ਅਮਰੀਕਾ: ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ 'ਤੇ ਹਮਲਾ, ਪੱਗ ਉਤਾਰੀ ਤੇ ਵਰਤੀ ਭੱਦੀ ਸ਼ਬਦਾਵਲੀ  

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਇਹ ਘਟਨਾ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਗਈ ਵੀਡੀਓ ਰਾਂਹੀ ਸਾਹਮਣੇ ਆਈ ਹੈ

Sikh Cab Driver Allegedly Attacked, Take off the turban

 

ਨਿਊਯਾਰਕ : ਨਿਊਯਾਰਕ ਦੇ ਜੌਹਨ ਐਫ ਕੈਨੇਡੀ (ਜੇਐਫਕੇ) ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ, ਇੱਕ ਅਣਪਛਾਤੇ ਵਿਅਕਤੀ ਨੇ ਭਾਰਤੀ ਮੂਲ ਦੇ ਇੱਕ ਸਿੱਖ ਟੈਕਸੀ ਡਰਾਈਵਰ 'ਤੇ ਹਮਲਾ ਕਰ ਦਿੱਤਾ, ਉਸ ਦੀ ਪੱਗ ਉਤਾਰ ਦਿੱਤੀ ਅਤੇ ਉਸ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਇਹ ਘਟਨਾ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਗਈ ਵੀਡੀਓ ਰਾਂਹੀ ਸਾਹਮਣੇ ਆਈ ਹੈ। ਇਹ ਅਮਰੀਕਾ ਵਿਚ ਨਸਲੀ ਤੌਰ 'ਤੇ ਪ੍ਰੇਰਿਤ ਨਫ਼ਰਤ ਅਪਰਾਧ ਦਾ ਇੱਕ ਹੋਰ ਸ਼ੱਕੀ ਮਾਮਲਾ ਹੈ।

ਨਵਜੋਤ ਪਾਲ ਕੌਰ ਨੇ 4 ਜਨਵਰੀ ਨੂੰ ਟਵਿੱਟਰ 'ਤੇ 26 ਸੈਕਿੰਡ ਦੀ ਵੀਡੀਓ ਅਪਲੋਡ ਕੀਤੀ ਸੀ, ਜਿਸ 'ਚ ਇਕ ਵਿਅਕਤੀ ਏਅਰਪੋਰਟ ਦੇ ਬਾਹਰ ਇਕ ਸਿੱਖ ਟੈਕਸੀ ਡਰਾਈਵਰ 'ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ। ਨਵਜੋਤ ਕੌਰ ਨੇ ਦੱਸਿਆ ਕਿ ਏਅਰਪੋਰਟ 'ਤੇ ਖੜ੍ਹੇ ਇਕ ਹੋਰ ਵਿਅਕਤੀ ਨੇ ਵੀਡੀਓ ਰਿਕਾਰਡ ਕੀਤੀ ਸੀ। ਇਹ ਵੀਡੀਓ ਕਿਸ ਤਾਰੀਖ ਦਾ ਹੈ, ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਵੀਡੀਓ 'ਚ ਵਿਅਕਤੀ ਨੂੰ ਪੀੜਤ ਖਿਲਾਫ਼ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਿਚ ਉਹ ਸਿੱਖ ਵਿਅਕਤੀ ਨੂੰ ਵਾਰ-ਵਾਰ ਕੁੱਟਦਾ ਅਤੇ ਮੁੱਕਾ ਮਾਰਦਾ ਦਿਖਾਈ ਦੇ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਉਸ ਨੇ ਸਿੱਖ ਵਿਅਕਤੀ ਦੀ ਪੱਗ ਵੀ ਲਾਹ ਦਿੱਤੀ। 

