ਰੋਜ਼ੀ-ਰੋਟੀ ਕਮਾਉਣ ਦੁਬਈ ਗਏ ਪੰਜਾਬੀ ਨੌਜਵਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਅਜਨਾਲਾ ਦੇ ਪਿੰਡ ਸਮਰਾਏ ਨਾਲ ਸੀ ਸਬੰਧਿਤ

Punjabi youth dead in dubai ajnala news,

ਅਜਨਾਲਾ (ਪੁਰੀ) : ਇਥੋਂ ਦੇ ਪਿੰਡ ਸਮਰਾਏ ਦੇ ਇਕ ਗ਼ਰੀਬ ਪਰਿਵਾਰ ’ਤੇ ਉਸ ਸਮੇਂ ਦੁੱਖਾਂ  ਦਾ ਪਹਾੜ ਟੁੱਟ ਗਿਆ ਜਦੋਂ ਵਿਦੇਸ਼ੋਂ ਮਿਲੀ ਨੌਜਵਾਨ ਦੀ ਮੌਤ ਦੀ ਖ਼ਬਰ ਨੇ ਘਰ ਵਿਚ ਵੈਣ ਪੁਆ ਦਿਤੇ। ਮ੍ਰਿਤਕ ਦੀ ਪਛਾਣ ਨੌਜਵਾਨ ਬਲਵਿੰਦਰ ਸਿੰਘ (32) ਪੁੱਤਰ ਮੁੱਖਾ ਸਿੰਘ ਵਜੋਂ ਹੋਈ ਹੈ।

ਬਲਵਿੰਦਰ ਮਹਿਜ਼ 6 ਮਹੀਨੇ ਪਹਿਲਾਂ ਅਪਣੇ ਪਰਵਾਰ ਨੂੰ ਗ਼ਰੀਬੀ ਦੀ ਦਲਦਲ ’ਚੋਂ ਬਾਹਰ ਕੱਢਣ ਲਈ ਦੁਬਈ ਗਿਆ ਸੀ, ਜਿਸ ਦੀ ਉੱਥੇ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮ੍ਰਿਤਕ ਦੀ ਮਾਤਾ ਪੰਮੋ, ਪਤਨੀ ਪ੍ਰਵੀਨ ਕੁਮਾਰੀ ਅਤੇ ਚਚੇਰੇ ਭਰਾ ਕੁਲਵਿੰਦਰ ਸਿੰਘ ਨੇ ਦਸਿਆ ਕਿ ਬਲਵਿੰਦਰ ਸਿੰਘ 4 ਫ਼ਰਵਰੀ ਨੂੰ ਅਚਾਨਕ ਉਸ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਪਰ ਉਨ੍ਹਾਂ ਨੂੰ ਅਜੇ ਤਕ ਮੌਤ ਦੇ ਅਸਲ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਉਨ੍ਹਾਂ ਭਰੇ ਮਨ ਨਾਲ ਦਸਿਆ ਕਿ ਉਨ੍ਹਾਂ ਕੋਲ ਬਲਵਿੰਦਰ ਦੀ ਮ੍ਰਿਤਕ ਦੇਹ ਭਾਰਤ ਮੰਗਵਾਉਣ ਲਈ ਵੀ ਪੈਸੇ ਨਹੀਂ ਹਨ। ਮ੍ਰਿਤਕ ਦੀ ਮਾਂ ਨੇ ਰੋਂਦੇ ਹੋਏ ਦਸਿਆ ਕਿ ਉਸ ਦੇ ਪਤੀ ਅਤੇ ਵੱਡੇ ਬੇਟੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਪਰਵਾਰ ’ਚ ਕੋਈ ਵੀ ਕਮਾਉਣ ਵਾਲਾ ਮਰਦ ਨਹੀਂ ਬਚਿਆ। ਘਰ ’ਚ ਹੁਣ ਤਿੰਨ ਵਿਧਵਾ ਔਰਤਾਂ ਅਤੇ ਪੰਜ ਛੋਟੇ ਬੱਚੇ ਰਹਿ ਗਏ ਹਨ, ਜਿਨ੍ਹਾਂ ਲਈ 2 ਵੇਲੇ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋ ਗਿਆ ਹੈ। ਉਨ੍ਹਾਂ ਦੇ ਕੱਚੇ ਮਕਾਨ ਵੀ ਡਿੱਗਣ ਵਾਲੀ ਹਾਲਤ ’ਚ ਹਨ।