ਕਬੱਡੀ ਵਿਚ ਦਸਮੇਸ਼ ਸਪੋਰਟਸ ਨੇ ਪਾਈਆਂ ਧਮਾਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕਬੱਡੀ ਫੈਡਰੇਸ਼ਨ ਵਲੋਂ ਕਰਵਾਏ ਜਾ ਰਹੇ ਟੂਰਨਾਮੈਂਟਾਂ ਦੀ ਕੜੀ ਦੌਰਾਨ ਟੌਰੰਗਾ ਵਿਚ ਕਰਵਾਏ ਗਏ ਦੂਜੇ ਟੂਰਨਾਮੈਂਟ ਵਿਚ......

Kabaddi

ਟੌਰੰਗਾ ( ਪੀ.ਟੀ.ਆਈ ): ਕਬੱਡੀ ਫੈਡਰੇਸ਼ਨ ਵਲੋਂ ਕਰਵਾਏ ਜਾ ਰਹੇ ਟੂਰਨਾਮੈਂਟਾਂ ਦੀ ਕੜੀ ਦੌਰਾਨ ਟੌਰੰਗਾ ਵਿਚ ਕਰਵਾਏ ਗਏ ਦੂਜੇ ਟੂਰਨਾਮੈਂਟ ਵਿਚ ਦਸਮੇਸ਼ ਸਪੋਰਟਸ ਕਲੱਬ ਟੀਪੁੱਕੀ ਨੇ ਫਸਵੇਂ ਮੁਕਬਲੇ ਦੌਰਾਨ ਜਿੱਤ ਦਾ ਝੰਡਾ ਗੱਡਿਆ। ਇਹ ਟੂਰਨਾਮੈਂਟ ਸਿੱਖ ਸੁਸਾਇਟੀ ਟੌਰੰਗਾ ਦੀ ਨਿਗਰਾਨੀ ਹੇਠ ਗੁਰੂਦੁਆਰਾ ਕਲਗੀਧਰ ਸਾਹਿਬ ਟੌਰੰਗਾ ਅਤੇ ਟਾਈਗਰ ਸਪੋਰਟਸ ਕਲੱਬ ਟੌਰੰਗਾ ਵਲੋਂ ਕਰਵਾਇਆ ਗਿਆ ਸੀ। ਕਬੱਡੀ ਦੇ ਫਾਈਨਲ ਮੁਕਾਬਲੇ ਵਿਚ ਦਸਮੇਸ਼ ਸਪੋਰਟਸ ਕਲੱਬ ਨੇ ਸਾਢੇ 30 ਅੰਕ ਹਾਸਲ ਕਰਕੇ ਅੱਧੇ ਅੰਕ ਦੇ ਫ਼ਰਕ ਨਾਲ ਜੇਤੂ ਹੋਣ ਦਾ ਮਾਣ ਹਾਸਲ ਕਰ ਲਿਆ ਅਤੇ 21 ਸੌ ਡਾਲਰ ਦਾ ਇਨਾਮ ਜਿੱਤਿਆ।

