ਔਕਲੈਂਡ ਬੋਰਡ ਮੈਂਬਰ ਚੋਣਾਂ: ਨਿਊਜ਼ੀਲੈਂਡ 'ਚ ਜਨਮੀ ਸਿੱਖ ਬੱਚੀ ਜਪਨ ਕੌਰ ਨੇ ਦੂਜੀ ਵਾਰ ਜਿੱਤੀ ਚੋਣ
ਇਨ੍ਹਾਂ ਚੋਣਾਂ ਵਿਚ ਪਹਿਲੀ ਵਾਰ ਕਿਸੇ ਨੇ 62 ਫ਼ੀ ਸਦੀ ਵੋਟਾਂ ਨਾਲ ਹਾਸਲ ਕੀਤੀ ਜਿੱਤ
ਔਕਲੈਂਡ: ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਖ਼ਾਸ ਕਰ ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖ਼ੁਸ਼ੀ ਹੋਵੇਗੀ ਕਿ ‘ਵੈਸਟਲੇਕ ਗਰਲਜ਼ ਹਾਈ ਸਕੂਲ’ ਨੌਰਥ ਸ਼ੋਰ ਜਿਥੇ ਬਹੁ ਗਿਣਤੀ ਇਥੇ ਦੇ ਸਥਾਨਕ ਬੱਚਿਆਂ ਦੀ ਹੀ ਹੈ ਅਤੇ ਸਿਰਫ਼ ਕੁੱਝ ਕੁ ਪੰਜਾਬੀ ਲੜਕੀਆਂ ਹੀ ਇਥੇ ਪੜ੍ਹਦੀਆਂ ਹੋਣਗੀਆਂ, ਵਿਖੇ ਹੋਈਆਂ ਬੋਰਡ ਮੈਂਬਰ ਚੋਣਾਂ ਵਿਚ ਨਿਊਜ਼ੀਲੈਂਡ ਜਨਮੀ ਦਸਤਾਰਧਾਰੀ ਸਿੱਖ ਬੱਚੀ ਜਪਨ ਕੌਰ ਨੇ ਵਿਦਿਆਰਥੀਆਂ ਦੇ ਵੱਡੇ ਵਰਗ ਦਾ ਵਿਸ਼ਵਾਸ ਜਿੱਤਦਿਆਂ ਲਗਤਾਰ ਦੂਸਰੀ ਵਾਰ 62 ਫ਼ੀ ਸਦੀ ਵੋਟਾਂ ਨਾਲ ਜਿੱਤ ਹਾਸਲ ਕਰ ਕੇ ਇਕ ਤਰ੍ਹਾਂ ਨਾਲ ਇਤਿਹਾਸਕ ਪ੍ਰਾਪਤੀ ਕੀਤੀ ਹੈ।
ਸ਼ਾਇਦ ਹੀ ਇਸ ਤੋਂ ਪਹਿਲਾਂ ਕੋਈ ਬੱਚਾ ਦੂਜੀ ਵਾਰ ਚੋਣ ਜਿੱਤਿਆ ਹੋਵੇ ਅਤੇ ਵੋਟਿੰਗ ਦਰ ਉਪਰ ਗਈ ਹੋਵੇ। ਬੋਰਡ ਮੈਂਬਰ ਵਾਸਤੇ 4 ਵਿਦਿਆਰਥੀ ਮੈਦਾਨ ਵਿਚ ਸਨ ਅਤੇ ਜਪਨ ਕੌਰ ਨੇ ਇਹ ਜਿੱਤ ਹਾਸਲ ਕੀਤੀ ਹੈ। ਬੋਰਡ ਆਫ਼ ਟਰੱਸਟੀਜ਼ ਵਿਚ ਇਹ ਸਕੂਲ ਦੇ ਬੱਚਿਆਂ ਦੀ ਨੁਮਾਇੰਦਗੀ ਕਰੇਗੀ, ਜੋ ਕਿ ਇਕ ਵੱਡੀ ਗੱਲ ਹੈ।
ਬੱਚੀ ਜਪਨ ਕੌਰ ਨੇ ਕਮਿਊਨਿਟੀ ਤੋਂ ਅਸੀਸਾਂ ਦੀ ਮੰਗ ਕਰਦਿਆਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ ਤਾਕਿ ਉਹ ਸਿੱਖ ਪਹਿਰਾਵੇ ਸਮੇਤ ਅਪਣੇ ਭਾਈਚਾਰੇ ਦਾ ਨਾਂਅ ਹੋਰ ਚਮਕਾ ਸਕੇ।
ਨਿਊਜ਼ੀਲੈਂਡ ਵਿਚ ਸ਼ਾਇਦ ਇਹ ਪਹਿਲੀ ਸਿੱਖੀ ਸਰੂਪ ਵਾਲੀ ਬੱਚੀ ਹੈ ਜੋ ਪਿਛਲੇ ਸਾਲ ਤੋਂ ਜਿਥੇ ਸਿੱਖੀ ਸਰੂਪ ’ਚ ਰਹਿੰਦਿਆਂ ਪੜ੍ਹਾਈ ਪੂਰੀ ਕਰ ਰਹੀ ਹੈ, ਉਥੇ ਇਸ ਸਕੂਲ ਦੇ ਲਗਭਗ 2200 ਵਿਦਿਆਰਥੀਆਂ ਵਿਚੋਂ ਵੱਡਾ ਵਿਸ਼ਵਾਸ ਜਿੱਤਣ ਵਿਚ ਕਾਮਯਾਬ ਹੋਈ ਹੈ। ਉਹ ਇਸ ਵੇਲੇ ਸਕੂਲ ਦੇ 12ਵੇਂ ਸਾਲ ਦੀ ਪੜ੍ਹਾਈ ਕਰ ਰਹੀ ਹੈ। ਇਸ ਸਕੂਲ ਵਿਚ ਪਹਿਲੀ ਵਾਰ ਕੋਈ ਭਾਰਤੀ ਕੁੜੀ ਇਹ ਵਿਸ਼ਵਾਸ ਹਾਸਲ ਕਰ ਸਕੀ ਹੈ। ਬੱਚੀ ਜਪਨ ਕੌਰ ਦੇ ਸਤਿਕਾਰਤ ਪਿਤਾ ਸ. ਕਰਮਜੀਤ ਸਿੰਘ ਤਲਵਾੜ ਜਿਥੇ ਗੁਰਦਵਾਰਾ ਸਾਹਿਬ ਨੌਰਥ ਸ਼ੋਰ ਦੇ ਮੁੱਖ ਸੇਵਾਦਾਰ ਹਨ, ਉਥੇ ‘ਕੈਜਲੇ ਇੰਟਰਮੀਡੀਏਟ ਸਕੂਲ’ ਪਾਪਾਟੋਏਟੋਏ ਦੇ ਵਿਚ ਤਿੰਨ ਵਾਰ ਬੋਰਡ ਟਰੱਸਟੀ ਵੀ ਰਹਿ ਚੁੱਕੇ ਹਨ। ਸਮੁੱਚੇ ਭਾਈਚਾਰੇ ਵਲੋਂ ਬੱਚੀ ਜਪਨ ਕੌਰ ਅਤੇ ਉਸ ਦੇ ਸਮੁੱਚੇ ਪ੍ਰਵਾਰ ਨੂੰ ਲੱਖ-ਲੱਖ ਵਧਾਈ।