ਪੰਜਾਬੀ ਨੌਜਵਾਨ ਦਾ ਹੋਵੇਗਾ ਸਿਰ ਕਲਮ! ਕਤਲ ਕੇਸ ’ਚ ਫਸੇ ਨੌਜਵਾਨ ਨੂੰ ਬਚਾਉਣ ਲਈ ਪਰਿਵਾਰ ਨੇ ਲਾਈ ਗੁਹਾਰ
ਬਲਵਿੰਦਰ ਸਿੰਘ ਉੱਤੇ ਕਤਲ ਦੇ ਇਲਜ਼ਾਮ ਲੱਗੇ ਹਨ ਅਤੇ ਸਜ਼ਾ ਤੋਂ ਬਚਣ ਲਈ ਉਸ ਕੋਲ ਸਿਰਫ਼ ਦੋ ਹੀ ਰਾਹ ਹਨ
ਚੰਡੀਗੜ੍ਹ: ਮੁਕਤਸਰ ਦੇ ਪਿੰਡ ਮੱਲਣ ਦਾ ਰਹਿਣ ਵਾਲਾ ਨੌਜਵਾਨ ਬਲਵਿੰਦਰ ਸਿੰਘ ਸਾਊਦੀ ਅਰਬ ਦੀ ਜੇਲ੍ਹ ਵਿਚ ਬੰਦ ਹੈ। ਬਲਵਿੰਦਰ ਸਿੰਘ ਉੱਤੇ ਕਤਲ ਦੇ ਇਲਜ਼ਾਮ ਲੱਗੇ ਹਨ ਅਤੇ ਸਜ਼ਾ ਤੋਂ ਬਚਣ ਲਈ ਉਸ ਕੋਲ ਸਿਰਫ਼ ਦੋ ਹੀ ਰਾਹ ਹਨ ਪਹਿਲਾ ਇਹ ਕਿ ਉਹ ਦੋ ਕਰੋੜ ਭਾਰਤੀ ਰੁਪਏ ਬਲੱਡ ਮਨੀ ਵਜੋਂ ਜਮ੍ਹਾਂ ਕਰੇ ਅਤੇ ਦੂਜਾ ਇਸਲਾਮ ਧਰਮ ਕਬੂਲ ਕਰ ਲਵੇ। ਅਜਿਹਾ ਨਾ ਕਰਨ ’ਤੇ 4 ਦਿਨ ਬਾਅਦ ਪੰਜਾਬੀ ਨੌਜਵਾਨ ਦਾ ਸਰ ਕਲਮ ਕਰ ਦਿੱਤਾ ਜਾਵੇਗਾ। ਨੌਜਵਾਨ ਨੂੰ ਬਚਾਉਣ ਲਈ ਉਸ ਦੇ ਪਰਿਵਾਰ ਨੇ ਪੰਜਾਬੀਆਂ ਨੂੰ ਮਦਦ ਦੀ ਗੁਹਾਰ ਲਗਾਈ ਹੈ।
Balwinder Singh's Family
ਉਹਨਾਂ ਦੱਸਿਆ ਕਿ ਕਰੀਬ ਡੇਢ ਕਰੋੜ ਰੁਪਏ ਜਮ੍ਹਾਂ ਹੋ ਚੁੱਕੇ ਹਨ। ਬਲਵਿੰਦਰ ਦੇ ਭਰਾ ਜੋਗਿੰਦਰ ਅਤੇ ਸਮਾਜ ਸੇਵੀ ਰੁਪਿੰਦਰ ਮਨਾਵਾ ਨੇ ਦੱਸਿਆ ਕਿ ਬਲਵਿੰਦਰ 2008 ਵਿਚ ਸਾਊਦੀ ਅਰਬ ਗਿਆ ਸੀ। ਉਥੇ ਉਹ ਇਕ ਕੰਪਨੀ ਵਿਚ ਕੰਮ ਕਰਨ ਲੱਗਾ। ਇਸ ਦੌਰਾਨ ਉਸ ਦੀ ਕੰਪਨੀ ਮਾਲਕ ਨਾਲ ਨੇੜਤਾ ਹੋ ਗਈ ਅਤੇ ਉਸ ਦੀ ਕਾਰ ਚਲਾਉਣ ਲੱਗਿਆ। ਉਹਨਾਂ ਦੱਸਿਆ ਕਿ ਬਲਵਿੰਦਰ ਕੋਈ ਨਸ਼ਾ ਨਹੀਂ ਕਰਦਾ ਪਰ 2013 ਵਿਚ ਇਕ ਰਾਤ ਅਚਾਨਕ ਨੀਗਰੋ ਨੇ ਸ਼ਰਾਬ ਪੀ ਕੇ ਕੰਪਨੀ ਵਿਚ ਹੰਗਾਮਾ ਮਚਾ ਦਿੱਤਾ। ਉਦੋਂ ਤੱਕ ਬਲਵਿੰਦਰ ਕੰਪਨੀ ਦਾ ਸੁਪਰਵਾਈਜ਼ਰ ਬਣ ਚੁੱਕਾ ਸੀ।
Balwinder Singh's Family
ਮਾਲਕ ਨੇ ਉਸ ਨੂੰ ਤੁਰੰਤ ਉਥੇ ਜਾਣ ਲਈ ਕਿਹਾ। ਉਥੇ ਜਦੋਂ ਉਸ ਨੇ ਨੀਗਰੋ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਚਾਕੂ ਲੈ ਕੇ ਬਲਵਿੰਦਰ ਦੇ ਪਿੱਛੇ ਭੱਜਿਆ। ਜਦੋਂ ਬਲਵਿੰਦਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੀਗਰੋ ਦਾ ਸਿਰ ਜ਼ਮੀਨ ਨਾਲ ਟਕਰਾ ਗਿਆ। ਇਸ ਕਾਰਨ ਉਸ ਦੀ ਮੌਤ ਹੋ ਗਈ। ਇਸ ਮਗਰੋਂ ਸਥਾਨਕ ਪੁਲਿਸ ਆਈ, ਬਲਵਿੰਦਰ ਨੇ ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਇਕ ਨਾ ਸੁਣੀ ਗਈ। ਇਸ ਤੋਂ ਬਾਅਦ ਉਸ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਉਸ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਉਸ ਨੂੰ ਜੇਲ੍ਹ ਵਿਚ 9 ਸਾਲ ਬੀਤ ਚੁੱਕੇ ਹਨ।
Balwinder Singh
ਕੰਪਨੀ ਨੇ ਵੀ ਉਸ ਦੀ ਕੋਈ ਮਦਦ ਨਹੀਂ ਕੀਤੀ। ਇਸ ਬਾਰੇ ਦੁਬਈ ਦੇ ਕਾਰੋਬਾਰੀ ਅਤੇ ਸਮਾਜਸੇਵੀ ਐਸਪੀਐਸ ਓਬਰਾਏ ਨਾਲ ਵੀ ਗੱਲ ਕੀਤੀ। ਉਹ ਮਦਦ ਲਈ ਵੀ ਤਿਆਰ ਹੈ। ਸਮਾਜ ਸੇਵੀ ਰੁਪਿੰਦਰ ਮਨਾਵਾ ਨੇ ਦੱਸਿਆ ਕਿ ਉਹਨਾਂ ਨੇ ਸਾਊਦੀ ਅਰਬ ਦੀਆਂ ਕੁਝ ਸੰਸਥਾਵਾਂ ਨਾਲ ਸੰਪਰਕ ਕੀਤਾ ਸੀ। ਉਹਨਾਂ ਕਿਹਾ ਕਿ ਜੇਕਰ ਬਲਵਿੰਦਰ ਆਪਣਾ ਇਸਲਾਮ ਕਬੂਲ ਲੈਂਦਾ ਹੈ ਤਾਂ ਅਗਲੇ ਹੀ ਦਿਨ ਉਸ ਨੂੰ ਬਲੱਡ ਮਨੀ ਦੇ ਕੇ ਛੁਡਵਾ ਲਿਆ ਜਾਵੇਗਾ ਪਰ ਬਲਵਿੰਦਰ ਧਰਮ ਬਦਲਣ ਲਈ ਰਾਜ਼ੀ ਨਹੀਂ ਹੈ।