ਇਟਲੀ 'ਚ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਏ ਸਿੱਖ, ਹੋਈ ਵਾਹ-ਵਾਹ
ਸਰਬੱਤ ਦਾ ਭਲਾ ਸੇਵਾ ਸੁਸਾਇਟੀ ਇੰਟਰਨੈਸ਼ਨਲ ਵਲੋਂ ਖਾਣ-ਪੀਣ ਦੀਆਂ ਵਸਤਾਂ ਖਰੀਦ ਕੇ ਨਗਰ ਕੌਂਸਲ ਅਪਰੀਲੀਆ, ਨੀਤੂਨੋ, ਆਸੀਓ ਅਤੇ ਰੈੱਡ ਕਰਾਸ ਸੁਸਾਇਟੀ ਨੂ...........
ਇਟਲੀ ਵਿਚ ਵੀ ਕੋਰੋਨਾ ਵਾਇਰਸ ਨੇ ਆਪਣੀ ਦਹਿਸ਼ਤ ਫੈਲਾਈ ਹੋਈ ਹੈ ਜੋ ਕਿ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ। ਇਸ ਮਹਾਂਮਾਰੀ ਦੇ ਕਾਰਨ ਬਹੁਤ ਸਾਰੇ ਲੋਕ ਆਪਣੇ ਕੰਮਾਂ ਤੋਂ ਹੱਥ ਧੋ ਬੈਠੇ ਹਨ ਭਾਵੇਂ ਇਟਲੀ ਦੀ ਸਰਕਾਰ ਹਰ ਵਰਗ ਦੀ ਮਦਦ ਕਰ ਰਹੀ ਹੈ, ਇਸ ਦੇ ਬਾਵਜੂਦ ਪੰਜਾਬੀ ਭਾਈਚਾਰੇ ਦੇ ਲੋਕ ਆਪਣੇ ਤੌਰ ਤਰੀਕੇ ਨਾਲ ਲੋੜਵੰਦਾਂ ਦੀ ਸਹਾਇਤਾ ਕਰ ਰਹੇ ਹਨ।
ਤੇ ਹੁਣ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਇੰਟਰਨੈਸ਼ਨਲ ਵਲੋਂ ਖਾਣ-ਪੀਣ ਦੀਆਂ ਵਸਤਾਂ ਖਰੀਦ ਕੇ ਨਗਰ ਕੌਂਸਲ ਅਪਰੀਲੀਆ, ਨੀਤੂਨੋ, ਆਸੀਓ ਅਤੇ ਰੈੱਡ ਕਰਾਸ ਸੁਸਾਇਟੀ ਨੂੰ ਲੋੜਵੰਦਾਂ ਦੀ ਸਹਾਇਤਾ ਲਈ ਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਉਪਰਾਲਾ ਸਮੂਹ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਇਸ ਕੋਰੋਨਾ ਦੀ ਔਖੀ ਘੜੀ ਵਿੱਚ ਇਟਲੀ ਦੀਆਂ ਬਹੁਤ ਸਾਰੀਆਂ ਸਿੱਖ ਸੰਸਥਾਵਾਂ, ਸਮਾਜ ਸੇਵੀ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਜਿੱਥੇ ਪ੍ਰਸ਼ਾਸਨ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਜਾ ਰਹੀ ਹੈ ਉੱਥੇ ਇਟਲੀ ਵਿੱਚ ਰਹਿੰਦੇ ਲੋੜਵੰਦ ਭਾਰਤੀਆਂ ਲਈ ਖਾਣ ਪੀਣ ਦੇ ਸਾਮਾਨ ਤੋਂ ਇਲਾਵਾ ਹਰ ਲੋੜੀਂਦੀ ਸੇਵਾ ਵੀ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬਰੈਡਫ਼ੋਰਡ ਦੀ ਪ੍ਰਬੰਧਕ ਕਮੇਟੀ ਵਲੋਂ ਸਾਧ ਸੰਗਤ ਦੇ ਸਹਿਯੋਗ ਨਾਲ 40000 ਦੀ ਮਾਇਆ ਇਕੱਤਰ ਕੀਤੀ ਗਈ। ਗੁਰਦੁਆਰਾ ਸਾਹਿਬ ਕਮੇਟੀ ਵਲੋਂ ਮਾਰੀ ਇਕ ਆਵਾਜ਼ ਨੂੰ ਕਬੂਲਦਿਆਂ ਸੰਗਤਾਂ ਵਲੋਂ ਮਾਨਵਤਾ ਦੇ ਭਲੇ ਲਈ ਮਾਇਆ ਇਕੱਠੀ ਕਰ ਕੇ ਮਹਾਂਮਾਰੀ ਦੇ ਮੌਕੇ ਬਰੈਡਫ਼ੋਰਡ ਰੋਇਲ ਇਨਫ਼ਰਮਰੀ ਹਸਪਤਾਲ ਵਾਸਤੇ ਇਕ ਮਸ਼ੀਨ ਅਤੇ ਦੋ ਪੋਰਟੇਬਲ ਲਾਈਫ਼ ਸੇਵਰ ਚੇਅਰਜ਼ ਖ਼ਰੀਦ ਕੇ ਐਨ.ਐਚ.ਐਸ. ਟਰੱਸਟ ਬਰੈਡਫ਼ੋਰਡ ਨੂੰ ਭੇਂਟ ਕੀਤੀਆਂ ਗਈਆਂ।
ਇਸ ਵਿਚ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ, ਬਰੈਡਫ਼ੋਰਡ ਦੀ ਸੰਗਤ ਅਤੇ ਆਸ-ਪਾਸ ਦੇ ਇਲਾਕੇ ਦੀ ਸੰਗਤ ਨੇ ਦਿਲ ਖੋਲ੍ਹ ਕੇ ਮਾਇਆ ਵਿਚ ਯੋਗਦਾਨ ਪਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਗਿੱਲ, ਜਨਰਲ ਸੈਕਟਰੀ ਮਹਿੰਦਰ ਸਿੰਘ ਮਾਨ, ਖ਼ਜ਼ਾਨਚੀ ਹਰਦੇਵ ਸਿੰਘ ਦੁਸਾਂਝ, ਸਟੇਜ ਸੈਕਟਰੀ ਕਸ਼ਮੀਰ ਸਿੰਘ ਘੁੰਮਣ ਅਤੇ ਟਰੱਸਟੀ ਕਿਰਨਜੀਤ ਕੌਰ, ਰਾਜਵਿੰਦਰ ਸਿੰਘ ਗਿੱਲ, ਗੁਰਜੀਤ ਸਿੰਘ ਤੂਰ, ਬਲਵਿੰਦਰ ਸਿੰਘ ਬੈਂਸ ਅਤੇ ਸਤਨਾਮ ਸਿੰਘ ਗਿੱਲ ਅਤੇ ਬਾਕੀ ਕਮੇਟੀ ਮੈਂਬਰਾਂ ਵਲੋਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਧਨਵਾਦ ਕੀਤਾ ਗਿਆ, ਜਿਨ੍ਹਾਂ ਇਸ ਮਹਾਮਾਰੀ ਦੀ ਔਖੀ ਘੜੀ ਵਿਚ ਦਿਲ ਖੋਲ੍ਹ ਕੇ ਮਾਇਆ ਦਿਤੀ।