹਿਰਾਉਂਦਿਆਂ ਛੇ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੱਸਣ ਯੋਗ ਹੈ ਕਿ ਮੈਲਬੌਰਨ ਤੋਂ ਤਕਰੀਬਨ 200 ਕਿਲੋਮੀਟਰ ਦੂਰ ਸਥਿਤ ਕਸਬੇ ਸ਼ੈਪਰਟਨ ਵਿਚ ਪਿਛਲੇ ਸਾਲ ਵਾਪਰੇ ਸੜਕ ਹਾਦਸੇ 'ਚ ਤਿੰਨ ਬਜ਼ੁਰਗਾਂ ਦੀ ਮੌਤ ਹੋ ਗਈ ਸੀ ਅਤੇ ਹੋਰ ਕਈ ਗੰਭੀਰ ਜ਼ਖਮੀ ਹੋ ਗਏ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਸੀ ਜਦੋਂ ਜਤਿੰਦਰ ਪਨੇਸਰ ਦੀ ਟੈਕਸੀ ਬਿਰਧ ਕੇਂਦਰ ਦੀ ਇਕ ਛੋਟੀ ਬੱਸ ਨਾਲ ਟਕਰਾ ਗਈ ਤੇ ਉਲਟ ਗਈ ਸੀ।

ਦੱਸ ਦਈਏ ਕਿ ਕੇਸ ਦੀ ਸੁਣਵਾਈ ਦੌਰਾਨ ਮ੍ਰਿਤਕਾਂ ਦੇ ਰਿਸ਼ਤੇਦਾਰ, ਬਿਰਧ ਕੇਂਦਰ ਦੀ ਮੈਨੇਜਰ ਅਤੇ ਪਨੇਸਰ ਦਾ ਪਰਿਵਾਰ ਵੀ ਹਾਜ਼ਰ ਸੀ ਅਤੇ ਸਜ਼ਾ ਸੁਣਾਉਂਦਿਆਂ ਜੱਜ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਦੋਸ਼ੀ ਹਾਦਸੇ ਮੌਕੇ ਨਾ ਸ਼ਰਾਬ ਤੇ ਨਾ ਹੀ ਕਿਸੇ ਹੋਰ ਨਸ਼ੇ ਦੇ ਪ੍ਰਭਾਵ ਹੇਠ ਸੀ ਪਰ ਚੌਕ 'ਚ 15 ਸਕਿੰਟਾਂ ਦੀ ਅਣਗਹਿਲੀ ਹੀ ਇਸ ਹਾਦਸੇ ਦਾ ਕਾਰਨ ਬਣੀ। ਛੇ ਸਾਲ ਦੀ ਸਜ਼ਾ ਦੌਰਾਨ ਜਤਿੰਦਰ ਪਨੇਸਰ ਤਿੰਨ ਸਾਲ ਬਾਅਦ ਪੈਰੋਲ ਲਈ ਅਰਜ਼ੀ ਦਾਖਲ ਕਰ ਸਕੇਗਾ।

ਅਦਾਲਤ 'ਚ ਪੀੜਤਾਂ ਦੇ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਨੇਸਰ ਨਾਲ ਕੋਈ ਗੁੱਸਾ ਨਹੀਂ ਹੈ ਕਿਉਂਕਿ ਉਸ ਨੇ ਜਾਣ-ਬੁਝ ਕੇ ਇਸ ਘਟਨਾ ਨੂੰ ਅੰਜਾਮ ਨਹੀਂ ਦਿਤਾ। ਹਾਲਾਂਕਿ ਇਸ ਹਾਦਸੇ ਨੇ ਉਨ੍ਹਾਂ ਨੂੰ ਜੋ ਜ਼ਖਮ ਦਿਤੇ ਹਨ, ਉਹ ਭਰੇ ਨਹੀਂ ਸਕਦੇ। ਇਸ ਹਾਦਸੇ ਨੇ ਪਰਵਾਰ ਨੂੰ ਝੰਜੋੜ ਕੇ ਰੱਖ ਦਿਤਾ ਹੈ।