Big Brother 25 winner: ਅਮਰੀਕੀ ਸਿੱਖ ਜਗਤੇਸ਼ਵਰ ਸਿੰਘ ਬੈਂਸ ਨੇ ‘ਬਿਗ ਬ੍ਰਦਰ 25’ ਦਾ ਖਿਤਾਬ ਜਿੱਤ ਕੇ ਰਚਿਆ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਬੈਂਸ ਦੇ ਜੇਤੂ ਹੁੰਦਿਆਂ ਹੀ ਸਿੱਖ ਕੌਮ ਵਿਚ ਖੁਸ਼ੀ ਦੀ ਲਹਿਰ ਦੌੜ ਗਈ।

Big Brother 25 winner: Jag Bains becomes first Sikh American to win the show

Big Brother 25 winner: ਰਿਐਲਿਟੀ ਸ਼ੋਅ 'ਬਿਗ ਬ੍ਰਦਰ' ਦੇ 25ਵੇਂ ਸੀਜ਼ਨ ਨੂੰ ਅਪਣਾ ਜੇਤੂ ਮਿਲ ਗਿਆ ਹੈ। ਇਸ ਸ਼ੋਅ ਦਾ ਖਿਤਾਬ ਜੱਗ ਬੈਂਸ (ਜਗਤੇਸ਼ਵਰ ਸਿੰਘ ਬੈਂਸ) ਨੇ ਜਿੱਤਿਆ ਹੈ। ਸ਼ੋਅ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਕੋਈ ਸਿੱਖ ਪ੍ਰਤੀਯੋਗੀ 'ਬਿੱਗ ਬ੍ਰਦਰ' ਦਾ ਵਿਜੇਤਾ ਬਣਿਆ ਹੈ। 'ਬਿੱਗ ਬ੍ਰਦਰ' ਦੇ ਘਰ 'ਚ 100 ਦਿਨ ਰਹਿ ਕੇ ਬੈਂਸ ਨੇ ਹਰ ਮੁਸ਼ਕਿਲ ਦਾ ਸਾਹਮਣਾ ਕੀਤਾ ਅਤੇ ਉਨ੍ਹਾਂ ਦਾ ਸਬਰ ਕੰਮ ਆਇਆ। ਉਨ੍ਹਾਂ ਨੂੰ ਟਰਾਫੀ ਦੇ ਨਾਲ 6 ਕਰੋੜ ਰੁਪਏ ਤੋਂ ਵੱਧ ਦਾ ਇਨਾਮ ਮਿਲਿਆ ਹੈ। ਉਹ ਫਾਈਨਲ ਰਾਊਂਡ ਵਿਚ ਮੈਟ ਕਲੋਟਜ਼ ਨੂੰ ਹਰਾ ਕੇ 5-2 ਵੋਟਾਂ ਨਾਲ ਜੇਤੂ ਬਣੇ।

ਬੈਂਸ ਦੇ ਜੇਤੂ ਹੁੰਦਿਆਂ ਹੀ ਸਿੱਖ ਕੌਮ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਸਮੇਂ ਹਰ ਕੋਈ ਉਸ ਨੂੰ ਜਿੱਤ ਲਈ ਵਧਾਈ ਦੇ ਰਿਹਾ ਹੈ। ਇਕ ਪੋਰਟਲ ਨਾਲ ਗੱਲਬਾਤ ਦੌਰਾਨ ਬੈਂਸ ਨੇ ਕਿਹਾ, "ਮੈਂ ਹਮੇਸ਼ਾ ਇਮਾਨਦਾਰੀ ਨਾਲ ਖੇਡ ਕੇ ਇਸ ਖੇਡ ਨੂੰ ਜਿੱਤਣਾ ਚਾਹੁੰਦਾ ਸੀ। ਮੈਂ ਹਮੇਸ਼ਾ ਉਹੀ ਕੀਤਾ ਜੋ ਮੇਰੇ ਦਿਲ ਨੇ ਕਿਹਾ। ਮੈਂ ਬਹੁਤ ਖੁਸ਼ ਹਾਂ। ਮੈਂ ਬਚਪਨ ਤੋਂ ਹੀ 'ਬਿੱਗ ਬ੍ਰਦਰ' ਦਾ ਪ੍ਰਸ਼ੰਸਕ ਰਿਹਾ ਹਾਂ। ਸ਼ੋਅ 'ਚ ਜਾਣ ਦੀ ਮੇਰੀ ਵੱਡੀ ਇੱਛਾ ਸੀ, ਜੋ ਹੁਣ ਪੂਰੀ ਹੋ ਗਈ ਹੈ।''

ਜਗਤੇਸ਼ਵਰ ਸਿੰਘ ਬੈਂਸ ‘ਬਿੱਗ ਬ੍ਰਦਰ’ ’ਚ ਸ਼ਾਮਲ ਹੋਣ ਵਾਲਾ ਪਹਿਲਾ ਸਿੱਖ ਹੈ। ਸ਼ੋਅ ਵਿਚ ਅਮਰੀਕੀ ਟਰੱਕ ਕਾਰੋਬਾਰੀ ਜਗਤੇਸ਼ਵਰ ਸਿੰਘ ਬੈਂਸ ਤੋਂ ਇਲਾਵਾ ਕਈ ਕਲਾਕਾਰ ਸ਼ਾਮਲ ਸਨ।

ਇਹ ਅਮਰੀਕੀ ਰਿਐਲਿਟੀ ਸ਼ੋਅ ਇਸੇ ਨਾਂ ਦੇ ਅਸਲ ਡੱਚ ਰਿਐਲਿਟੀ ਸ਼ੋਅ ’ਤੇ ਆਧਾਰਿਤ ਹੈ, ਜਿਸ ਨੂੰ ਨਿਰਮਾਤਾ ਜੌਨ ਡੀ ਮੋਲ ਵਲੋਂ 1997 ’ਚ ਬਣਾਇਆ ਗਿਆ ਸੀ। ਲੜੀ ਦਾ ਨਾਮ ਜਾਰਜ ਓਰਵੇਲ ਦੇ 1949 ਦੇ ਨਾਵਲ ‘ਨਾਈਨਟੀਨ ਏਟੀ-ਫੋਰ’ ਵਿਚ ਇਕ ਪਾਤਰ ਤੋਂ ਪ੍ਰੇਰਿਤ ਹੈ। ਅਮਰੀਕੀ ਸ਼ੋਅ 5 ਜੁਲਾਈ, 2000 ਨੂੰ ਸੀ.ਬੀ.ਐਸ. ’ਤੇ ਸ਼ੁਰੂ ਕੀਤਾ ਗਿਆ ਸੀ। ਭਾਰਤੀ ਟੀ.ਵੀ. ਸ਼ੋਅ ‘ਬਿੱਗ ਬੌਸ’ ਵੀ ਇਸੇ ਸ਼ੋਅ ’ਤੇ ਅਧਾਰਤ ਹੈ।