ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ, ਉਤਸ਼ਾਹ ਨਾਲ ਪੁੱਜੀ ਸੰਗਤ
ਹਰ ਸਾਲ ਵਾਂਗ ਬੰਦੀ ਛੋੜ ਦਿਹਾੜੇ ਅਤੇ ਦੀਵਾਲੀ ਮੌਕੇ ਇਸ ਵਾਰ ਵੀ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ 'ਚ ਬੁੱਧਵਾਰ...
ਆਕਲੈਂਡ (ਭਾਸ਼ਾ) : ਹਰ ਸਾਲ ਵਾਂਗ ਬੰਦੀ ਛੋੜ ਦਿਹਾੜੇ ਅਤੇ ਦੀਵਾਲੀ ਮੌਕੇ ਇਸ ਵਾਰ ਵੀ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ 'ਚ ਬੁੱਧਵਾਰ ਸ਼ਾਮ ਨੂੰ ਆਤਿਸ਼ਬਾਜ਼ੀ ਦਾ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲਿਆ। ਜਿਸ ਵਿੱਚ ਸੰਗਤ ਭਾਰੀ ਉਤਸ਼ਾਹ ਨਾਲ ਪੁੱਜੀ ਅਤੇ ਮੰਨਿਆ ਜਾ ਰਿਹਾ ਹੈ ਕਿ ਗਿਣਤੀ 20 ਤੋਂ 25 ਹਜ਼ਾਰ ਦੇ ਦਰਮਿਆਨ ਸੀ। ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਵੱਲੋਂ ਕਰਵਾਏ ਜਾਣ ਵਾਲੇ ਇਸ ਪ੍ਰੋਗਰਾਮ ਨੂੰ ਭਾਰਤੀ ਮੂਲ ਦਾ ਸਭ ਤੋਂ ਵੱਡਾ ਈਵੈਂਟ ਹੋਣ ਦਾ ਮਾਣ ਹਾਸਲ ਹੈ।
ਜਿਸ ਪਾਰਲੀਮੈਂਟ 'ਚ ਵਿਰੋਧੀ ਧਿਰ ਨੇਤਾ ਅਤੇ ਨੈਸ਼ਨਲ ਪਾਰਟੀ ਦੇ ਆਗੂ ਸਾਈਮਨ ਬਰਿਜਸ ਨੇ ਵੀ ਹਾਜ਼ਰੀ ਭਰੀ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਚੋਂ ਰਿਹਾਅ ਹੋ ਕੇ ਅੰਮ੍ਰਿਤਸਰ ਪੁੱਜਣ ਨਾਲ ਸਬੰਧਤ ਇਸ ਦਿਹਾੜੇ ਨੂੰ ਨਿਊਜ਼ੀਲੈਂਡ ਦੇ ਇਸ ਸਭ ਤੋਂ ਵੱਡੇ ਗੁਰੂਘਰ 'ਚ ਪੂਰੇ ਜੋਸ਼-ਖਰੋਸ਼ ਨਾਲ ਮਨਾਇਆ ਗਿਆ। ਸੰਗਤ ਸ਼ਾਮ ਛੇ ਵਜੇ ਤੋਂ ਹੀ ਮੱਥਾ ਟੇਕਣ ਲਈ ਕਤਾਰਾਂ 'ਚ ਬੰਨ੍ਹ ਕੇ ਖੜ੍ਹੀ ਨਜ਼ਰ ਆਈ ਜਦੋਂ ਕਿ ਅੱਠ ਵਜੇ ਤੱਕ ਮੱਥਾ ਟੇਕਣ ਲਈ ਦਸ ਲਾਈਨਾਂ ਬਣਾਉਣੀਆਂ ਪਈਆਂ।
