NRI ਪਤੀ ਦਾ ਕਤਲ ਕਰਨ ਵਾਲੀ ਰਮਨਦੀਪ ਕੌਰ ਨੂੰ ਫਾਂਸੀ ਦੀ ਸਜ਼ਾ, ਪ੍ਰੇਮੀ ਨੂੰ ਉਮਰਕੈਦ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

9 ਸਾਲਾਂ ਦਾ ਪੁੱਤਰ ਸੀ ਮੁੱਖ ਗਵਾਹ, ਅੱਖਾਂ ਸਾਹਮਣੇ ਕੀਤਾ ਸੀ ਪਿਤਾ ਦਾ ਕਤਲ

Sukhjit Singh, Ramandeep Kaur and Gurpreet Singh

ਸ਼ਾਹਜਹਾਨਪੁਰ: ਸੱਤ ਸਾਲ ਪੁਰਾਣੇ ਐਨ.ਆਰ.ਆਈ. ਸੁਖਜੀਤ ਸਿੰਘ ਕਤਲ ਕਾਂਡ ’ਚ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਨੂੰ ਫਾਂਸੀ ਸਜ਼ਾ ਸੁਣਾਈ ਗਈ ਹੈ, ਜਦਕਿ ਪ੍ਰੇਮੀ ਗੁਰਪ੍ਰੀਤ ਸਿੰਘ ਉਰਫ਼ ਮਿੱਠੂ ਨੂੰ ਉਮਰ ਕੈਦ ਹੋਈ ਹੈ। ਅਪਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੰਕਜ ਸ੍ਰੀਵਾਸਤਵ ਨੇ ਪੰਜ ਅਕਤੂਬਰ ਨੂੰ ਦੋਹਾਂ ਨੂੰ ਦੋਸ਼ੀ ਕਰਾਰ ਦਿਤਾ ਸੀ। ਸਨਿਚਰਵਾਰ ਨੂੰ ਦੋਹਾਂ ਨੂੰ ਸਜ਼ਾ ਸੁਣਾਈ ਗਈ। 

ਬੰਡਾ ਦੇ ਬਸੰਤਾਪੁਰ ਦਾ ਮੂਲ ਵਾਸੀ ਸੁਖਜੀਤ ਸਿੰਘ ਇੰਗਲੈਂਡ ਦੇ ਡਰਬੀਸ਼ਾਇਰ ’ਚ ਰਹਿੰਦਾ ਸੀ। ਉਸ ਦੀ ਮਾਂ ਵੰਸ਼ ਕੌਰ ਪਿੰਡ ਬਸੰਤਾਪੁਰ ’ਚ ਫ਼ਾਰਮ ਹਾਊਸ ’ਤੇ ਰਹਿ ਕੇ ਖੇਤੀ ਦੀ ਦੇਖਭਾਲ ਕਰਦੀ ਸੀ। ਸੁਖਜੀਤ ਦੀ ਪੰਜਾਬ ਦੇ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਜੈਨਪੁਰ ਦੇ ਮੂਲ ਵਾਸੀ ਅਤੇ ਦੁਬਈ ’ਚ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਰਫ਼ ਮਿੱਠੂ ਨਾਲ ਦੋਸਤੀ ਸੀ।

