ਆਸਟ੍ਰੇਲੀਆ : ਦੋ ਭਾਰਤੀ ਪਰਿਵਾਰਾਂ ਦੇ 5 ਜੀਆਂ ਦੀ ਸੜਕ ਹਾਦਸੇ ਵਿਚ ਮੌਤ, ਭਾਈਚਾਰੇ ਨੇ ਦਿੱਤੀ ਸ਼ਰਧਾਂਜਲੀ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਮਰਹੂਮ ਪ੍ਰਤਿਭਾ ਸ਼ਰਮਾ ਭਾਈਚਾਰੇ ਦੀ ਜਾਣੀ ਪਛਾਣੀ ਸ਼ਖਸੀਅਤ ਸੀ। ਪ੍ਰਤਿਭਾ ਸ਼ਰਮਾ ਵਲੋਂ ਬੀਤੀਆਂ ਕੌਂਸਲ ਅਤੇ ਰਾਜ ਪੱਧਰੀ ਚੋਣਾਂ 'ਚ ਵੀ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ

File Photo

Australia Road Accident News:  ਆਸਟ੍ਰੇਲੀਆ ਵਿਖੇ ਮੈਲਬੌਰਨ ਤੋਂ ਲਗਭਗ 110 ਕਿਮੀ. ਉੱਤਰ ਪੱਛਮੀ ਇਲਾਕੇ ਡੇਲਸਫੋਰਡ 'ਚ ਵਾਪਰੇ ਦਰਦਨਾਕ ਹਾਦਸੇ ਵਿਚ ਭਾਰਤੀ ਮੂਲ ਦੇ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਮਿਲੀ ਜਾਣਕਾਰੀ ਮੁਤਾਬਕ ਵਿਕਟੋਰੀਆ ਦੇ ਖੇਤਰੀ ਕਸਬੇ ਡੇਲੇਸਫੋਰਡ ਵਿਚ ਸਥਿਤ ਰੋਇਲ ਹੋਟਲ ਵਿਚ ਐਤਵਾਰ ਦੀ ਸ਼ਾਮ ਨੂੰ ਪ੍ਰਤਿਭਾ ਸ਼ਰਮਾ, ਉਸ ਦਾ ਪਤੀ ਜਤਿਨ ਚੁੱਘ ਅਤੇ ਉਹਨਾਂ ਦੀ ਧੀ ਅਨਵੀ  ਬੈਠੇ ਸਨ ਕਿ ਅਚਾਨਕ ਇੱਕ ਤੇਜ਼ ਰਫਤਾਰ ਆ ਰਹੀ ਚਿੱਟੇ ਰੰਗ ਦੀ ਬੀ ਐਮ ਡਬਲਿਊ ਕਾਰ ਬਾਹਰੀ ਮੇਜ਼ਾਂ ਨਾਲ ਟਕਰਾ ਗਈ। ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਪ੍ਰਤਿਭਾ ਸ਼ਰਮਾ ਅਤੇ ਜਤਿਨ ਚੁੱਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਉਹਨਾਂ ਦੀ 9 ਸਾਲਾ ਧੀ ਅਨਵੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਵੀ ਪੀੜ ਨਾ ਸਹਾਰਦੀ ਹੋਈ ਦਮ ਤੋੜ ਗਈ। 

ਜ਼ਿਕਰਯੋਗ ਹੈ ਕਿ ਮਰਹੂਮ ਪ੍ਰਤਿਭਾ ਸ਼ਰਮਾ ਭਾਈਚਾਰੇ ਦੀ ਜਾਣੀ ਪਛਾਣੀ ਸ਼ਖਸੀਅਤ ਸੀ। ਪ੍ਰਤਿਭਾ ਸ਼ਰਮਾ ਵਲੋਂ ਬੀਤੀਆਂ ਕੌਂਸਲ ਅਤੇ ਰਾਜ ਪੱਧਰੀ ਚੋਣਾਂ 'ਚ ਵੀ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਇਸ ਤੋਂ ਇਲਾਵਾ ਉਹ ਜਸਟਿਸ ਆਫ ਪੀਸ ਅਤੇ ਮਾਈਗ੍ਰੇਸ਼ਨ ਏਜੰਟ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਇਸ ਹਾਦਸੇ ਵਿਚ ਉਨ੍ਹਾਂ ਦੇ ਦੋਸਤ ਵਿਵੇਕ ਭਾਟੀਆ ਅਤੇ ਉਹਨਾਂ ਦੇ 11 ਸਾਲਾ ਪੁੱਤਰ ਵਿਹਾਨ ਦੀ ਵੀ ਜਾਨ ਚਲੀ ਗਈ।

ਇਸ ਹਾਦਸੇ ਵਿਚ ਭਾਟੀਆ ਦੀ ਪਤਨੀ ਅਤੇ ਦੂਜਾ ਪੁੱਤਰ, ਦੋਵੇਂ ਜ਼ਖ਼ਮੀ ਹੋ ਗਏ। ਛੇ ਸਾਲ ਦਾ ਬੱਚਾ ਸ਼ੁਰੂ ਵਿਚ ਟੁੱਟੀਆਂ ਲੱਤਾਂ ਅਤੇ ਅੰਦਰੂਨੀ ਸੱਟਾਂ ਨਾਲ ਗੰਭੀਰ ਹਾਲਤ ਵਿਚ ਸੀ ਪਰ ਬਾਅਦ ਵਿਚ ਸਥਿਰ ਹੋ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਕਾਰ ਚਲਾ ਰਹੇ 66 ਸਾਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਇਸ ਦਿਲ ਕੰਬਾਊ ਹਾਦਸੇ ਕਾਰਨ ਪੂਰੇ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ। ਇਸ ਘਟਨਾ ਤੇ ਆਸਟ੍ਰੇਲੀਆ ਦੇ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।