ਆਸਟ੍ਰੇਲੀਆ ਦੇ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਪੂਰੀ ਸਰਧਾ ਨਾਲ ਮਨਾਇਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪੂਰੀ ਦੁਨਿਆ ਵਿਚ ਬੰਦੀ ਛੋੜ ਪੂਰੀ ਸਰਧਾ ਦੇ ਨਾਲ ਮਨਾਇਆ ਗਿਆ......

Gurdwara Sahib

ਸਿਡਨੀ ( ਭਾਸ਼ਾ ): ਪੂਰੀ ਦੁਨਿਆ ਵਿਚ ਬੰਦੀ ਛੋੜ ਪੂਰੀ ਸਰਧਾ ਦੇ ਨਾਲ ਮਨਾਇਆ ਗਿਆ ਹੈ। ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਕਸਬੇ ਗਲੇਨਵੁੱਡ ਦੇ ਗੁਰਦੁਆਰਾ ਸਾਹਿਬ ਵਿਖੇ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਦੱਸ ਦਈਏ ਕਿ ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 6:30 ਤੋਂ 10:30 ਵਜੇ ਤੱਕ ਆਸਾਂ ਜੀ ਦੀ ਵਾਰ ਦੇ ਕੀਰਤਨ ਕੀਤੇ ਗਏ। ਇਸ ਤੋਂ ਬਾਅਦ ਦੁਪਹਿਰ 1 ਵਜੇ ਤੋਂ ਲੈ ਕੇ 2 ਵਜੇ ਤੱਕ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ। ਸੁਖਮਨੀ ਸਾਹਿਬ ਜੀ ਦੇ ਜਾਪ ਤੋਂ ਬਾਅਦ ਪ੍ਰਸਿੱਧ ਪੰਥ ਪ੍ਰਚਾਰਕਾਂ ਵੱਲੋਂ ਸੰਗਤਾਂ ਨੂੰ ਹਰੀ ਜਸ ਸਰਵਣ ਵੀ ਕਰਵਾਇਆ ਗਿਆ।

ਜਿਸ ਵਿਚ ਢਾਡੀ ਜੱਥਾ ਭਾਈ ਗੁਰਦੀਪ ਸਿੰਘ ਦੀਪਕ ਨੇ ਸੰਗਤਾਂ ਨੂੰ ਵਾਰਾਂ ਸੁਣਾਈਆਂ। ਇਸ ਉਪਰੰਤ ਭਾਈ ਸਤਨਾਮ ਸਿੰਘ ਤੇ ਭਾਈ ਚਰਨਜੀਤ ਸਿੰਘ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਗਿਆ। ਕਥਾਵਾਚਕ ਭਾਈ ਬਲਵਿੰਦਰ ਸਿੰਘ ਜੀ ਵਲੋਂ ਗੁਰੂਆਂ ਦੀ ਉਸਤਤ ਕੀਤੀ ਗਈ। ਰਾਤ ਦੇ ਸਮੇਂ ਭਾਈ ਚਰਨਜੀਤ ਸਿੰਘ ਤੇ ਭਾਈ ਗੁਰਦੀਪ ਸਿੰਘ ਦੀਪਕ ਵਲੋਂ ਦੀਵਾਨ ਲਗਵਾਏ ਗਏ। ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਦੀਵਾਲੀ ਅਤੇ ਬੰਦੀਛੋੜ ਦਿਵਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ। ਸੰਗਤਾਂ ਨੇ ਆਪਣੀ ਹਾਜਰੀ ਵਿਚ ਵਿਸ਼ੇਸ਼ ਪ੍ਰੋਗਰਾਮ ਦਾ ਪੂਰਾ ਅਨੰਦ ਲਿਆ।

ਇਸ ਮੌਕੇ ਗੁਰੂ ਘਰ ਵਿਖੇ ਰੌਣਕਾਂ ਦੇਖਦੇ ਹੀ ਬਣਦੀਆਂ ਸਨ। ਦੀਪਮਾਲਾ ਦੇ ਨਾਲ ਗੁਰੁਦੁਆਰਾ ਸਾਹਿਬ ਜਗਮਗਾ ਰਿਹਾ ਸੀ । ਸੰਗਤਾਂ ਵੱਲੋਂ ਗੁਰੂ ਘਰ ਵਿਖੇ ਦੀਵੇ ਬਾਲ ਕੇ ਬੰਦੀਛੋੜ ਦਿਵਸ ਤੇ ਦੀਵਾਲੀ ਮਨਾਈ ਗਈ। ਹਜਾਰਾਂ ਦੀ ਗਿਣਤੀ ਵਿਚ ਦੀਵੇ ਗੁਰੂ ਘਰ ਜਗਮਗਾ ਰਹੇ ਸਨ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਆਤਿਸ਼ਬਾਜੀ ਵੀ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮੈਂਬਰਾਂ ਵਲੋਂ ਇਸ ਵਿਸ਼ੇਸ਼ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ ।

ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਪ੍ਰਬੰਧ ਪੁਖ਼ਤਾ ਕੀਤੇ ਗਏ ਸਨ ਤਾਂ ਜੋ ਗੁਰੂ ਘਰ ਦੇ ਕਿਸੇ ਵੀ ਸੇਵਕ ਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਾਰੀਆਂ ਸੰਗਤਾਂ ਲਈ ਇਹ ਇਕ ਯਾਦਗੀਰੀ ਸਮਾਗਮ ਸੀ।