ਗੁਰਦੁਆਰਾ ਸਾਹਿਬ 'ਚ ਰੱਖੇ ਵਿਸ਼ੇਸ਼ ਖੜਵੇਂ ਫਰੇਮ 'ਤੇ ਬੀਬੀਆਂ ਨੇ ਪੂਰੀ ਸ਼ਰਧਾ ਨਾਲ ਦੀਵੇਂ ਜਗਾ ਕੇ ਗੁਰੂ ਸਾਹਿਬ ਦੀ ਰਿਹਾਈ ਦੀ ਖੁਸ਼ੀ ਮਨਾਈ। ਰੰਗ-ਬਰੰਗੀ ਕਾਇਨਾਤ 'ਚ ਰੰਗਿਆ ਗੁਰੂਘਰ ਦਾ ਵਿਹੜਾ ਸਮੁੱਚੀ ਮਨੁੱਖਤਾ ਨੂੰ ਆਸ਼ੀਰਵਾਦ ਦਿੰਦਾ ਪ੍ਰਤੀਤ ਹੋ ਰਿਹਾ ਸੀ, ਜਿੱਥੇ ਵੱਖ-ਵੱਖ ਦੇਸ਼ਾਂ ਅਤੇ ਨਸਲਾਂ ਦੇ ਲੋਕ ਖੁਸ਼ੀ ਅਤੇ ਉਤਸ਼ਾਹ 'ਚ ਘੁੰਮ ਰਹੇ ਸਨ। ਪੰਜਾਬੀ ਅਤੇ ਭਾਰਤੀ ਮੂਲ ਦੇ ਕਈ ਨੌਜਵਾਨ ਆਪਣੀਆਂ ਯੂਰਪੀਨ ਅਤੇ ਆਈਲੈਂਡਜ ਮੂਲ ਦੀਆਂ ਜੀਵਨ ਸਾਥਣਾਂ ਨਾਲ ਵੀ ਗੁਰੂਘਰ ਚੋਂ ਆਸ਼ੀਰਵਾਦ ਲੈਣ ਪੁੱਜੇ।
ਦਰਬਾਰ ਸਾਹਿਬ ਹਾਲ 'ਚ ਫ਼ਤਹਿਗੜ੍ਹ ਸਭਰਾਵਾਂ ਤੋਂ ਵਿਸ਼ੇਸ਼ ਤੌਰ 'ਤੇ ਆਕਲੈਂਡ 'ਚ ਪਹਿਲੀ ਵਾਰ ਪੁੱਜੇ ਛੋਟੇ ਛੋਟੇ ਬੱਚਿਆਂ ਦੇ ਢਾਡੀ ਜਥੇ ਨੇ ਭਾਈ ਹਰਮਨਦੀਪ ਸਿੰਘ ਦੀ ਅਗਵਾਈ 'ਚ ਜੋਸ਼ੀਲੀਆਂ ਵਾਰਾਂ ਨਾਲ ਜਿੱਥੇ ਵੱਡਿਆਂ ਅਤੇ ਬਜ਼ੁਰਗਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ, ਉਥੇ ਨਿਊਜ਼ੀਲੈਂਡ 'ਚ ਜੰਮੀ ਨਵੀਂ ਪੀੜ੍ਹੀ ਨੂੰ ਵੀ ਸਿੱਖ ਫਲਸਫੇ ਨਾਲ ਡੂੰਘੀ ਸਾਂਝ ਪਾਈ ਰੱਖਣ ਦਾ ਸੁਨੇਹਾ ਦਿੱਤਾ। ਇਸੇ ਦੌਰਾਨ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਅਤੇ ਪ੍ਰਸਿੱਧ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੇ ਕੀਰਤਨ ਰਾਹੀਂਂ ਗੁਰੂਸ਼ਬਦਾਂ ਨੂੰ ਸੰਗਤ ਤੱਕ ਪਹੁੰਚਾਇਆ ਅਤੇ ਪੰਜਾਬ ਦੇ ਸਿਆਸੀ ਅਤੇ ਸਮਾਜੀ ਹਾਲਾਤ 'ਤੇ ਝਾਤ ਪਵਾਈ।
ਇਸੇ ਦੌਰਾਨ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਲੀਡਰ ਅਤੇ ਨੈਸ਼ਨਲ ਪਾਰਟੀ ਦੇ ਆਗੂ ਸਾਈਮਨ ਬਰਿਜਸ ਨੇ 'ਸਤਿ ਸਿਰੀ ਆਕਾਲ' ਬੁਲਾ ਕੇ ਸਿੱਖ ਭਾਈਚਾਰੇ ਦੀ ਤਰੀਫ ਕੀਤੀ, ਜੋ ਦੇਸ਼ ਦੇ ਵਿਕਾਸ ਲਈ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਵੀ ਅਤੇ ਭਾਰਤੀ ਭਾਈਚਾਰੇ ਦੀਆਂ ਪਰਿਵਾਰਾਂ ਅਤੇ ਸਖ਼ਤ ਮਿਹਨਤ ਵਾਲੀਆਂ ਕਦਰਾਂ-ਕੀਮਤਾਂ ਸਾਂਝੀਆਂ ਹਨ ਅਤੇ ਕਿਰਪਾਨ ਦਾ ਮੁੱਦਾ ਵੀ ਕਿਸੇ ਤਨ ਪੱਤਣ ਲਾ ਦੇਣਗੇ ਤਾਂ ਜੋ ਸਿੱਖ ਕਿਰਪਾਨ ਪਾ ਕੇ ਪੂਰੀ ਕਾਨੂੰਨੀ ਅਜ਼ਾਦੀ ਨਾਲ ਦੇਸ਼ ਭਰ 'ਚ ਘੁੰਮ ਸਕਣ। ਉਨ੍ਹਾਂ ਗੁਰਦੁਆਰਾ ਸਾਹਿਬ 'ਚ ਸੱਦਾ ਦੇਣ ਲਈ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਪਹਿਲੇ ਸਿੱਖ ਪਾਰਲੀਮੈਂਟ ਮੈਂਬਰ ਕੰਵਲਜੀਤ ਸਿੰਘ ਬਖਸ਼ੀ ਨੇ ਵੀ ਸੰਗਤ ਨੂੰ ਵਧਾਈ ਦਿੱਤੀ। ਅਖੀਰ ਦਸ ਵਜੇ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਗਰਾਊਂਡ 'ਚ 10-15 ਮਿੰਟ ਲਈ ਹੋਈ ਆਤਿਸ਼ਬਾਜ਼ੀ ਨੇ ਇਸ ਇਤਿਹਾਸਕ ਸਮਾਗਮ ਦੇ ਜਲੌਅ ਨੂੰ ਸਿਖਰ 'ਤੇ ਪਹੁੰਚਾ ਦਿੱਤਾ,ਜਿਸਨੂੰ ਵੇਖਣ ਲਈ ਸੰਗਤ ਆਕਲੈਂਡ ਤੋਂ ਇਲਾਵਾ ਵਲਿੰਗਟਨ, ਹੈਮਿਲਟਨ, ਟੌਰੰਗਾ, ਟੀਪੁੱਕੀ ਅਤੇ ਹੋਰ ਸ਼ਹਿਰਾਂ ਤੋਂ ਵੀ ਪੁੱਜੀ ਹੋਈ ਸੀ। ਆਤਿਸ਼ਬਾਜੀ ਨੂੰ ਸਥਾਨਕ ਮੂਲ ਦੇ ਲੋਕਾਂ ਨੇ ਵੀ ਪੂਰੀ ਦਿਲਸਚਪੀ ਨਾਲ ਵੇਖਿਆ।
ਇਸ ਪਿੱਛੋਂ ਇੱਕਦਮ ਸੰਗਤ ਘਰਾਂ ਵੱਲ ਪਰਤਨ ਲੱਗੀ ਤਾਂ ਇਕੱਠ ਜਿਆਦਾ ਹੋਣ ਕਰਕੇ ਲੋਕਾਂ ਨੂੰ ਪਾਰਕਿੰਗ ਚੋਂ ਗੱਡੀਆਂ ਕੱਢਣ ਲਈ ਲੰਬਾ ਸਮਾਂ ਉਡੀਕ ਕਰਨੀ ਪਈ। ਇਸ ਮੌਕੇ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਬੁਲਾਰੇ ਦਲਜੀਤ ਸਿੰਘ ਨੇ ਸਾਰੀ ਸੰਗਤ ਦਾ ਧੰਨਵਾਦ ਕਰਦਿਆਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ, ਜਿਨ੍ਹਾਂ ਦੀ ਮਿਹਰ ਨਾਲ ਦੇਸ਼ 'ਚ ਹਰ ਸਾਲ ਹੋਣ ਵਾਲਾ ਭਾਰਤੀ ਭਾਈਚਾਰੇ ਦਾ ਇਹ ਵੱਡਾ ਇਤਿਹਾਸਕ ਈਵੈਂਟ ਪੂਰਾ ਸਫ਼ਲਤਾ ਨਾਲ ਨੇਪਰੇ ਚੜ੍ਹਿਆ। ਉਨ੍ਹਾਂ ਸਾਰੇ ਸੇਵਾਦਾਰਾਂ ਦਾ ਸ਼ੁਕਰੀਆ ਕਰਦਿਆਂ ਦੱਸਿਆ ਕਿ ਅਜਿਹੇ ਕਾਰਜ ਸਮੁੱਚੇ ਭਾਈਚਾਰੇ ਦੇ ਸਹਿਯੋਗ ਨਾਲ ਸੰਪੂਰਨ ਕੀਤੇ ਜਾ ਸਕਦੇ ਹਨ, ਜਿਸ ਲਈ ਸਾਰਾ ਸਿੱਖ ਭਾਈਚਾਰਾ ਹੀ ਵਧਾਈ ਦਾ ਪਾਤਰ ਹੈ।