Punjab News: ਕੈਨੇਡਾ ਤੋਂ ਪੰਜਾਬ ਪਰਤ ਰਹੇ ਪੰਜਾਬੀ ਦੀ ਜਹਾਜ਼ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪਤਨੀ ਤੇ ਬੱਚਿਆਂ ਦਾ ਪਾਸਪੋਰਟ ਰੀਨਿਊ ਨਾ ਹੋਣ ਕਾਰਨ ਵਾਪਸ ਕੈਨੇਡਾ ਭੇਜੀ ਦੇਹ

Punjabi returning from Canada died due to heart attack in plane

Punjab News: ਕੈਨੇਡਾ ਤੋਂ ਅਪਣੇ ਮਾਤਾ-ਪਿਤਾ ਨਾਲ ਏਅਰ ਇੰਡੀਆ ਦੀ ਫਲਾਈਟ ਵਿਚ ਵਤਨ ਪਰਤ ਰਹੇ ਰਾਏਕੋਟ ਦੇ ਨੌਜਵਾਨ ਦੀ ਜਹਾਜ਼ ਵਿਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸੁਪਿੰਦਰ ਸਿੰਘ ਗਰੇਵਾਲ ਪੁੱਤਰ ਮੱਖਣ ਸਿੰਘ ਗਰੇਵਾਲ ਪਿਛਲੇ 25 ਸਾਲ ਤੋਂ ਕੈਨੇਡਾ ਵਿਚ ਰਹਿ ਰਿਹਾ ਸੀ।

ਜਾਣਕਾਰੀ ਦਿੰਦਿਆ ਮ੍ਰਿਤਕ ਦੇ ਪਰਵਾਰ ਨੇ ਦਸਿਆ ਕਿ ਸੁਪਿੰਦਰ ਸਿੰਘ ਉਰਫ਼ ਪਿੰਦਰ ਗਰੇਵਾਲ ਅਪਣੇ ਪਿਤਾ ਮੱਖਣ ਸਿੰਘ ਅਤੇ ਮਾਤਾ ਦਲਜੀਤ ਕੌਰ ਨਾਲ ਕੈਨੇਡਾ ਤੋਂ ਰਾਏਕੋਟ (ਪੰਜਾਬ) ਆ ਰਿਹਾ ਸੀ। ਉਹ 6 ਮਾਰਚ ਨੂੰ ਵੈਨਕੂਵਰ (ਕੈਨੇਡਾ) ਤੋਂ ਏਅਰ ਇੰਡੀਆ ਦੀ ਫਲਾਈਟ ਵਿਚ ਸਵਾਰ ਹੋਇਆ ਅਤੇ ਸਫ਼ਰ ਸ਼ੁਰੂ ਹੋਣ ਦੇ 7 ਘੰਟਿਆ ਬਾਅਦ ਹੀ ਜਹਾਜ਼ ਵਿਚ ਸਫਰ ਦੌਰਾਨ ਉਸ ਦੀ ਅਚਾਨਕ ਸਿਹਤ ਵਿਗੜ ਗਈ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਏ।

ਦਸਿਆ ਜਾ ਰਿਹਾ ਹੈ ਕਿ ਫਲਾਈਟ ਸਟਾਫ਼ ਨੇ ਉਸ ਨੂੰ ਬਚਾਉਣ ਲਈ ਕਾਫ਼ੀ ਜੱਦੋ-ਜਹਿਦ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਰਿਸਤੇਦਾਰਾਂ ਨੇ ਦਸਿਆ ਕਿ ਮ੍ਰਿਤਕ ਦੀ ਪਤਨੀ ਤੇ ਬੱਚਿਆਂ ਦੇ ਪਾਸਪੋਰਟ ਰੀਨਿਊ ਨਾ ਹੋਣ ਕਾਰਨ ਉਸ ਦੀ ਦੇਹ ਨੂੰ ਉਸੇ ਜਹਾਜ਼ ਰਾਹੀਂ ਵਾਪਸ ਵੈਨਕੂਵਰ ਭੇਜ ਦਿਤਾ ਗਿਆ, ਜਦਕਿ ਕਿਸੇ ਕਾਰਨਾਂ ਕਾਰਨ ਉਸ ਦੇ ਮਾਤਾ ਪਿਤਾ ਨੂੰ ਭਾਰਤ ਆਉਣਾ ਪੈ ਰਿਹਾ ਹੈ। ਹੁਣ ਉਹ 11 ਮਾਰਚ ਨੂੰ ਵਾਪਸ ਕੈਨੇਡਾ ਜਾਣਗੇ,  ਉਨ੍ਹਾਂ ਦੇ ਜਾਣ ਉਪਰੰਤ ਹੀ ਮ੍ਰਿਤਕ ਦਾ ਸਸਕਾਰ ਕੀਤਾ ਜਾਵੇਗਾ।

ਉਨ੍ਹਾਂ ਦਸਿਆ ਕਿ ਸੁਪਿੰਦਰ ਪਿਛਲੇ ਕਰੀਬ 25 ਸਾਲਾਂ ਤੋਂ ਕੈਨੇਡਾ ਵਿਖੇ ਅਪਣੇ ਮਾਤਾ-ਪਿਤਾ, ਪਤਨੀ ਅਤੇ ਦੋ ਧੀਆਂ ਨਾਲ ਰਹਿ ਰਿਹਾ ਸੀ ਅਤੇ ਸਮੇਂ-ਸਮੇਂ ’ਤੇ ਉਹ ਅਪਣੇ ਜੱਦੀ ਸ਼ਹਿਰ ਆਉਂਦਾ ਰਹਿੰਦਾ ਸੀ। ਹੁਣ ਉਹ ਦੋ ਸਾਲ ਬਾਅਦ ਭਾਰਤ ਵਾਪਸ ਆ ਰਿਹਾ ਸੀ ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਮ੍ਰਿਤਕ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਭੈਣ ਦਾ ਇਕਲੌਤਾ ਭਰਾ ਸੀ। ਪ੍ਰਵਾਸੀ ਪੰਜਾਬੀ ਦੀ ਅਚਾਨਕ ਮੌਤ ਹੋਣ ਕਾਰਨ ਰਾਏਕੋਟ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

 (For more Punjabi news apart from Punjabi returning from Canada died due to heart attack in plane, stay tuned to Rozana Spokesman)