ਰੇਲ ਵਿਭਾਗ ਦਾ ਯਾਤਰੀਆਂ ਲਈ ਵੱਡਾ ਤੋਹਫ਼ਾ: ਵ੍ਹਟਸਐਪ ਜ਼ਰੀਏ ਲੈ ਸਕੋਗੇ ਰੇਲਗੱਡੀ ਦੀ ਸਾਰੀ ਜਾਣਕਾਰੀ
ਰੇਲਗੱਡੀ ਦੀ ਟਿਕਟ ਰੱਦ ਕਰਵਾਉਣੀ ਵੀ ਹੋਵੇਗੀ ਸੰਭਵ
ਮੁਹਾਲੀ : ਰੇਲ ਵਿਭਾਗ ਵੱਲੋਂ ਤਿਉਹਾਰਾਂ ਦੇ ਦਿਨਾਂ ’ਚ ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਹੀ ਆਈ. ਆਰ. ਸੀ. ਟੀ. ਸੀ. ਵੱਲੋਂ ਪਹਿਲੀਆਂ ਸਹੂਲਤਾਂ ’ਚ ਵਾਧਾ ਕੀਤਾ ਗਿਆ ਹੈ ਅਤੇ ਹੁਣ ਯਾਤਰੀ ਆਪਣੀ ਰੇਲਗੱਡੀ ਬਾਰੇ ਸਾਰੀ ਜਾਣਕਾਰੀ ਵ੍ਹਟਸਐਪ ਜ਼ਰੀਏ ਹੀ ਪ੍ਰਾਪਤ ਕਰ ਸਕਣਗੇ।
ਵਿਭਾਗ ਵਲੋਂ ਇੱਕ ਵ੍ਹਟਸਐਪ ਨੰ. 70420-62070 ਜਾਰੀ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਯਾਤਰੀ ਆਪਣੀ ਟਿਕਟ ਦੀ ਜਾਣਕਾਰੀ ਤੋਂ ਇਲਾਵਾ ਟਰੇਨ ਦੇ ਸਮੇਂ ਅਤੇ ਉਸ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ। ਵਿਭਾਗ ਮੁਤਾਬਕ ਇਸ ਸਹੂਲਤ ਨੂੰ ਮੁੰਬਈ ਸਥਿਤ ਸਟਾਰਟ-ਅਪ-ਰੇਲੋਫੀ ਵੱਲੋਂ ਪੇਸ਼ ਕੀਤਾ ਗਿਆ ਹੈ, ਜਿਸ ਨੂੰ ‘ਜ਼ੂਪ’ ਵ੍ਹਟਸਐਪ ਗਰੁੱਪ ਅਤੇ ‘ਜ਼ੂਪ ਐਪ’ ਦਾ ਨਾਮ ਦਿੱਤਾ ਗਿਆ ਹੈ। ਯਾਤਰੀ ਇਸ ਐਪ ਜ਼ਰੀਏ ਖਾਣਾ ਆਰਡਰ ਕਰਨ ਦੇ ਨਾਲ ਨਾਲ ਹੋਰ ਵੀ ਕਈ ਸਹੂਲਤਾਂ ਲੈ ਸਕਦੇ ਹਨ।
ਇਸ ਤੋਂ ਇਲਾਵਾ ਇਕ ਹੋਰ ਨੰਬਰ 98811-93322 ਵੀ ਜਾਰੀ ਕੀਤਾ ਗਿਆ ਹੈ, ਜਿਸ ਨੂੰ ‘ਰੇਲੋਫੀ ਵ੍ਹਅਸਐਪ ਗਰੁੱਪ’ ਦਾ ਨਾਂ ਦਿੱਤਾ ਗਿਆ ਹੈ। ਮੋਬਾਇਲ ਨੰਬਰ ਫੀਡ ਕਰਦੇ ਹੀ ਯਾਤਰੀਆਂ ਨੂੰ ਆਪਣੀ ਟਿਕਟ ਦਾ ਪੀ. ਐੱਨ. ਆਰ. ਨੰਬਰ ਅਤੇ ਟਰੇਨ ਨੰਬਰ ਭੇਜ ਕੇ ਜਾਣਕਾਰੀ ਮਿਲ ਸਕਦੀ ਹੈ। ਇਸ ਤੋਂ ਇਲਾਵਾ ਯਾਤਰੀ ਨੂੰ ਟਰੇਨ ਦੀ ਲਾਈਵ ਸਥਿਤੀ, ਪਿਛਲੇ ਅਤੇ ਆਉਣ ਵਾਲੇ ਸਟੇਸ਼ਨਾਂ ਦੀ ਜਾਣਕਾਰੀ, ਸਟੇਸ਼ਨ ’ਤੇ ਠਹਿਰਾਓ ਦਾ ਸਮਾਂ ਅਤੇ ਹੋਰ ਜਾਣਕਾਰੀ ਮਿਲ ਸਕਦੀ ਹੈ।
ਵਟਸਐਪ ਨੰਬਰ ’ਤੇ ਯਾਤਰੀ ਨੂੰ ਆਪਣੀ ਟਿਕਟ ਦਾ 10 ਅੰਕਾਂ ਦਾ ਪੀ. ਐੱਨ. ਆਰ. ਨੰਬਰ ਅਤੇ ਟਰੇਨ ਦਾ ਨੰਬਰ ਭੇਜਣਾ ਪਵੇਗਾ। ਦੱਸ ਦੇਈਏ ਕਿ ਜੇਕਰ ਕਿਸੇ ਯਾਤਰੀ ਨੇ ਆਪਣੀ ਟਿਕਟ ਰੱਦ ਵੀ ਕਰਵਾਉਣੀ ਹੈ ਤਾਂ ਇਹ ਵੀ ਸੰਭਵ ਹੈ। ਇਸ ਤੋਂ ਇਲਾਵਾ ਯਾਤਰੀ 139 ਨੰਬਰ ’ਤੇ ਵੀ ਫੋਨ ਕਰ ਕੇ ਆਪਣੀ ਰੇਲਗੱਡੀ ਦਾ ਸਟੇਟਸ ਚੈੱਕ ਕਰ ਸਕਦੇ ਹਨ।