ਯੂਕੇ 'ਚ ਬੇਘਰਿਆਂ ਦੀ ਹਮਾਇਤ ਵਿਚ ਹਜ਼ਾਰਾਂ ਲੋਕਾਂ ਨੇ ਘਰੋਂ ਬਾਹਰ ਕੱਟੀ ਰਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਦੇਸ਼ ਵਿਚ ਬੇਘਰਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਸ਼ਵਵਿਆਪੀ ਕੋਸ਼ਿਸ਼ ਦੇ ਹਿੱਸੇ ਵਜੋਂ ਬਰਤਾਨੀਆ ਵਿਚ ਹਜ਼ਾਰਾਂ ਲੋਕਾਂ ਨੇ ਪੂਰੀ ਰਾਤ ਖੁੱਲ੍ਹੇ ਵਿਚ ਲੰਘਾਈ।...

Thousands of people sleep out to support homelessness in UK

ਲੰਡਨ  : ਦੇਸ਼ ਵਿਚ ਬੇਘਰਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਸ਼ਵਵਿਆਪੀ ਕੋਸ਼ਿਸ਼ ਦੇ ਹਿੱਸੇ ਵਜੋਂ ਬਰਤਾਨੀਆ ਵਿਚ ਹਜ਼ਾਰਾਂ ਲੋਕਾਂ ਨੇ ਪੂਰੀ ਰਾਤ ਖੁੱਲ੍ਹੇ ਵਿਚ ਲੰਘਾਈ। ਮੀਡੀਆ ਰਿਪੋਰਟ ਵਿਚ ਐਤਵਾਰ ਨੂੰ ਇਹ ਜਾਣਕਾਰੀ ਦਿਤੀ ਗਈ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਲੰਡਨ, ਐਡਿਨਬਰਗ ਤੇ ਕਾਰਡਿਫ ਵਿਚ ਸ਼ਨੀਵਾਰ ਰਾਤ ਨੂੰ ਵਰਲਡ ਬਿਗ ਸਲੀਪ ਆਊਟ ਵਿਚ ਮਸ਼ਹੂਰ ਹਸਤੀਆਂ ਸਣੇ ਸੈਂਕੜੇ ਲੋਕਾਂ ਨੇ ਹਿੱਸਾ ਲਿਆ।

ਪ੍ਰਬੰਧਕਾਂ ਨੇ ਨਿਊਯਾਰਕ, ਬ੍ਰਿਸਬੇਨ ਤੇ ਡਬਲਿਨ ਸਣੇ ਹੋਰਾਂ ਸ਼ਹਿਰਾਂ ਵਿਚ 50,000 ਤੋਂ ਵਧੇਰੇ ਲੋਕਾਂ ਦੇ ਇਸ ਵਿਚ ਹਿੱਸਾ ਲੈਣ ਦੀ ਉਮੀਦ ਜਤਾਈ। ਇਸ ਪਹਿਲਕਦਮੀ ਨਾਲ ਬੇਘਰ ਲੋਕਾਂ ਲਈ 50 ਮਿਲੀਅਨ ਡਾਲਰ ਇਕੱਠੇ ਹੋਣ ਦੀ ਉਮੀਦ ਹੈ।

ਲੰਡਨ ਦੇ ਟ੍ਰੈਫਲਗਰ ਸਕੁਆਇਰ ਵਿਚ ਲੋਕਾਂ ਨੇ ਲਗਭਗ 10 ਡਿਗਰੀ ਸੈਲਸੀਅਸ ਤਾਪਮਾਨ ਤੇ ਭਾਰੀ ਬਾਰਸ਼ ਦਾ ਸਾਹਮਣਾ ਕੀਤਾ। ਸਮਰਥਕਾਂ ਨੇ ਕਿਹਾ ਕਿ ਬੇਘਰ ਲੋਕ ਰੋਜ਼ਾਨਾ ਅਜਿਹੇ ਹਾਲਾਤ ਦਾ ਸਾਹਮਣਾ ਕਰਦੇ ਹਨ।

ਸਰਕਾਰੀ ਰੱਫ ਸਲੀਪਰਜ਼ ਇਕਾਈ ਦੀ ਸਾਬਕਾ ਮੁਖੀ ਤੇ ਬਿਗ ਸਲੀਪ ਆਊਟ ਦੀ ਟਰੱਸਟੀ ਲੂਈਸ ਕੇਸੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਸਮਾਗਮ ਕਾਰਗਰ ਸਾਬਿਤ ਹੋਵੇਗਾ।

ਇਸ ਦੌਰਾਨ ਐਡਿਨਬਰਗ ਵਿਚ ਦਿੱਗਜ ਅਦਾਕਾਰ ਬ੍ਰਾਇਨ ਕੋਕਸ ਨੇ ਵੈਸਟ ਪ੍ਰਿੰਸ ਸਟ੍ਰੀਟ ਗਾਰਡਨਜ਼ ਤੇ ਨਿਊਯਾਰਕ ਵਿਚ ਫਿਲਮ ਸਟਾਰ ਵਿੱਲ ਸਮਿੱਥ ਨੇ ਇਕ ਭਾਸ਼ਣ ਦਿਤਾ। ਬ੍ਰਿਟੇਨ ਦੇ ਨੈਸ਼ਨਲ ਸਟੈਟਿਸਟਿਕਸ ਦੇ ਦਫਤਰ ਨੇ ਕਿਹਾ ਹੈ ਕਿ ਇੰਗਲੈਂਡ, ਵੇਲਜ਼ ਤੇ ਉੱਤਰੀ ਆਇਰਲੈਂਡ ਵਿਚ ਸੜਕਾਂ 'ਤੇ ਸੌਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ।