ਕੋਟਕਪੂਰਾ ਦੇ ਨੌਜਵਾਨ ਦੀ ਦੁਬਈ 'ਚ ਦਿਲ ਦਾ ਦੌਰੇ ਪੈਣ ਨਾਲ ਮੌਤ
ਮਿ੍ਰਤਕ ਸੁਖਦੇਵ ਸਿੰਘ ਦਾ ਕੋਟਕਪੂਰਾ ਵਿਖੇ ਅੰਤਮ ਸਸਕਾਰ ਕਰ ਦਿਤਾ ਗਿਆ ਹੈ।
ਕੋਟਕਪੂਰਾ (ਗੁਰਿੰਦਰ ਸਿੰਘ) : ਸਥਾਨਕ ਮੁਕਤਸਰ ਰੋਡ ’ਤੇ ਸਥਿਤ ਮੁਹੱਲਾ ਗੋਬਿੰਦਪੁਰੀ ਬਸਤੀ ਦੇ ਵਸਨੀਕ ਇਕ ਨੌਜਵਾਨ ਦੀ ਦੁਬਈ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਮਿ੍ਰਤਕ ਦੇ ਭਰਾ ਅਵਤਾਰ ਸਿੰਘ ਬੰਟੀ ਨੇ ਜਾਣਕਾਰੀ ਦਿੰਦਿਆਂ ਦਸਿਆ ਉਸ ਦਾ ਛੋਟਾ ਭਰਾ ਸੁਖਦੇਵ ਸਿੰਘ (33) ਕੁੱਝ ਸਾਲ ਪਹਿਲਾਂ ਕੰਮਕਾਰ ਲਈ ਦੁਬਈ ਵਿਖੇ ਗਿਆ ਸੀ। ਪਿਛਲੇ ਦਿਨੀਂ ਅਚਾਨਕ ਉਸ ਨੂੰ ਦਿਲ ਦਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ।
ਮਿ੍ਰਤਕ ਸੁਖਦੇਵ ਸਿੰਘ ਦਾ ਕੋਟਕਪੂਰਾ ਦੇ ਰਾਮਬਾਗ਼ ’ਚ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਮ ਸਸਕਾਰ ਕਰ ਦਿਤਾ ਗਿਆ ਹੈ। ਇਸ ਮੌਕੇ ਕੌਂਸਲਰ ਮਨਪ੍ਰੀਤ ਸ਼ਰਮਾ, ਕੌਂਸਲਰ ਹਰਵਿੰਦਰ ਸਿੰਘ ਰਿੰਕੂ, ਐਡਵੋਕੇਟ ਅਨੂਪ੍ਰਤਾਪ ਸਿੰਘ ਬਰਾੜ, ਐਡਵੋਕੇਟ ਗੁਰਮੇਲ ਸਿੰਘ ਸੰਧੂ, ਸੇਵਾਮੁਕਤ ਐਸ.ਡੀ.ਓ. ਤਾਰਾ ਸਿੰਘ, ਗੁਰਦਿਆਲ ਸਿੰਘ ਗੋਗਾ, ਭੂਸ਼ਨ ਮਿੱਤਲ, ਮਨਜੀਤ ਸਿੰਘ ਸੁਖੀਜਾ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।
ਸੁਖਦੇਵ ਸਿੰਘ ਦੇ ਅਚਾਨਕ ਵਿਛੋੜੇ ’ਤੇ ਦੁੱਖ ਪ੍ਰਗਟ ਕਰਨ ਵਾਲਿਆਂ ਵਿਚ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸੀਨੀਅਰ ਕਾਂਗਰਸੀ ਆਗੂ ਅਜੈਪਾਲ ਸਿੰਘ ਸੰਧੂ ਆਦਿ ਵੀ ਸ਼ਾਮਲ ਹਨ।