ਸਿੱਖ ਦਸਤਾਰ ਬਾਰੇ ਟਵੀਟ ਕਰਕੇ ਵਿਵਾਦਾਂ 'ਚ ਘਿਰਿਆ ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨ, ਜਾਣੋ ਪੂਰਾ ਮਾਮਲਾ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਇਸ ਪੋਸਟ ਵਿੱਚ ਵਿਦੇਸ਼ ਮੰਤਰਾਲਾ ਦੇ ਅਧਿਕਾਰਤ ਬੁਲਾਰੇ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਇੰਡੀਅਨ ਡਿਪਲੋਮੇਸੀ ਨੂੰ ਟੈਗ ਕੀਤਾ ਗਿਆ ਸੀ

Indian mission in Canada stirs row with turban tweet, deletes it

 

ਜਲੰਧਰ - ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਪੰਜਾਬ ਦੇ ਇੱਕ ਕਾਂਗਰਸੀ ਆਗੂ ਵੱਲੋਂ ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਨੂੰ ਆਪਣੀ ਪੱਗ ਨਾਲ ਸਾਫ਼ ਕਰਨ ਦੀਆਂ ਤਸਵੀਰਾਂ ਪੋਸਟ ਕਰਕੇ, ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਵਿਵਾਦਾਂ ਵਿੱਚ ਘਿਰ ਗਿਆ। ਇਨ੍ਹਾਂ ਤਸਵੀਰਾਂ ਨਾਲ ਅੰਗਰੇਜ਼ੀ ਦੀਆਂ ਇਹ ਸਤਰਾਂ ਲਿਖੀਆਂ ਸੀ, "ਪੰਜਾਬ ਟੂਡੇ - ਦ ਰੀਅਲ ਨੈਰੇਟਿਵ: ਸਿੱਖਇਜ਼ਮ ਪ੍ਰੋਮੋਟਸ ਪੀਸ ਥਰੂ ਲਵ ਐਂਡ ਕੰਪੈਸ਼ਨ" (Punjab Today - The real narrative: Sikhism promotes peace through love and compassi) ਜਿਸ ਦਾ ਭਾਵ ਹੈ 'ਅੱਜ ਦਾ ਪੰਜਾਬ - ਅਸਲ ਬਿਰਤਾਂਤ : ਪਿਆਰ ਤੇ ਦਇਆ ਭਾਵਨਾ ਰਾਹੀਂ ਸਿੱਖ ਕੌਮ ਸ਼ਾਂਤੀ ਦਾ ਪਸਾਰਾ ਕਰਦੀ ਹੈ।'

ਇਸ ਪੋਸਟ ਵਿੱਚ ਵਿਦੇਸ਼ ਮੰਤਰਾਲਾ ਦੇ ਅਧਿਕਾਰਤ ਬੁਲਾਰੇ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਇੰਡੀਅਨ ਡਿਪਲੋਮੇਸੀ ਨੂੰ ਟੈਗ ਕੀਤਾ ਗਿਆ ਸੀ, ਜਿਸ ਪ੍ਰਤੀ ਸਿੱਖ ਭਾਈਚਾਰੇ ਵੱਲੋਂ ਸਖ਼ਤ ਪ੍ਰਤੀਕਿਰਿਆ ਦਿੱਤੀ ਗਈ। ਬਾਅਦ ਵਿੱਚ ਹਾਈ ਕਮਿਸ਼ਨ ਨੇ ਟਵੀਟ ਡਿਲੀਟ ਕਰ ਦਿੱਤਾ।

ਟਵੀਟ ਵਿੱਚ ਤਸਵੀਰਾਂ ਦੇ ਕੋਲਾਜ ਦੇ ਉੱਪਰ ਲਿਖੇ ਇੱਕ ਸਿਰਲੇਖ ਵਿੱਚ ਕਿਹਾ ਗਿਆ ਸੀ, “ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਨੂੰ ਪੱਗ ਨਾਲ ਸਾਫ਼ ਕਰਨ ਬਦਲੇ ਗੁਰਸਿਮਰਨ ਸਿੰਘ ਮੰਡ ਘਿਰੇ ਵਿਵਾਦਾਂ 'ਚ। ਹੇਠਾਂ ਲਿਖਿਆ ਗਿਆ ਸੀ, "ਪਿਆਰੇ ਸਿੱਖੋ, ਅੰਤ ਮੈਂ ਇਹੀ ਜਾਣਦਾ ਹਾਂ ਕਿ ਪਿਆਰ ਤੇ ਦਇਆ ਨਾਲ ਸਿੱਖ ਕੌਮ ਨੇ ਸ਼ਾਂਤੀ ਦਾ ਪਸਾਰਾ ਕੀਤਾ ਹੈ, ਨਫ਼ਰਤ ਦਾ ਨਹੀਂ !!!"

ਮੰਡ ਲੁਧਿਆਣਾ ਤੋਂ ਇੱਕ ਨਾਮਵਰ ਕਾਂਗਰਸੀ ਆਗੂ ਹਨ। ਉਸ ਦੇ ਟਵਿਟਰ ਪ੍ਰੋਫ਼ਾਈਲ ਵਿੱਚ ਉਨ੍ਹਾਂ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਇੱਕ ਵਿੰਗ, ਕਿਸਾਨ ਕਾਂਗਰਸ ਦੇ ਰਾਸ਼ਟਰੀ ਸੰਯੁਕਤ ਕੋ-ਆਰਡੀਨੇਟਰ ਵਜੋਂ ਦਿਖਾਇਆ ਗਿਆ ਹੈ। ਮਰਹੂਮ ਪ੍ਰਧਾਨ ਮੰਤਰੀ ਦੇ ਬੁੱਤ ਨੂੰ ਸਾਫ਼ ਕਰਨ ਲਈ ਮੰਡ ਦੋ ਵਾਰ ਆਪਣੀ ਪੱਗ ਦੀ ਵਰਤੋਂ ਕਰ ਚੁੱਕੇ ਹਨ। ਪਹਿਲਾ ਵਾਕਿਆ 2018 ਵਿੱਚ ਹੋਇਆ, ਜਦੋਂ ਕੁਝ ਅਕਾਲੀ ਕਾਰਕੁਨਾਂ ਨੇ ਬੁੱਤ 'ਤੇ ਕਾਲੀ ਸਿਆਹੀ ਸੁੱਟ ਦਿੱਤੀ ਸੀ, ਅਤੇ ਦੂਜਾ 2021 ਵਿੱਚ, ਜਦੋਂ ਦੋ ਨਿਹੰਗਾਂ ਨੇ ਬੁੱਤ ਨੂੰ ਅੱਗ ਲਗਾ ਦਿੱਤੀ ਸੀ। ਦੋਵਾਂ ਮੌਕਿਆਂ 'ਤੇ ਮੰਡ ਨੂੰ ਸਿੱਖਾਂ ਵੱਲੋਂ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।