ਨਵਜੋਤ ਕੌਰ ਨੇ ਕਿਹਾ, ''ਇਹ ਵੀਡੀਓ ਕਿਸੇ ਹੋਰ ਵਿਅਕਤੀ ਦੁਆਰਾ ਜੌਹਨ ਐੱਫ ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ੂਟ ਕੀਤਾ ਗਿਆ ਸੀ। ਮੈਂ ਇਹ ਵੀਡੀਓ ਰਿਕਾਰਡ ਨਹੀਂ ਕੀਤੀ, ਪਰ ਮੈਂ ਇਸ ਤੱਥ ਨੂੰ ਉਜਾਗਰ ਕਰਨਾ ਚਾਹੁੰਦੀ ਸੀ ਕਿ ਸਾਡੇ ਸਮਾਜ ਵਿਚ ਅਜੇ ਵੀ ਨਫ਼ਰਤ ਦਾ ਬੋਲਬਾਲਾ ਹੈ ਅਤੇ ਬਦਕਿਸਮਤੀ ਨਾਲ, ਮੈਂ ਬਹੁਤ ਸਾਰੇ ਸਿੱਖ ਕੈਬ ਡਰਾਈਵਰਾਂ ਨੂੰ ਕਈ ਵਾਰ ਹਮਲੇ ਦਾ ਸ਼ਿਕਾਰ ਹੁੰਦੇ ਦੇਖਿਆ ਹੈ। ਫਿਲਹਾਲ ਘਟਨਾ ਜਾਂ ਡਰਾਈਵਰ ਬਾਰੇ ਵਧੇਰੇ ਜਾਣਕਾਰੀ ਉਪਲੱਬਧ ਨਹੀਂ ਹੈ।

ਐਸਪੇਨ ਇੰਸਟੀਚਿਊਟ ਦੇ ਇਨਕਲੂਸਿਵ ਅਮਰੀਕਾ ਪ੍ਰੋਜੈਕਟ ਦੇ ਲੇਖਕ ਅਤੇ ਨਿਰਦੇਸ਼ਕ ਸਿਮਰਨ ਜੀਤ ਸਿੰਘ ਨੇ ਟਵੀਟ ਕੀਤਾ: “ਇਕ ਹੋਰ ਸਿੱਖ ਕੈਬ ਡਰਾਈਵਰ 'ਤੇ ਹਮਲਾ। ਇਸ ਵਾਰ ਇਹ ਨਿਊਯਾਰਕ ਦੇ ਜੇਐਫਕੇ ਏਅਰਪੋਰਟ 'ਤੇ ਹੋਇਆ। ਇਹ ਦੇਖ ਕੇ ਬਹੁਤ ਦੁੱਖ ਹੋਇਆ। ਜਿਹੜੇ ਸਿੱਖ ਨਹੀਂ ਹਨ, ਉਨ੍ਹਾਂ ਨੂੰ ਮੈਂ ਲਫ਼ਜ਼ਾਂ ਵਿਚ ਇਹ ਨਹੀਂ ਦੱਸ ਸਕਦਾ ਕਿ ਇੱਕ ਸਿੱਖ ਦੀ ਦਸਤਾਰ ਉਤਾਰਦੇ ਹੋਏ ਦੇਖਣ ਦਾ ਕੀ ਮਤਲਬ ਹੁੰਦਾ ਹੈ ਜਾਂ ਕਿਸੇ ਹੋਰ ਸਿੱਖ ਦੀ ਪੱਗ ਉਤਾਰਦੇ ਹੋਏ ਦੇਖ ਕੇ ਕੀ ਮਹਿਸੂਸ ਹੁੰਦਾ ਹੈ।' ਅਮਰੀਕਾ 'ਚ ਸਿੱਖ ਟੈਕਸੀ ਡਰਾਈਵਰ 'ਤੇ ਹਮਲੇ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ 2019 'ਚ ਭਾਰਤੀ ਮੂਲ ਦੇ ਸਿੱਖ ਉਬਰ ਕੈਬ ਡਰਾਈਵਰ 'ਤੇ ਹਮਲਾ ਹੋਇਆ ਸੀ। ਇਸ ਤੋਂ ਇਲਾਵਾ 2017 'ਚ ਨਿਊਯਾਰਕ 'ਚ 25 ਸਾਲਾ ਸਿੱਖ ਕੈਬ ਡਰਾਈਵਰ 'ਤੇ ਵੀ ਹਮਲਾ ਹੋਇਆ ਸੀ।