ਅਮਰੀਕਾ ਵਿਚ ਲੋੜਵੰਦਾਂ ਦਾ ਸਹਾਰਾ ਬਣਿਆ ਸਿੱਖ ਭਾਈਚਾਰਾ, ਨਿਰਸਵਾਰਥ ਭਰ ਰਿਹੈ ਲੱਖਾਂ ਦਾ ਢਿੱਡ
ਅਮਰੀਕਾ ਛੇ ਮਹੀਨਿਆਂ ਬਾਅਦ ਵੀ ਕੋਰੋਨਾ ਦੀ ਚਪੇਟ ਵਿਚ ਹੈ, ਇਸ ਕਾਰਨ ਲੱਗੇ ਲੌਕਡਾਊਨ ਦੇ ਚਲਦੇ ਅਮਰੀਕਾ ਵਿਚ ਲੱਖਾਂ ਲੋਕਾਂ ਦੀ ਨੌਕਰੀਆਂ ਚਲੀਆਂ ਗਈਆਂ ਹਨ।
ਨਿਊਯਾਰਕ: ਅਮਰੀਕਾ ਛੇ ਮਹੀਨਿਆਂ ਬਾਅਦ ਵੀ ਕੋਰੋਨਾ ਦੀ ਚਪੇਟ ਵਿਚ ਹੈ, ਇਸ ਕਾਰਨ ਲੌਕਡਾਊਨ ਦੇ ਚਲਦੇ ਅਮਰੀਕਾ ਵਿਚ ਲੱਖਾਂ ਲੋਕਾਂ ਦੀ ਨੌਕਰੀਆਂ ਚਲੀਆਂ ਗਈਆਂ ਹਨ। ਅਜਿਹੇ ਵਿਚ ਲੋਕਾਂ ਨੂੰ ਦੋ ਵਕਤ ਦੀ ਰੋਟੀ ਵੀ ਮੁਸ਼ਕਿਲ ਨਾਲ ਮਿਲ ਰਹੀ ਹੈ।
ਇਸ ਦੌਰਾਨ ਅਮਰੀਕਾ ਵਿਚ ਵਸੇ ਸਿੱਖ ਮਨੁੱਖਤਾ ਦੀ ਅਨੋਖੀ ਮਿਸਾਲ ਪੇਸ਼ ਕਰ ਰਹੇ ਹਨ। ਇਹ ਲੋਕ ਬੁਰੇ ਸਮੇਂ ਵਿਚ ਭੁੱਖੇ ਲੋਕਾਂ ਦਾ ਢਿੱਡ ਭਰ ਰਹੇ ਹਨ।
ਅਜਿਹਾ ਸਿਰਫ ਕਿਸੇ ਇਕ ਥਾਂ ਨਹੀਂ ਬਲਕਿ ਪੂਰੇ ਅਮਰੀਕਾ ਵਿਚ ਹੋ ਰਿਹਾ ਹੈ।
ਕਵੀਨ ਵਿਲੇਜ ਦੀ ਇਕ ਇਮਾਰਤ ਵਿਚ 30 ਸਿੱਖਾਂ ਨੇ ਮਿਲ ਕੇ ਬੀਤੇ ਤਿੰਨ ਮਹੀਨਿਆਂ ਵਿਚ 1.45 ਲੱਖ ਲੋਕਾਂ ਨੂੰ ਮੁਫਤ ਵਿਚ ਖਾਣਾ ਖਿਲਾਇਆ। ਦਰਅਸਲ ਇੱਥੇ ਇਕ ਗੁਰਦੁਆਰਾ ਸਾਹਿਬ ਹੈ। ਨਿਊਯਾਰਕ ਦੇ ਸਿੱਖ ਸੈਂਟਰ ਦੇ ਗੁਰਦੁਆਰਾ ਸਾਹਿਬ ਵਿਚ ਚੱਲਦੇ ਲੰਗਰ ਨਾਲ ਲੱਖਾਂ ਲੋਕ ਅਪਣਾ ਢਿੱਡ ਭਰ ਰਹੇ ਹਨ।
ਖ਼ਾਸ ਗੱਲ ਇਹ ਹੈ ਕਿ ਇੱਥੇ ਨਾ ਸਿਰਫ ਲੋੜਵੰਦਾਂ ਨੂੰ ਖਾਣਾ ਦਿੱਤਾ ਜਾਂਦਾ ਹੈ ਬਲਕਿ ਇਸ ਦੇ ਨਾਲ ਪਾਣੀ ਸਮੇਤ ਹੋਰ ਚੀਜ਼ਾਂ ਮਾਸਕ ਆਦਿ ਵੀ ਮੁਹੱਈਆ ਕਰਵਾਏ ਜਾਂਦੇ ਹਨ। ਵਰਲਡ ਸਿੱਖ ਕਮਿਊਨਿਟੀ ਦੇ ਕੋ-ਆਰਡੀਨੇਟਰ ਹਿੰਮਤ ਸਿੰਘ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਕਾਲੇ ਦੀ ਮੌਤ ਤੋਂ ਬਾਅਦ ਜਿੱਥੇ ਵੀ ਸ਼ਾਂਤੀ ਪੂਰਣ ਪ੍ਰਦਰਸ਼ਨ ਹੁੰਦਾ ਹੈ ਉਹ ਲੋਕ ਉੱਥੇ ਲੋਕਾਂ ਲਈ ਖਾਣਾ ਲੈ ਕੇ ਪਹੁੰਚ ਜਾਂਦੇ ਹਨ। ਲੰਗਰ ਲਈ ਸੰਸਥਾ ਨੇ ਬੰਦ ਪਏ ਰੈਸਟੋਰੈਂਟ ਅਤੇ ਸਕੂਲਾਂ ਦੀ ਵੀ ਵਰਤੋਂ ਕੀਤੀ ਹੈ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਇਸ ਮੁਸ਼ਕਿਲ ਦੀ ਘੜੀ ਵਿਚ ਵੀ 80 ਗੁਰਦੁਆਰੇ ਅਮਰੀਕਾ ਵਾਸੀਆਂ ਦੀ ਸੇਵਾਂ ਵਿਚ ਦਿਨ-ਰਾਤ ਲੱਗੇ ਹੋਏ ਹਨ। ਸਿੱਖ ਕੌਲੀਜ਼ਨ ਦੇ ਕਾਰਜਕਾਰੀ ਡਾਇਰੈਕਟਰ ਸਤਜੀਤ ਕੌਰ ਨੇ ਦੱਸਿਆ ਕਿ ਇਹ ਉਹਨਾਂ ਦੇ ਜੀਵਨ ਦਾ ਹਿੱਸਾ ਹੈ। ਸਿੱਖ ਭਾਈਚਾਰੇ ਦਾ ਹਰ ਵਿਅਕਤੀ ਅਪਣੀ ਆਮਦਨ ਵਿਚੋਂ ਦਸਵੰਧ ਕੱਢਦਾ ਹੈ। ਇਸ ਦੀ ਬਦੌਲਤ ਲੋੜਵੰਦਾਂ ਦੀ ਸੇਵਾ ਦਾ ਕੰਮ ਚਲਦਾ ਰਹਿੰਦਾ ਹੈ।