ਮਿੱਠੂ ਅਕਸਰ ਇੰਗਲੈਂਡ ਅਤੇ ਸੁਖਜੀਤ ਦੁਬਈ ਜਾ ਕੇ ਇਕ-ਦੂਜੇ ਦੇ ਘਰ ਰੁਕਦੇ ਸਨ। ਇਸ ਦੌਰਾਨ ਮਿੱਠੂ ਅਤੇ ਸੁਖਜੀਤ ਦੀ ਪਤਨੀ ਰਮਨਦੀਪ ਕੌਰ ’ਚ ਪ੍ਰੇਮ ਪ੍ਰਸੰਗ ਹੋ ਗਿਆ। ਸੁਖਜੀਤ ਨੂੰ ਅਪਣੇ ਰਸਤੇ ’ਚੋਂ ਹਟਾਉਣ ਲਈ ਦੋਹਾਂ ਨੇ ਸੁਖਜੀਤ ਨਾਲ ਇੰਗਲੈਂਡ ਤੋਂ ਭਾਰਤ ਆ ਕੇ ਛੁੱਟੀਆਂ ਮਨਾਉਣ ਦੀ ਯੋਜਨਾ ਬਣਾਈ। 28 ਜੁਲਾਈ, 2016 ਨੂੰ ਸੁਖਜੀਤ ਅਪਣੀ ਪਤਨੀ, ਬੱਚਿਆਂ ਅਤੇ ਅਪਣੇ ਦੋਸਤ ਮਿੱਠੂ ਨਾਲ ਭਾਰਤ ਆਏ ਸਨ। ਦੇਸ਼ ’ਚ ਕਈ ਥਾਵਾਂ ’ਤੇ ਘੁੰਮਣ ਤੋਂ ਬਾਅਦ ਉਹ 15 ਅਗੱਸਤ ਨੂੰ ਫ਼ਾਰਮ ਹਾਊਸ ’ਤੇ ਬਸੰਤਾਪੁਰ ਪੁੱਜੇ। 

ਗਲ ਵੱਢ ਕੇ ਕੀਤਾ ਕਤਲ

ਇਕ ਸਤੰਬਰ ਦੀ ਰਾਤ ਸੁਖਜੀਤ ਦਾ ਗਲ ਵੱਢ ਕੇ ਕਤਲ ਕਰ ਦਿਤਾ ਗਿਆ। ਇਸ ਮਾਮਲੇ ’ਚ ਪੁਲਿਸ ਨੇ ਮਿੱਠੂ ਅਤੇ ਰਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਕੇ ਘਟਨਾ ਦਾ ਪ੍ਰਗਟਾਵਾ ਕੀਤਾ ਸੀ। ਪੁਲਿਸ ਅਨੁਸਾਰ ਪ੍ਰੇਮ ਸਬੰਧਾਂ ਕਾਰਨ ਰਮਨਦੀਪ ਕੌਰ ਨੇ ਪ੍ਰੇਮੀ ਗੁਰਪ੍ਰੀਤ ਸਿੰਘ ਉਰਫ਼ ਮਿੱਠੂ ਨਾਲ ਮਿਲ ਕੇ ਸੁਖਜੀਤ ਦਾ ਕਤਲ ਕੀਤਾ ਸੀ। ਪੁਲਿਸ ਨੇ ਦੋਹਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਜੇਲ ਭੇਜਿਆ ਸੀ। 

ਸਹਾਇਕ ਜ਼ਿਲ੍ਹਾ ਸਰਕਾਰੀ ਵਕੀਲ ਸ੍ਰੀਪਾਲ ਸ਼ਰਮਾ ਨੇ ਦਸਿਆ ਕਿ ਬੰਡਾ ਪੁਲਿਸ ਨੇ ਰਮਨਦੀਪ ਅਤੇ ਮਿੱਠੂ ਵਿਰੁਧ ਚਾਰਜਸ਼ੀਟ ਅਦਾਲਤ ’ਚ ਭੇਜਿਆ ਸੀ। ਮੁਕੱਦਮਾ ਚੱਲਣ ਦੌਰਾਨ 16 ਗਵਾਹ ਅਦਾਲਤ ’ਚ ਪੇਸ਼ ਕੀਤੇ ਗਏ। ਵੀਰਵਾਰ ਨੂੰ ਅਦਾਲਤ ਨੇ ਗਵਾਹਾਂ ਦੇ ਬਿਆਨ ਅਤੇ ਸਰਕਾਰੀ ਵਕੀਲ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਰਮਨਦੀਪ ਅਤੇ ਗੁਰਪ੍ਰੀਤ ਸਿੰਘ ਉਰਫ਼ ਮਿੱਠੂ ਨੂੰ ਦੋਸ਼ੀ ਠਹਿਰਾਇਆ। ਸਨਿਚਰਵਾਰ ਨੂੰ ਰਮਨਦੀਪ ਕੌਰ ਨੂੰ ਫਾਂਸੀ ਦੀ ਸਜ਼ਾ ਅਤੇ ਉਸ ਦੇ ਪ੍ਰੇਮੀ ਮਿੱਠੂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। 

