Australia ’ਚ ਪੰਜਾਬ ਦੀ 12 ਸਾਲਾ ਲੇਖਿਕਾ ਐਸ਼ਲੀਨ ਖੇਲਾ ਨੂੰ ਰਾਜ ਪੁਰਸਕਾਰ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

Australia News : ਅਪਣੀਆਂ ਲਿਖੀਆਂ ਪੁਸਤਕਾਂ ਦੀ ਵਿਕਰੀ ਤੋਂ ਹੋਈ ਕਮਾਈ ਨੂੰ ਲੋੜਵੰਦ ਬੱਚਿਆਂ ਲਈ ਕੀਤਾ ਦਾਨ 

12-year-old Punjabi writer Ashleen Khela wins state award in Australia News in Punjabi

12-year-old Punjabi writer Ashleen Khela wins state award in Australia News in Punjabi : ਸਿਡਨੀ ਦੀ ਜੰਮਪਲ ਤੇ ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਸਜਾਵਲਪੁਰ ਨਾਲ ਸਬੰਧਤ ਆਸਟਰੇਲੀਆ ਦੀ ਸਭ ਤੋਂ ਛੋਟੀ ਉਮਰ ਦੀ ਲੇਖਿਕਾ ਐਸ਼ਲੀਨ ਖੇਲਾ ਨੂੰ ਨਿਊ ਸਾਊਥ ਵੇਲਜ਼ ਸੂਬੇ ਦੀ ਸਰਕਾਰ ਵਲੋਂ ਕੌਮਾਂਤਰੀ ਕਨਵੈਨਸ਼ਨ ਸੈਂਟਰ ਸਿਡਨੀ ਵਿਚ ਵਿਸ਼ਵ ਮਹਿਲਾ ਦਿਵਸ ਸਬੰਧੀ ਕਰਵਾਏ ਰਾਜ ਪਧਰੀ ਸਰਕਾਰੀ ਸਮਾਗਮ ਦੌਰਾਨ ਨਿਊ ਸਾਊਥ ਵੇਲਜ਼ ਵਿਮੈਨ ਆਫ਼ ਦਿ ਯੀਅਰ (ਉਮਰ 7-15 ਸਾਲ ਵਰਗ) ’ਚ ਰਾਜ ਪੁਰਸਕਾਰ ਦੇ ਕੇ ਨਿਵਾਜਿਆ ਗਿਆ। 

ਇਹ ਪੁਰਸਕਾਰ ਸੂਬੇ ਦੀ ਮਹਿਲਾਵਾਂ ਦੇ ਮਾਮਲਿਆਂ ਬਾਰੇ ਮੰਤਰੀ ਜੋਡੀ ਹੈਰੀਸਨ ਵਲੋਂ ਦਿਤਾ ਗਿਆ। ਇਹ ਪੁਰਸਕਾਰ ਐਸ਼ਲੀਨ ਨੂੰ ਉਨ੍ਹਾਂ ਵਲੋਂ ਛੋਟੀ ਉਮਰ ’ਚ ਹੁਣ ਤਾਈਂ ਲਿਖੀਆਂ ਦੋ ਪੁਸਤਕਾਂ ਦੀ ਵਿਕਰੀ ਤੋਂ ਹੋਈ ਸਾਰੀ ਕਮਾਈ ਨੂੰ ਆਸਟਰੇਲੀਆ ਸਣੇ ਵਿਸ਼ਵ ਭਰ ਦੇ ਲੋੜਵੰਦ ਤੇ ਅਣਗੌਲੇ ਬੱਚਿਆਂ ਦੀ ਸਿਹਤ ਤੇ ਭਲਾਈ ਲਈ ਦਾਨ ਕੀਤੇ ਜਾਣ ਕਰ ਕੇ ਦਿਤਾ ਗਿਆ ਹੈ। 

ਸਮਾਗਮ ਤੋਂ ਤੁਰਤ ਬਾਅਦ ਨਿਊ ਸਾਊਥ ਵੇਲਜ਼ ਸੂਬੇ ਦੀ ਰਾਜਪਾਲ ਮਾਰਗਰੇਟ ਬੀਜ਼ਲੇਅ ਦੇ ਵਿਸ਼ੇਸ਼ ਸੱਦੇ ’ਤੇ ਐਸ਼ਲੀਨ ਰਾਜਪਾਲ ਦੀ ਸਰਕਾਰੀ ਰਿਹਾਇਸ਼ ਵਿਖੇ ਪੁੱਜੀ। ਐਸ਼ਲੀਨ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਰਾਜਪਾਲ ਨੇ ਕਿਹਾ ਕਿ ਖੇਲਾ ਕਈ ਹੋਰ ਕੁੜੀਆਂ ਤੇ ਮਹਿਲਾਵਾਂ ਲਈ ਰੋਲ ਮਾਡਲ ਬਣੀ ਹੈ। 

ਜ਼ਿਕਰਯੋਗ ਹੈ ਕਿ ਐਸ਼ਲੀਨ ਖੇਲਾ ਨੇ 2019 ਵਿਚ ਆਪਣੀ ਪੰਜਾਬ ਫੇਰੀ ਦੌਰਾਨ ਸੜਕ ਕਿਨਾਰੇ ਝੁੱਗੀਆਂ ਵਿਚ ਰਹਿੰਦੇ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਦੀ ਮਦਦ ਕਰਨ ਲਈ ਅੱਠ ਸਾਲ ਦੀ ਉਮਰ ਵਿਚ ਲਿਖਣਾ ਸ਼ੁਰੂ ਕਰ ਦਿਤਾ ਸੀ ਅਤੇ ਅੱਜ ਉਹ ਅਪਣੀਆਂ ਕਿਤਾਬਾਂ ਰਾਹੀਂ ਗ਼ਰੀਬ ਬੱਚਿਆਂ ਦੀ ਮਦਦ ਕਰਨ ਵਾਲੀ ਲੇਖਿਕਾ ਵਜੋਂ ਜਾਣੀ ਜਾਂਦੀ ਹੈ।