ਜਦੋਂ ਕਿ ਸਖਤ ਟੱਕਰ ਦੇਣ ਵਾਲੇ ਸ਼ਰਨ ਬੱਲ  ਸਪੋਰਟਸ ਕਲੱਬ ਦੇ ਖਿਡਾਰੀਆਂ ਨੇ ਵੀ ਵਧੀਆ ਕਾਰਗੁਜਾਰੀ ਵਿਖਾ ਕੇ 30 ਅੰਕ ਪ੍ਰਾਪਤ ਕਰਕੇ ਸਮੁਚੇ ਟੂਰਨਾਮੈਂਟ ਦੌਰਾਨ ਦੂਜਾ ਸਥਾਨ ਹਾਸਲ ਕਰਕੇ 18 ਸੌ ਡਾਲਰ ਇਨਾਮ ਜਿੱਤਿਆ। ਕਬੱਡੀ ਦੇ ਮੈਚਾਂ ਦੌਰਾਨ ਵਧੀਆ ਕਾਰਗੁਜਾਰੀ ਵਿਖਾਉਣ ਬਦਲੇ ਸ਼ਰਨ ਬੱਲ ਸਪੋਰਟਸ ਕਲੱਬ ਦੇ ਖਿਡਾਰੀ ਮੁਸਕਾਨ ਅਤੇ ਦਸਮੇਸ਼ ਸਪੋਰਟਸ ਕਲੱਬ ਟੀਪੁੱਕੀ ਦੇ ਖਿਡਾਰੀ ਨੀਨਾ ਖਜੂਰਲਾ ਨੂੰ ਵਧੀਆ ਧਾਵੀ ‘ਤੇ ਸ਼ਰਨ ਬੱਲ ਸਪੋਰਟਸ ਕਲੱਬ ਦੇ ਖਿਡਾਰੀ ਮੁਸਕਾਨ ਨੂੰ ਵੀ ਵਧੀਆ ਧਾਵੀ ਅਤੇ ਨਿਰਵੈਰ ਬੱਲਨਾਓਂ ਨੂੰ ਵਧੀਆ ਜਾਫੀ ਐਲਾਣਿਆ ਗਿਆ।

ਇਸ ਮੌਕੇ ਪੰਜਾਬੀਆਂ ਦੇ ਡੌਲਿਆਂ ਦਾ ਜੋਰ ਪਰਖਣ ਲਈ ਕਰਵਾਈ ਗਈ ਰੱਸਾਕੱਸ਼ੀ ਦੇ ਮੁਕਾਬਲੇ ਦੌਰਾਨ ਟੌਰੰਗਾ ਦੀ ਟੀਮ ਨੇ ਟੀਪੁੱਕੀ ਦੀ ਟੀਮ ਨੂੰ ਦੇ ਅੰਕਾਂ ਦੇ ਫਰਕ ਨਾਲ ਹਰਾਇਆ ਅਤੇ ਸਾਢੇ 500 ਡਾਲਰ ਇਨਾਮ ਜਿੱਤਿਆ। ਵਾਲੀਬਾਲ ਮੁਕਾਬਲਿਆਂ ਦੌਰਾਨ ਕੈਪਟਨ ਬਿਕਰਮਜੀਤ ਸਿੰਘ ਮੱਟਰਾਂ ਦੀ ਅਗਵਾਈ ‘ਚ ਪਾਪਾਟੋਏਟੋਏ ਵਾਰੀਅਰ ਨੇ ਪਹਿਲਾ ਮਥਾਨ ਲੈ ਕੇ ਨਗਦ ਇਨਾਮ ਅਤੇ ਟਰਾਫੀ ‘ਤੇ ਕਬਜਾ ਕੀਤਾ। ਲਾਹੌਰੀਏ ਵਾਰੀਅਰ ਨੇ ਦੂਜਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਨੂੰ ਹੋਰ ਰੌਚਕ ਬਣਾਉਣ ਲਈ ਬੱਚਿਆਂ ਦੀਆਂ ਦੌੜਾਂ ਅਤੇ ਔਰਤਾਂ ਲਈ ਮਿਊਜੀਕਲ ਕੁਰਸੀ ਦੀ ਆਈਟਮ ਵੀ ਕਰਵਾਈ ਗਈ।

ਜਿਸ ਪ੍ਰਤੀ ਔਰਤਾਂ ਨੇ ਬਹੁਤ ਹੀ ਊਤਸਾਹ ਦਿਖਾਇਆ ਅਤੇ ਇਸ ਵਿਚ 300, 200 ਅਤੇ 100 ਡਾਲਰ ਦੇ ਨਕਦ ਇਨਾਮ ਦਿਤੇ ਗਏ। ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਹੋਰ ਵੀ ਸੱਜਣ ਪੁੱਜੇ।