ਆਸਟ੍ਰੇਲੀਆ ਵਿਚ ਜ਼ਿੰਦਾ ਸੜਿਆ ਪੰਜਾਬੀ ਟਰੱਕ ਡਰਾਈਵਰ, ਟਰੱਕ ਪਲਟਣ ਕਾਰਨ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

5 ਸਾਲ ਪਹਿਲਾਂ ਵਿਦੇਸ਼ ਗਿਆ ਸੀ ਮਾਪਿਆਂ ਦਾ ਇਲਕੌਤਾ ਪੁੱਤ

Punjabi truck driver burned alive in Australia News

Punjabi truck driver burned alive in Australia News: ਫ਼ਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ਦੇ ਇੱਕ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ ਉੱਥੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। 4 ਜਨਵਰੀ ਨੂੰ ਇੱਕ ਹਾਦਸੇ ਦੌਰਾਨ ਉਸ ਦੇ ਟਰੱਕ ਨੂੰ ਅੱਗ ਲੱਗ ਗਈ। ਹਾਦਸੇ ਵਿਚ ਉਸ ਦੀ ਸੜਨ ਕਾਰਨ ਮੌਤ ਹੋ ਗਈ।

ਮ੍ਰਿਤਕ ਗੁਰਜੰਟ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁੱਤ ਨੂੰ ਬਹੁਤ ਉਮੀਦਾਂ ਨਾਲ ਆਸਟ੍ਰੇਲੀਆ ਭੇਜਿਆ ਗਿਆ ਸੀ। ਉਸ ਦੀਆਂ ਭੈਣਾਂ ਆਸਟ੍ਰੇਲੀਆ ਵਿੱਚ ਰਹਿੰਦੀਆਂ ਹਨ। ਉਹ ਹੁਣ ਚੰਗੀ ਕਮਾਈ ਕਰ ਰਿਹਾ ਸੀ। ਗੁਰਜੰਟ ਦਾ ਪਰਿਵਾਰ ਉਸ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਪਰ ਹਾਦਸੇ ਨੇ ਉਨ੍ਹਾਂ ਦੇ ਸਾਰੇ ਸੁਪਨੇ ਚਕਨਾਚੂਰ ਕਰ ਦਿੱਤੇ।

ਗੁਰਜੰਟ ਸਿੰਘ ਜੰਟਾ (32) ਲਗਭਗ ਪੰਜ ਸਾਲ ਪਹਿਲਾਂ ਇੱਕ ਬਿਹਤਰ ਭਵਿੱਖ ਦੀ ਭਾਲ ਵਿੱਚ ਆਸਟ੍ਰੇਲੀਆ ਗਿਆ ਸੀ। ਉਹ ਉੱਥੇ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਮ੍ਰਿਤਕ ਦੇ ਪਰਿਵਾਰ ਦੇ ਅਨੁਸਾਰ, 4 ਜਨਵਰੀ ਨੂੰ ਗੁਰਜੰਟ ਸਿਡਨੀ ਤੋਂ ਬ੍ਰਿਸਬੇਨ ਜਾ ਰਿਹਾ ਸੀ। ਰਾਤ ਦੇ ਸਮੇਂ, ਟਰੱਕ ਕੰਟਰੋਲ ਗੁਆ ਬੈਠਾ ਅਤੇ ਪਲਟ ਗਿਆ, ਜਿਸ ਕਾਰਨ ਟਰੱਕ ਨੂੰ ਅੱਗ ਲੱਗ ਗਈ। ਗੁਰਜੰਟ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਤੇ ਉਹ ਟਰੱਕ ਅੰਦਰ ਬੁਰੀ ਤਰ੍ਹਾਂ ਸੜ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਸ ਮਾਮਲੇ ਵਿੱਚ ਮ੍ਰਿਤਕ ਦੇ ਚਚੇਰੇ ਭਰਾ ਕੁਲਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਗੁਰਜੰਟ ਸਿੰਘ ਦੀ ਲਾਸ਼ ਹਾਦਸੇ ਤੋਂ ਬਾਅਦ ਬਰਾਮਦ ਕਰ ਲਈ ਗਈ ਹੈ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਾਸ਼ ਨੂੰ ਭਾਰਤ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰਜੰਟ ਸਿੰਘ ਦੇ ਜਲਦੀ ਹੀ ਪੀਆਰ ਹੋਣ ਦੀ ਉਮੀਦ ਸੀ, ਪਰ ਇਸ ਦੁਖਦਾਈ ਹਾਦਸੇ ਨੇ ਪੂਰੇ ਪਰਿਵਾਰ ਦੀਆਂ ਖੁਸ਼ੀਆਂ ਖੋਹ ਲਈਆਂ ਹਨ। ਉਨ੍ਹਾਂ ਨੇ ਕੇਂਦਰ ਅਤੇ ਰਾਜ ਸਰਕਾਰ ਨੂੰ ਲਾਸ਼ ਨੂੰ ਭਾਰਤ ਵਾਪਸ ਲਿਆਉਣ ਵਿੱਚ ਸਹਾਇਤਾ ਦੀ ਅਪੀਲ ਕੀਤੀ ਹੈ।