ਪੁੱਤਰ ਸੀ ਕਤਲ ਦਾ ਮੁੱਖ ਗਵਾਹ

35 ਵਰ੍ਹਿਆਂ ਦੇ ਸੁਖਜੀਤ ਦਾ 9 ਸਾਲਾਂ ਦਾ ਪੁੱਤਰ ਉਸ ਦੇ ਕਤਲ ਦਾ ਮੁੱਖ ਗਵਾਹ ਸੀ। ਅਸਲ ’ਚ ਕਤਲ ਕਰਨ ਤੋਂ ਪਹਿਲਾਂ ਰਮਨਦੀਪ ਕੌਰ ਅਤੇ ਮਿੱਠੂ ਸਿੰਘ ਨੇ ਪੂਰੇ ਪ੍ਰਵਾਰ ਨੂੰ ਖਾਣੇ ’ਚ ਸੌਣ ਦੀ ਦਵਾਈ ਮਿਲਾ ਕੇ ਦੇ ਦਿਤੀ ਸੀ। ਪਰ ਸੁਖਜੀਤ ਦੇ ਵੱਡੇ ਪੁੱਤਰ ਨੇ ਉਸ ਰਾਤ ਦਾਲ-ਚੌਲ ਦੀ ਬਜਾਏ ਮੈਗੀ ਖਾਧੀ ਸੀ, ਜਿਸ ਕਾਰਨ ਰੌਲਾ ਸੁਣ ਕੇ ਉਸ ਦੀ ਨੀਂਦ ਖੁੱਲ੍ਹ ਗਈ ਸੀ। 

2016 ’ਚ ਉਸ ਨੇ ਪੁਲਿਸ ਨੂੰ ਕਿਹਾ ਸੀ, ‘‘ਮੇਰੇ ਪਿਤਾ ਬਹੁਤ ਚੰਗੇ ਹਨ ਪਰ ਮੇਰੀ ਮਾਂ ਬਹੁਤ ਬੁਰੀ ਹੈ। ਮੈਂ ਉਸ ਦਾ ਕਦੇ ਮੂੰਹ ਨਹੀਂ ਵੇਖਣਾ ਚਾਹੁੰਦਾ ਕਿਉਂਕਿ ਉਸ ਨੇ ਮੇਰੀਆਂ ਅੱਖਾਂ ਸਾਹਮਣੇ ਮੇਰੀ ਮਾਂ ਨੂੰ ਮਾਰ ਦਿਤਾ। ਉਸ ਨੇ ਮੇਰੇ ਪਿਤਾ ਦੇ ਮੂੰਹ ’ਤੇ ਸਿਰਹਾਣਾ ਰਖਿਆ ਅਤੇ ਗੁਰਪ੍ਰੀਤ ਨੂੰ ਉਸ ਦਾ ਗਲ ਵੱਢਣ ਲਈ ਕਿਹਾ।’’ ਮੀਡੀਆ ’ਚ ਆਏ ਇਸ ਬਿਆਨ ਤੋਂ ਬਾਅਦ ਹੀ ਪੁਲਿਸ ਨੇ ਗਵਾਹੀ ਸਮੇਤ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ। 

ਸਰਕਾਰੀ ਵਕੀਲ ਅਸ਼ੋਕ ਕੁਮਾਰ ਖੰਨਾ ਨੇ ਕਿਹਾ, ‘‘ਇਹ ਵਿਰਲਿਆਂ ’ਚੋਂ ਵਿਰਲਾ ਮਾਮਲਾ ਹੈ ਕਿਉਂਕਿ ਪੀੜਤ ਦਾ ਗਲ ਉਸ ਦੇ 9 ਸਾਲਾਂ ਦੇ ਪੁੱਤਰ ਦੀਆਂ ਅੱਖਾਂ ਸਾਹਮਣੇ ਵੱਢ ਦਿਤਾ ਗਿਆ ਸੀ। ਅਸੀਂ ਦੋਹਾਂ ਮੁਲਜ਼ਮਾਂ ਲਈ ਮੌਤ ਦੀ ਸਜ਼ਾ ਦੀ ਮੰਗ ਕਰਦੇ ਹਾਂ।’’ ਦੋਹਾਂ ਨੂੰ ਵੀਰਵਾਰ ਨੂੰ ਸ਼ਾਹਜਹਾਨਪੁਰ ਦੀ ਜੇਲ ’ਚ ਭੇਜ ਦਿਤਾ ਗਿਆ ਸੀ। 

ਜਿੱਥੇ ਕਾਨੂੰਨ ਨੂੰ ਮੰਨਿਆ ਲੱਚਰ, ਉਥੇ ਹੋਈ ਸਜ਼ਾ
ਰਮਨਦੀਪ ਕੌਰ ਅਤੇ ਮਿੱਠੂ ਤੋਂ ਪੁਲਿਸ ਨੇ ਇਹ ਪੁਛਿਆ ਸੀ ਕਿ ਸੁਖਜੀਤ ਦਾ ਕਤਲ ਦੁਬਈ ਜਾਂ ਇੰਗਲੈਂਡ ’ਚ ਕਿਉਂ ਨਹੀਂ ਕੀਤਾ? ਇਸ ’ਤੇ ਉਨ੍ਹਾਂ ਦਾ ਜਵਾਬ ਸੀ ਕਿ ਉਨ੍ਹਾਂ ਦੀ ਸਮਝ ’ਚ ਭਾਰਤ ਦਾ ਕਾਨੂੰਨ ਲੱਚਰ ਸੀ ਅਤੇ ਉਹ ਰਿਸ਼ਵਤ ਦੇ ਕੇ ਇਸ ਕਤਲ ਤੋਂ ਬਚ ਜਾਣਗੇ। ਕਤਲ ਤੋਂ ਬਾਅਦ ਮਿੱਠੂ ਦੁਬਈ ਅਤੇ ਰਮਨਦੀਪ ਇੰਗਲੈਂਡ ਚਲੇ ਜਾਂਦੇ ਤਾਂ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਜਾਂਦੇ। ਪਰ ਭਾਰਤ ਆ ਕੇ ਪੁਲਿਸ ਅਤੇ ਕਾਨੂੰਨ ਵਿਵਸਥਾ ’ਤੇ ਉਨ੍ਹਾਂ ਦੀ ਸੋਚ ਗ਼ਲਤ ਸਾਬਤ ਹੋਈ ਅਤੇ ਦੋਹਾਂ ਨੂੰ ਨਾ ਸਿਰਫ਼ ਅਗਲੇ ਹੀ ਦਿਨ ਫੜ ਲਿਆ ਗਿਆ, ਬਲਕਿ ਕਾਨੂੰਨ ’ਤੇ ਉਨ੍ਹਾਂ ਦਾ ਅੰਦਾਜ਼ਾ ਗ਼ਲਤ ਸਾਬਤ ਕਰਦਿਆਂ ਪੁਲਿਸ, ਸਰਕਾਰੀ ਵਕੀਲ ਨੇ ਮਿਲ ਕੇ ਸਬੂਤ ਅਤੇ ਦਲੀਲਾਂ ਅਦਾਲਤ ’ਚ ਪੇਸ਼ ਕੀਤੀਆਂ, ਜਿਨ੍ਹਾਂ ਕਾਰਨ ਦੋਹਾਂ ਨੂੰ ਦੋਸ਼ੀ ਕਰਾਰ ਦਿਤਾ ਗਿਆ।