ਜੇਲ੍ਹ ’ਚ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਵੱਡਾ ਸਦਮਾ, ਭਰਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪੁੱਤ ਨੂੰ ਮਿਲਣ ਲਈ ਕੈਨੇਡਾ ਗਏ ਸਨ ਕੁਲਵੰਤ ਸਿੰਘ

Balwant Singh Rajoana's brother died of a heart attack

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਦੇ ਜੇਲ ਵਿਚ ਬੰਦ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਨੂੰ ਵੱਡਾ ਸਦਮਾ ਲੱਗਿਆ ਹੈ, ਉਨ੍ਹਾਂ ਦੇ ਭਰਾ ਕੁਲਵੰਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਕੁਲਵੰਤ ਸਿੰਘ ਦਾ ਜਨਮ 27 ਜੁਲਾਈ 1965 ਨੂੰ ਹੋਇਆ ਸੀ ਅਤੇ ਬਲਵੰਤ ਸਿੰਘ ਦੇ ਵੱਡੇ ਭਰਾ ਸਨ।

ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਆਪਣੇ ਪੁੱਤਰ ਨੂੰ ਮਿਲਣ ਲਈ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਦੇ ਵਿੰਨੀਪੈੱਗ ਗਏ ਸਨ, ਇਸੇ ਦੌਰਾਨ ਉਨ੍ਹਾਂ ਦੀ ਕੈਨੇਡਾ ਵਿਖੇ ਬੀਤੀ 4 ਨਵੰਬਰ ਨੂੰ ਆਪਣੇ ਘਰ ਵਿਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਫਿਲਹਾਲ ਉਨ੍ਹਾਂ ਦੀ ਦੇਹ ਪੋਸਟਮਾਰਟਮ ਲਈ ਹਸਪਤਾਲ ਦੇ ਕਬਜ਼ੇ ਵਿਚ ਹੀ ਹੈ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਸਸਕਾਰ ਵੀ ਵਿੰਨੀਪੈੱਗ ਵਿਖੇ ਹੀ ਹੋਵੇਗਾ।

ਪਿਛਲੇ ਲਗਭਗ ਤੀਹ ਸਾਲਾਂ ਤੋਂ ਜੇਲ੍ਹ ਵਿੱਚ ਕੈਦ ਬੰਦੀ ਸਿੰਘ ਬਲਵੰਤ ਸਿੰਘ ਦੇ ਪਰਿਵਾਰ ਦੇ ਸਾਰੇ ਜੀਅ ਇਕ-ਇਕ ਕਰਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ। ਰਾਜੋਆਣਾ ਦੇ ਪਰਿਵਾਰ ਵਿਚ ਇਸ ਵੇਲੇ ਸਿਰਫ਼ ਉਨ੍ਹਾਂ ਦੇ ਦੋ ਭਤੀਜੇ ( ਵੱਡੇ ਭਰਾ ਕੁਲਵੰਤ ਸਿੰਘ ਦੇ ਬੇਟੇ) ਰਵਨੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਹੀ ਜ਼ਿੰਦਾ ਬਚੇ ਹਨ।